ਲੁਧਿਆਣਾ: ਪੰਜਾਬ ਵਿੱਚ ਪੌਜ਼ੀਟਿਵ ਪਾਏ ਗਏ ਕੋਟਾ ਦੇ 4 ਵਿਦਿਆਰਥੀਆਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਹਾਲਾਂਕਿ 4 ਮਰੀਜ਼ਾਂ ਦੇ ਪੌਜ਼ੀਟਿਵ ਆਉਣ ਤੋਂ ਬਾਅਦ ਵੀ ਕੋਟਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਮੈਡੀਕਲ ਵਿਭਾਗ ਨੂੰ ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਨ੍ਹਾਂ 4 ਬੱਚਿਆਂ ਵਿੱਚੋਂ 3 ਬੱਚੇ ਕੋਟਾ ਸ਼ਹਿਰ ਦੇ ਕੁਨਹਾਡੀ ਖੇਤਰ ਵਿੱਚ ਰਹਿੰਦੇ ਸਨ ਅਤੇ ਇੱਕ ਬੱਚਾ ਕੋਟਾ ਦੇ ਪੁਰਾਣੇ ਰਾਜੀਵ ਗਾਂਧੀ ਨਗਰ ਦਾ ਵਸਨੀਕ ਹੈ। ਇਹ ਲਕਸ਼ਮਣ ਵਿਹਾਰ, ਹਾਊਸਿੰਗ ਬੋਰਡ ਅਤੇ ਲੈਂਡਮਾਰਕ ਸਿਟੀ ਦੇ ਹੋਸਟਲ ਵਿੱਚ ਰਹਿੰਦੇ ਸਨ।
ਇਨ੍ਹਾਂ ਵਿੱਚੋਂ ਕੁਨਹਾਡੀ ਖੇਤਰ ਵਿੱਚ ਰਹਿੰਦੇ 3 ਬੱਚੇ ਮੈਡੀਕਲ ਦੀ ਤਿਆਰੀ ਲਈ ਕੋਟਾ ਆਏ ਸਨ। ਉੱਥੇ ਹੀ ਪੁਰਾਣੇ ਰਾਜੀਵ ਗਾਂਧੀ ਨਗਰ ਵਿੱਚ ਰਹਿਣ ਵਾਲਾ ਇੱਕ ਵਿਦਿਆਰਥੀ ਇੰਜੀਨੀਅਰਿੰਗ ਪ੍ਰਵੇਸ਼ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਸੀ। ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਲੁਧਿਆਣਾ ਦੇ ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਦੱਸਿਆ ਕਿ ਪੌਜ਼ੀਟਿਵ ਬੱਚਿਆਂ ਵਿੱਚ 3 ਮੁੰਡੇ ਅਤੇ ਇੱਕ ਕੁੜੀ ਸ਼ਾਮਲ ਹੈ। ਜਿੰਨ੍ਹਾਂ ਵਿੱਚੋਂ 3 ਮੁੰਡਿਆਂ ਦੀ ਉਮਰ 20,19 ਅਤੇ 18 ਸਾਲ ਹੈ ਅਤੇ ਕੁੜੀ ਦੀ ਉਮਰ ਵੀ 18 ਸਾਲ ਹੈ।
ਇਹ ਵੀ ਪੜ੍ਹੋ: ਕੋਰੋਨਾ ਨੇ ਜਕੜਿਆ ਪੰਜਾਬ, 391 ਹੋਈ ਮਰੀਜ਼ਾਂ ਦੀ ਗਿਣਤੀ, 19 ਮੌਤਾਂ
ਕੋਟਾ ਚੰਬਲ ਹੋਸਟਲ ਐਸੋਸੀਏਸ਼ਨ ਦੇ ਪ੍ਰਧਾਨ ਸ਼ੁਭਮ ਅਗਰਵਾਲ ਦਾ ਕਹਿਣਾ ਹੈ ਕਿ ਕੁਨਹਾਡੀ ਖੇਤਰ ਦੇ ਤਿੰਨਾਂ ਹੋਸਟਲਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਟਾਫ਼ ਨੂੰ ਇਕਾਂਤਵਾਸ ਵਿੱਚ ਭੇਜ ਦਿੱਤਾ ਗਿਆ ਹੈ। ਪੁਰਾਣੇ ਰਾਜੀਵ ਗਾਂਧੀ ਨਗਰ ਦੇ ਹੋਸਟਲ ਦੇ ਬਾਹਰ ਵੀ ਤਾਲਾ ਲਗਾ ਦਿੱਤਾ ਗਿਆ ਹੈ। ਕੁਨਹਾਡੀ ਖੇਤਰ ਵਿੱਚ ਇੱਕ ਹੋਸਟਲ ਵਿੱਚ ਕੋਈ ਬੱਚਾ ਨਹੀਂ ਹੈ ਜਦੋਂ ਕਿ ਦੂਜੇ 2 ਹੋਸਟਲਾਂ ਵਿੱਚ ਇੱਕ ਦਰਜਨ ਦੇ ਕਰੀਬ ਬੱਚੇ ਹਨ।