ਖੰਨਾ : ਆਜ਼ਾਦੀ ਦਿਹਾੜੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸਾਲ ਅੰਦਰ ਸੂਬੇ ਵਿੱਚ ਨਸ਼ਿਆਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾ ਕੇ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਦਾ ਪ੍ਰਣ ਲਿਆ ਹੈ ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਵੀ ਨਸ਼ਿਆਂ ਵਿਰੁੱਧ ਜ਼ੀਰੋ ਟੋਲਰੈਂਸ ਦੀ ਨੀਤੀ ਨੂੰ ਜ਼ਮੀਨੀ ਪੱਧਰ 'ਤੇ ਸਖ਼ਤੀ ਨਾਲ ਲਾਗੂ ਕਰਦੇ ਹੋਏ ਨਸ਼ਿਆਂ 'ਤੇ ਸਖ਼ਤ ਕਾਰਵਾਈ ਤੇਜ਼ ਕਰ ਦਿੱਤੀ ਹੈ। ਨਸ਼ਿਆਂ ਵਿਰੁੱਧ ਪੁਲਿਸ ਦੀ ਇਸ ਸਖ਼ਤੀ ਦਾ ਸਬੂਤ ਖੰਨਾ 'ਚ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਨੌਜਵਾਨਾਂ ਦੀ ਟੀਕਾ ਲਗਾਉਣ ਦੀ ਵੀਡੀਓ ਵਾਇਰਲ ਹੋਣ ਉਪਰੰਤ ਐਸਐਸਪੀ ਅਮਨੀਤ ਕੌਂਡਲ ਨੇ ਸਖ਼ਤ ਐਕਸ਼ਨ ਲਿਆ। ਐਸਐਸਪੀ ਕੌਂਡਲ ਨੇ ਸਬ ਡਵੀਜ਼ਨ ਖੰਨਾ ਦੇ ਡੀਐਸਪੀ ਰਾਜੇਸ਼ ਸ਼ਰਮਾ ਨੂੰ ਇਸ ਵੀਡੀਓ ਵਿੱਚ ਦਿਖਾਈ ਦੇਣ ਵਾਲੇ ਨੌਜਵਾਨਾਂ ਨੂੰ ਤੁਰੰਤ ਲੱਭ ਕੇ ਫੜ੍ਹਨ ਦੇ ਨਿਰਦੇਸ਼ ਦਿੱਤੇ। ਇਸ ਤੋਂ ਬਾਅਦ ਡੀਐਸਪੀ ਖੰਨਾ ਨੇ ਸਪੈਸ਼ਲ ਬ੍ਰਾਂਚ ਦੀ ਮਦਦ ਨਾਲ ਇੱਕ ਘੰਟੇ ਦੇ ਅੰਦਰ ਵੀਡੀਓ ਵਾਲੀ ਥਾਂ ਦਾ ਮੁਆਇਨਾ ਕਰਨ ਤੋਂ ਬਾਅਦ, ਇਨ੍ਹਾਂ ਨੌਜਵਾਨਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਵੀਡੀਓ ਪੁਲਿਸ ਨੂੰ ਮਿਲੀ, ਤਾਂ ਇਸ 'ਤੇ ਤੁਰੰਤ ਕਾਰਵਾਈ : ਡੀਐਸਪੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਐਸਐਸਪੀ ਅਮਨੀਤ ਕੌਂਡਲ ਦੇ ਦਿਸ਼ਾ ਨਿਰਦੇਸ਼ਾਂ ’ਤੇ ਨਸ਼ਿਆਂ ਖ਼ਿਲਾਫ਼ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਜਿਵੇਂ ਹੀ ਨੌਜਵਾਨਾਂ ਦੀ ਟੀਕਾ ਲਾਉਣ ਦੀ ਵੀਡੀਓ ਪੁਲਿਸ ਨੂੰ ਮਿਲੀ, ਤਾਂ ਇਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਵੀਡੀਓ ਨੂੰ ਵੈਰੀਫਾਈ ਕੀਤਾ ਗਿਆ। ਜਾਂਚ ਦੌਰਾਨ ਪਤਾ ਚੱਲਿਆ ਕਿ ਇਹ ਵੀਡੀਓ ਸਿਵਲ ਹਸਪਤਾਲ, ਖੰਨਾ ਦੀ ਪੁਰਾਣੀ ਇਮਾਰਤ ਦੀ ਹੈ। ਇਸ ਵੀਡੀਓ ਵਿੱਚ ਇੱਕ ਨੌਜਵਾਨ, ਦੂਜੇ ਨੌਜਵਾਨ ਦੀ ਲੱਤ ਵਿੱਚ ਇੰਜੈਕਸ਼ਨ ਲਗਾਉਂਦਾ ਦਿਖਾਈ ਦਿੱਤਾ। ਉਨ੍ਹਾਂ ਦੱਸਿਆ ਕਿ ਸਪੈਸ਼ਲ ਬ੍ਰਾਂਚ ਰਾਹੀ ਜਾਂਚ ਕਰਕੇ ਥਾਣ ਸਿਟੀ-2, ਖੰਨਾ ਵਿੱਚ ਮੁੱਕਦਮਾ ਨੰਬਰ 140 ਦਰਜ ਕਰ ਲਿਆ ਹੈ।
ਡੀਐਸਪੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਇਸ ਵਿੱਚ ਦੋ ਵਿਅਕਤੀ ਸ਼ਮਸ਼ਾਮ ਬਾਬੂ ਅਤੇ ਹਰਵਿੰਦਰ ਗੋਲਡੀ ਨੂੰ ਫੜ੍ਹ ਲਿਆ ਹੈ। ਇਨ੍ਹਾਂ ਕੋਲੋਂ ਇੰਜੈਕਸ਼ਨ ਅਥੇ ਸਰਿੰਜਾਂ ਵੀ ਬਰਾਮਦ ਹੋਈਆਂ ਹਨ ਅਤੇ ਮਾਮਲਾ ਦਰਜ ਕਰ ਲਿਆ ਹੈ। ਹੁਣ ਇਸ ਮਾਮਲੇ ਦੀ ਅਗਲੇਰੀ ਜਾਂਚ ਅਮਲ ਵਿੱਚ ਲਿਆਂਦੀ ਜਾਵੇਗੀ।
- Kapurthala flood: ਮੰਡ ਖੇਤਰ 'ਚ ਮੁੜ ਹੜ੍ਹ ਨੇ ਮਚਾਈ ਤਬਾਹੀ, ਕਿਸਾਨਾਂ ਨੇ ਮਦਦ ਦੀ ਕੀਤੀ ਅਪੀਲ
- ਲੁਧਿਆਣਾ 'ਚ ਨੌਜਵਾਨ 'ਤੇ ਬਦਮਾਸ਼ਾਂ ਵੱਲੋਂ ਹਮਲਾ, ਨੌਜਵਾਨ ਨੂੰ ਅਗਵਾ ਕਰਨ ਦੀ ਵੀ ਕੋਸ਼ਿਸ਼, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
- Gold Silver Rate: ਸੋਨੇ ਦਾ ਭਾਅ ਡਿੱਗਿਆ ਤਾਂ ਚਾਂਦੀ ਹੋਈ ਮਹਿੰਗੀ, ਸਟਾਕ ਮਾਰਕੀਟ ਵਿੱਚ ਰਿਹਾ ਉਤਾਰ-ਚੜ੍ਹਾਅ
ਬਖਸ਼ੇ ਨਹੀਂ ਜਾਣਗੇ ਨਸ਼ੇ ਦੇ ਸੌਦਾਗਰ : ਡੀਐਸਪੀ ਨੇ ਕਿਹਾ ਕਿ ਦੋਵਾਂ ਨੌਜਵਾਨਾਂ ਤੋਂ ਪੁੱਛਗਿੱਛ ਕਰਕੇ ਇਹ ਪਤਾ ਲਾਇਆ ਜਾਵੇਗਾ ਕਿ ਉਹ ਨਸ਼ਾ ਕਿੱਥੋਂ ਲਿਆਉਂਦੇ ਸਨ ਅਤੇ ਕਿੱਥੇ ਵੇਚਦੇ ਸਨ। ਇਨ੍ਹਾਂ ਸਾਰੇ ਤੱਥਾਂ ਨੂੰ ਇਕੱਠਾ ਕਰਨ ਤੋਂ ਬਾਅਦ ਇਨ੍ਹਾਂ ਦੇ ਜਿਹੜੇ ਹੋਰ ਮੁਲਜ਼ਮਾਂ ਦੇ ਨਾਮ ਸਾਹਮਣੇ ਆਉਣਗੇ, ਉਨ੍ਹਾਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਹੋਵੇਗੀ। ਡੀਐਸਪੀ ਸ਼ਰਮਾ ਨੇ ਕਿਹਾ ਕਿ ਨਸ਼ਿਆਂ ਨੂੰ ਵਧਾਵਾ ਦੇਣ ਅਤੇ ਤਸਕਰੀ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਦੂਜੇ ਪਾਸੇ ਐੱਸਐੱਮਓ ਡਾ: ਮਨਿੰਦਰ ਸਿੰਘ ਭਸੀਨ ਨੇ ਸਿਵਲ ਹਸਪਤਾਲ ਦੀ ਵਾਇਰਲ ਹੋਈ ਵੀਡੀਓ 'ਤੇ ਤੁਰੰਤ ਕਾਰਵਾਈ ਕਰਨ ਲਈ ਖੰਨਾ ਦੇ ਐੱਸਐੱਸਪੀ ਅਮਨੀਤ ਕੌਂਡਲ ਦੀ ਸ਼ਲਾਘਾ ਕੀਤੀ। ਐਸਐਮਓ ਡਾ. ਭਸੀਨ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਵਿੱਚ ਪੁਲਿਸ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਮੁੱਖ ਮੰਤਰੀ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।