ਲੁਧਿਆਣਾ: ਜਗਰਾਉਂ ਵਿਧਾਨ ਸਭਾ ਹਲਕੇ ਵਿੱਚ ਪੈਂਦੇ ਗੁਰਦੁਆਰਾ ਸਾਹਿਬ ਮੈਹਦੇਆਣਾ ਵਿਖੇ ਦੂਰੋਂ-ਦੂਰੋਂ ਸੰਗਤ ਨਤਮਸਤਕ ਹੋਣ ਲਈ ਪਹੁੰਚੀਆਂ ਹਨ। ਸਿੱਖ ਕੌਮ ਦੇ ਦਸਵੇਂ ਗੁਰੂ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਇਸ ਧਰਤੀ ਦਾ ਵਿਲੱਖਣ ਇਤਿਹਾਸ ਹੈ। ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਦਾ ਵਿਛੋੜਾ ਹੋਇਆ ਸੀ, ਤਾਂ ਮਾਛੀਵਾੜੇ ਤੋਂ ਹੁੰਦੇ ਹੋਏ ਗੁਰੂ ਸਾਹਿਬ ਇਸ ਸਥਾਨ ਉੱਤੇ ਪਹੁੰਚੇ ਸੀ। ਇਸ ਗੁਰਦੁਆਰਾ ਸਾਹਿਬ ਵਿਚ ਸਿੱਖ ਇਤਿਹਾਸ ਨੂੰ ਬਹੁਤ ਹੀ ਖੂਬਸੂਰਤੀ ਦੇ ਨਾਲ ਵਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਸਿੱਖ ਯੋਧਿਆਂ ਨੇ ਆਪਣੀ ਕੁਰਬਾਨੀ ਦੇ ਕੇ ਦੇਸ਼ ਅਤੇ ਕੌਮ ਦੀ ਰੱਖਿਆ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ।
ਕੀ ਹੈ ਗੁਰਦੁਆਰਾ ਸਾਹਿਬ ਦਾ ਇਤਿਹਾਸ: ਗੁਰਦੁਆਰਾ ਮੈਹਦੇਆਣਾ ਸਾਹਿਬ ਵਿਖੇ ਢਾਬ ਬਣੀ ਹੈ, ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ਼ਨਾਨ ਕੀਤਾ ਸੀ। ਮੁਗਲ ਰਾਜ ਵੇਲ੍ਹੇ ਗੁਰੂ ਗੋਬਿੰਦ ਸਿੰਘ ਰਾਏਕੋਟ, ਲੰਮੇ ਜੱਟਪੁਰੇ, ਪਿੰਡ ਮਾਣੂਕੇ ਦੀਆਂ ਸੰਗਤਾਂ ਨੂੰ ਨਿਹਾਲ ਕਰਦੇ ਹੋਏ ਮੈਹਦੇਆਣਾ ਪਹੁੰਚੇ ਸਨ, ਤਾਂ ਉਨ੍ਹਾਂ ਨੇ ਇਥੇ ਦਾਤਣ-ਕੁਰਲਾ ਕਰਕੇ ਇਸ਼ਨਾਨ ਕੀਤਾ ਸੀ। ਭਾਈ ਦਿਆ ਸਿੰਘ ਨੇ ਇਸ ਦੌਰਾਨ ਗੁਰੂ ਸਾਹਿਬ ਨੂੰ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਵਿਛੜ ਚੁੱਕਾ ਹੈ। ਇਸ ਦੌਰਾਨ ਗੁਰੂ ਸਾਹਿਬ ਨੇ ਸੀਨੇ ਦੇ ਨਾਲ ਟੇਕ ਲਾ ਕੇ ਕਿਹਾ ਕਿ ਭਾਈ ਦਇਆ ਸਿੰਘ ਮੈਂ ਕਰਜ਼ਾ ਉਤਾਰ ਕੇ ਸੁਰਖ਼ਰੂ ਹੋ ਗਿਆ ਹਾਂ। ਗੁਰੂ ਸਾਹਿਬ ਨੇ ਨਿਮਰਤਾ ਨਾਲ ਕਿਹਾ ਕਿ ਸ਼ੇਰ ਜੰਗਲ ਦੇ ਵਿੱਚ ਬਾਦਸ਼ਾਹ ਹੁੰਦਾ ਹੈ ਅਤੇ ਨਿਰੰਕਾਰ ਉੱਤੇ ਭਰੋਸਾ ਰੱਖਣ ਲਈ ਕਿਹਾ।
ਜ਼ਫਰਨਾਮਾ ਲਿੱਖਣ ਦਾ ਬਣਾਇਆ ਸੀ ਮਨ: ਗੁਰੂ ਗੋਬਿੰਦ ਸਿੰਘ ਜੀ ਨੇ ਇਸ ਥਾਂ ਤੋਂ ਹੀ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਣ ਦਾ ਮਨ ਬਣਾ ਲਿਆ ਸੀ। ਇਸ ਇਲਾਕੇ ਵਿੱਚ ਰਹਿਣ ਲਈ ਕੋਈ ਥਾਂ ਨਹੀਂ ਸੀ। ਜਿਸ ਤੋਂ ਬਾਅਦ ਸੰਗਤ ਦੇ ਫੈਸਲੇ ਨਾਲ ਗੁਰੂ ਸਾਹਿਬ ਨੇ ਪਿੰਡ ਚਕਰ ਵਿੱਚ ਬਿਰਾਜਮਾਨ ਹੋਏ। ਅਗਲੇ ਦਿਨ ਪਿੰਡ ਤਖਤੂਪੁਰਾ ਤੋਂ ਹੁੰਦੇ ਹੋਏ ਪਿੰਡ ਦੀਨਾ ਸਾਹਿਬ ਲਖਮੀਰ ਅਤੇ ਸ਼ਮੀਰ ਕੋਲ ਰਹਿਣ ਦਾ ਮਨ ਬਣਾਇਆ। ਚਿੱਠੀ ਜ਼ਫ਼ਰਨਾਮਾ ਲਿਖ ਕੇ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਰਾਹੀ ਔਰੰਗਜ਼ੇਬ ਤੱਕ ਇਹ ਜ਼ਫ਼ਰਨਾਮਾ ਪਹੁੰਚਾਇਆ ਗਿਆ। ਇਸ ਅਸਥਾਨ ਨੂੰ ਗੁਰੂ ਜੀ ਦੀ ਬਖਸ਼ਿਸ਼ ਹੈ ਅਤੇ ਮੰਨਿਆ ਜਾਂਦਾ ਹੈ ਕਿ ਜੋ ਵੀ ਇੱਥੇ ਅਰਦਾਸ ਕਰਦਾ ਹੈ, ਉਸ ਦੀ ਅਰਦਾਸ ਕਬੂਲ ਹੁੰਦੀ ਹੈ।
ਸਿੱਖ ਇਤਿਹਾਸ: ਗੁਰਦੁਆਰਾ ਮੈਹਦੇਆਣਾ ਸਾਹਿਬ ਨੂੰ ਅਜੋਕੇ ਸਮੇਂ ਵਿੱਚ ਖੂਬਸੂਰਤੀ ਨਾਲ ਬਣਾਇਆ ਗਿਆ ਹੈ ਅਤੇ ਇੱਥੇ ਸਿੱਖ ਇਤਿਹਾਸ ਨਾਲ ਸਬੰਧਤ ਸਾਰੇ ਹੀ ਬਿਰਤਾਂਤ ਨੂੰ ਬਹੁਤ ਖੂਬਸੂਰਤੀ ਦੇ ਨਾਲ ਵਿਖਾਇਆ ਗਿਆ ਹੈ। ਅਰਦਾਸ ਦੇ ਵਿਚ ਜਿਸ ਤਰ੍ਹਾਂ ਗੁਰੂ ਦੇ ਸਿੰਘਾਂ ਤੇ ਮੁਗਲ ਸਲਤਨਤ ਵੱਲੋਂ ਜ਼ੁਲਮ ਕੀਤੇ ਗਏ ਜਿਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਚੱਪੜਚਿੜੀ ਦੇ ਮੈਦਾਨ ਵਿੱਚ ਸੂਬਾ ਸਰਹਿੰਦ ਨੂੰ ਮਾਤ ਦੇ ਕੇ ਸਿੱਖ ਰਾਜ ਦੀ ਸਥਾਪਨਾ ਕੀਤੀ। ਉਸ ਵਾਕਿਆਂ ਨੂੰ ਵੀ ਇੱਥੇ ਦਰਸਾਇਆ ਗਿਆ ਹੈ। ਸਿੱਖ ਕੌਮ ਦੇ ਜਰਨੈਲਾਂ ਬਾਰੇ ਅਤੇ ਸਿੱਖ ਕੌਮ ਦੇ ਯੋਧਿਆਂ ਉੱਤੇ ਕੀਤੇ ਗਏ ਜੁਲਮਾਂ ਬਾਰੇ, ਲੋਕ ਆਪਣੇ ਬੱਚਿਆਂ ਨੂੰ ਦੱਸਣ ਲਈ ਇਸ ਗੁਰਦੁਆਰਾ ਸਾਹਿਬ ਵਿੱਚ ਵਿਸ਼ੇਸ਼ ਤੌਰ 'ਤੇ ਲੈ ਕੇ ਆਉਂਦੇ ਹਨ। ਇਸ ਨੂੰ ਸੰਗਤ ਵੇਖ ਕੇ ਨਿਹਾਲ ਹੁੰਦੀ ਹੈ ਅਤੇ ਇਤਿਹਾਸ ਤੋਂ ਜਾਣੂ ਹੁੰਦੀ ਹੈ।
ਇਹ ਵੀ ਪੜ੍ਹੋ: CM Mann Big Decision: ਫ਼ਸਲਾਂ ਦੇ ਨੁਕਸਾਨ 'ਤੇ ਸੀਐਮ ਮਾਨ ਦਾ ਵੱਡਾ ਐਲਾਨ, ਮੁਆਵਜ਼ਾ ਰਾਸ਼ੀ ਵਿੱਚ ਕੀਤਾ ਵਾਧਾ