ਲੁਧਿਆਣਾ: ਕਿਸਾਨ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੂਬੇ ਦੇ 14 ਜ਼ਿਲ੍ਹਿਆਂ ਦੇ ਡੀਸੀ ਦਫ਼ਤਰਾਂ ਦੇ ਬਾਹਰ ਮੁਜ਼ਾਹਰੇ ਦਿੱਤੇ ਗਏ। ਇਸ ਦੇ ਨਾਲ ਹੀ ਬਠਿੰਡਾ ਦੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਵੀ ਧਰਨਾ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਕਿਸਾਨ ਦਿਨ-ਰਾਤ ਡੀਸੀ ਦਫ਼ਤਰ ਅੱਗੇ ਹੀ ਡਟੇ ਹੋਏ ਹਨ ਤੇ ਉਨ੍ਹਾਂ ਵੱਲੋਂ ਆਪਣਾ ਲੰਗਰ ਤੇ ਚਾਹ ਵੀ ਡੀਸੀ ਦਫ਼ਤਰ ਦੇ ਬਾਹਰ ਹੀ ਤਿਆਰ ਕੀਤਾ ਗਿਆ ਤੇ ਉਹ ਰਾਤ ਵੀ ਡੀਸੀ ਦਫ਼ਤਰ ਦੇ ਬਾਹਰ ਹੀ ਧਰਤੀ ਤੇ ਬਿਨਾਂ ਪੱਖਿਆਂ ਤੇ ਲਾਈਟਾਂ ਤੋਂ ਕੱਟਦੇ ਹਨ।
ਇਹ ਵੀ ਪੜ੍ਹੋ: SAARC: ਪਾਕਿ ਵਿਦੇਸ਼ ਮੰਤਰੀ ਨੇ ਜੈਸ਼ੰਕਰ ਦੇ ਸੰਬੋਧਨ ਦਾ ਕੀਤਾ ਬਾਈਕਾਟ
ਲੁਧਿਆਣਾ ਤੋਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਕੱਲ੍ਹ ਤੱਕ ਉਨ੍ਹਾਂ ਦੇ ਇਹ ਧਰਨੇ ਜਾਰੀ ਰਹਿਣਗੇ ਤੇ ਉਹ ਡੀਸੀ ਦਫ਼ਤਰ ਦੇ ਬਾਹਰ ਹੀ ਰਾਤ ਕੱਟਣਗੇ। ਕਿਸਾਨ ਕਰਜ਼ਾ ਮੁਆਫ਼ੀ ਅਵਾਰਾ ਪਸ਼ੂ ਅਤੇ ਛੋਟੇ ਕਿਸਾਨਾਂ ਨੂੰ ਮੁਫ਼ਤ ਪਾਣੀ ਤੇ ਲੋਨ ਮੁਹੱਈਆ ਕਰਵਾਉਣ ਦੀ ਮੰਗ ਨੂੰ ਲੈ ਕੇ ਉਨ੍ਹਾਂ ਵੱਲੋਂ ਇਹ ਮੁਜ਼ਾਹਰੇ ਦਿੱਤੇ ਗਏ ਹਨ।
ਉਨ੍ਹਾਂ ਕਿਹਾ ਕਿ ਹਾਲੇ ਤੱਕ ਕੋਈ ਵੀ ਪ੍ਰਸ਼ਾਸਨ ਦਾ ਵਿਅਕਤੀ ਉਨ੍ਹਾਂ ਦੀ ਸਾਰ ਲੈਣ ਲਈ ਨਹੀਂ ਪਹੁੰਚਿਆ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਗੌਰ ਨਾ ਫ਼ਰਮਾਈ ਗਈ ਤਾਂ ਉਹ ਆਉਂਦੇ ਦਿਨਾਂ ਚ ਸੰਘਰਸ਼ ਹੋਰ ਤਿੱਖਾ ਕਰਨਗੇ। ਸੋ ਲਗਾਤਾਰ ਖ਼ੁਦਕੁਸ਼ੀਆਂ ਦੇ ਰਾਹ ਪਿਆ ਕਿਸਾਨ ਹੁਣ ਪੰਜਾਬ ਦੇ ਡੀਸੀ ਦਫ਼ਤਰਾਂ ਦਾ ਆਪਣੀਆਂ ਮੰਗਾਂ ਨੂੰ ਲੈ ਕੇ ਘਿਰਾਓ ਕਰਨ ਲੱਗਾ। ਪ੍ਰਸ਼ਾਸਨ ਉਨ੍ਹਾਂ ਵੱਲ ਧਿਆਨ ਨਹੀਂ ਦੇ ਰਿਹਾ ਤੇ ਕਿਸਾਨ ਗਰਮੀ ਦੇ ਮੌਸਮ 'ਚ ਵੀ ਧਰਤੀ ਹੇਠਾਂ ਮੱਛਰਾਂ 'ਚ ਬਿਨਾਂ ਪੱਖੇ ਤੋਂ ਸੌਣ ਲਈ ਮਜਬੂਰ ਹੋ ਰਹੇ ਹਨ।