ਖੰਨਾ: ਡੀਜੀਪੀ ਪੰਜਾਬ ਗੌਰਵ ਯਾਦਵ ਦੀਆਂ ਹਦਾਇਤਾਂ 'ਤੇ ਪੁਲਿਸ ਜ਼ਿਲ੍ਹਾ ਖੰਨਾ ਦੀ ਐਸ.ਐਸ.ਪੀ ਅਮਨੀਤ ਕੌਂਡਲ ਦੀ ਅਗਵਾਈ 'ਚ ਸਰਚ ਅਪਰੇਸ਼ਨ ਤਹਿਤ ਵੱਡੀ ਸਫਲਤਾ ਮਿਲੀ। ਪੰਜਾਬ ਪੁਲਿਸ ਦੇ ਕਾਰਡਨ ਐਂਡ ਸਰਚ ਆਪ੍ਰੇਸ਼ਨ (CASO) ਤਹਿਤ ਐਸ.ਐਸ.ਪੀ ਅਮਨੀਤ ਕੌਂਡਲ ਦੀ ਨਿਗਰਾਨੀ ਹੇਠ ਸ਼ੱਕੀ ਥਾਵਾਂ 'ਤੇ ਕਈ ਘੰਟੇ ਤਲਾਸ਼ੀ ਲਈ ਗਈ। ਜ਼ਿਲ੍ਹੇ ਭਰ ਵਿੱਚ 184 ਸ਼ੱਕੀ ਵਿਅਕਤੀਆਂ ਸਮੇਤ 100 ਦੇ ਕਰੀਬ ਘਰਾਂ ਅਤੇ 77 ਵਾਹਨਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਜਿੱਥੇ ਪੁਲਿਸ ਦੇ ਹੱਥ ਨਸ਼ੀਲੇ ਪਦਾਰਥ ਲੱਗੇ, ਉੱਥੇ ਹੀ ਨਜਾਇਜ਼ ਹਥਿਆਰ ਵੀ ਬਰਾਮਦ ਹੋਏ। ਇਸ ਕਾਰਵਾਈ ਤਹਿਤ ਵੱਖ-ਵੱਖ ਧਾਰਾਵਾਂ ਤਹਿਤ 7 ਮੁਕੱਦਮੇ ਦਰਜ ਕਰਕੇ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਹਥਿਆਰ ਤੇ ਨਸ਼ੀਲੇ ਪਦਾਰਥ ਬਰਾਮਦ: ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ 65 ਗ੍ਰਾਮ ਹੈਰੋਇਨ, 1 ਰਿਵਾਲਵਰ, 3 ਕਾਰਤੂਸ, 3 ਖਾਲੀ ਖੋਲ੍ਹ, 17 ਗ੍ਰਾਮ ਕੈਮੀਕਲ ਪਾਊਡਰ ਬਰਾਮਦ ਕੀਤਾ। ਇਹ ਕਾਰਵਾਈ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ। ਇਸ ਤਹਿਤ ਉਨ੍ਹਾਂ ਥਾਵਾਂ 'ਤੇ ਫੋਕਸ ਕੀਤਾ ਗਿਆ, ਜਿੱਥੇ ਪਹਿਲਾਂ ਹੀ ਲੋਕਾਂ 'ਤੇ ਨਸ਼ਾ ਤਸਕਰੀ ਜਾਂ ਹੋਰ ਅਪਰਾਧਿਕ ਮਾਮਲੇ ਦਰਜ ਹਨ।
ਇਸ ਦੌਰਾਨ ਹੀ ਐਸ.ਐਸ.ਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਮਾਛੀਵਾੜਾ ਸਾਹਿਬ ਵਿਖੇ ਮਨਪ੍ਰੀਤ ਸਿੰਘ ਤੇ ਸਰਬਜੀਤ ਸਿੰਘ ਨੂੰ 5 ਗ੍ਰਾਮ ਹੈਰੋਇਨ ਤੇ 17 ਗ੍ਰਾਮ ਕੈਮੀਕਲ ਪਾਊਡਰ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਮਨਜੋਤ ਸਿੰਘ ਨੂੰ 5 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਸੁਖਵਿੰਦਰ ਸਿੰਘ ਨੂੰ ਨਜਾਇਜ਼ ਰਿਵਾਲਵਰ, 3 ਜਿੰਦਾ ਕਾਰਤੂਸ ਤੇ 3 ਖਾਲੀ ਖੋਲ੍ਹ ਸਮੇਤ ਫੜਿਆ ਗਿਆ।
ਉਹਨਾਂ ਕਿਹਾ ਕਿ ਸਮਰਾਲਾ 'ਚ ਸਿਮਰਨਪ੍ਰੀਤ ਕੌਰ ਨੂੰ 20 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਉਸਦਾ ਸਾਥੀ ਅਮਨਦੀਪ ਸਿੰਘ ਫਰਾਰ ਹੈ। ਸਮਰਾਲਾ ਵਿੱਚ ਹੀ ਵਿਕਰਮ ਕੁਮਾਰ ਅਤੇ ਜਸਕੀਰਤ ਕੌਰ ਨੂੰ 20 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਧੀਰਜ ਕੁਮਾਰ ਤੇ ਅਤੁਲ ਕੁਮਾਰ ਨੂੰ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਹਰੀਸ਼ ਕੁਮਾਰ ਵਾਸੀ ਡੱਬੀ ਬਾਜ਼ਾਰ ਸਮਰਾਲਾ ਨੂੰ 5 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਇਹਨਾਂ ਮੁਲਜ਼ਮਾਂ ਨੂੰ ਕੋਲੋਂ ਪੁਲਿਸ ਨੂੰ ਅਹਿਮ ਸੁਰਾਗ ਮਿਲੇ ਹਨ, ਜਿਹਨਾਂ ਦੇ ਆਧਾਰ 'ਤੇ ਪੁਲਿਸ ਵੱਡੇ ਨਸ਼ਾ ਤਸਕਰਾਂ ਦੀ ਭਾਲ ਕਰ ਰਹੀ ਹੈ। ਇਸਦੇ ਨਾਲ ਹੀ ਕੁੱਝ ਮੈਡੀਕਲ ਸਟੋਰ ਵਾਲਿਆਂ ਦੀ ਭਾਲ ਵੀ ਕੀਤੀ ਜਾ ਰਹੀ ਹੈ, ਜੋ ਨਸ਼ਾ ਵੇਚਣ ਦਾ ਕੰਮ ਕਰਦੇ ਹਨ। ਛੇਤੀ ਹੀ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।