ਲੁਧਿਆਣਾ: ਕਿਸਾਨ ਅੰਦੋਲਨ ਦੇ ਵਿਚ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਵਾਲੀ ਜਸਲੀਨ ਪਟਿਆਲਾ (Jasleen Patiala) ਵੱਲੋਂ ਅੱਜ ਲੁਧਿਆਣਾ (Ludhiana) ਅੰਦਰ ਨਵੀਂ ਪਾਰਟੀ ਦਾ ਐਲਾਨ ਕੀਤਾ ਗਿਆ। ਉਨ੍ਹਾਂ ਆਪਣੀ ਪਾਰਟੀ ਦਾ ਨਾਂ 'ਇਨਸਾਨੀਅਤ ਲੋਕ ਵਿਕਾਸ ਪਾਰਟੀ' ਰੱਖਿਆ ਗਿਆ ਹੈ।
ਜਸਲੀਨ ਪਟਿਆਲਾ ਵੱਲੋਂ ਸ਼ਹੀਦਾਂ ਦੇ ਬੁੱਤਾਂ ਅੱਗੇ ਨਤਮਸਤਕ ਹੋਣ ਤੋਂ ਬਾਅਦ ਆਉਣ ਵਾਲੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ (Assembly elections) 'ਚ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਉਹ ਪਟਿਆਲਾ ਤੋਂ ਹੀ ਚੋਣ ਲੜੇਗੀ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਮੈਦਾਨ ਵਿਚ ਉਤਰੇਗੀ।
ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਸਭ ਤੋਂ ਪਹਿਲਾਂ ਕਿਸਾਨਾਂ ਦੇ ਹੱਕ ਦੇ ਵਿੱਚ ਉਨ੍ਹਾਂ ਦੀ ਆਵਾਜ਼ ਬੁਲੰਦ ਕਰਨਾ ਅਤੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਸੰਘਰਸ਼ ਕਰਨਾ ਹੋਵੇਗਾ। ਉਨ੍ਹਾਂ ਕਿਹਾ ਹਾਲਾਂਕਿ ਉਹ ਸਾਰੀਆਂ ਸੀਟਾਂ ਤੇ ਚੋਣਾਂ ਨਹੀਂ ਲੜ ਪਾਉਣਗੇ, ਪਰ ਵੱਧ ਤੋਂ ਵੱਧ ਸੀਟਾਂ ਉਤੇ ਉਹ ਆਪਣੇ ਉਮੀਦਵਾਰ ਖੜੇ ਕਰਨ ਦੀ ਕੋਸ਼ਿਸ਼ ਕਰਨਗੇ।
ਜਸਲੀਨ ਪਟਿਆਲਾ ਨੇ ਇਹ ਵੀ ਕਿਹਾ ਕਿ ਅੱਜ ਸਾਰੀਆਂ ਹੀ ਪਾਰਟੀਆਂ ਭ੍ਰਿਸ਼ਟਾਚਾਰ ਨਾਲ ਭਰੀਆਂ ਪਈਆਂ ਹਨ। ਅੱਜ ਲੋੜ ਹੈ ਕਿਸੇ ਅਜਿਹੀ ਪਾਰਟੀ ਦੀ ਜੋ ਆਮ ਲੋਕਾਂ ਦੀ ਗੱਲ ਕਰੇ, ਕਿਸਾਨਾਂ ਦੇ ਨਾਲ ਖੜ੍ਹੇ।
ਉਨ੍ਹਾਂ ਕਿਹਾ ਕਿ ਉਹ ਪਹਿਲੇ ਦਿਨ ਤੋਂ ਕਿਸਾਨਾਂ ਦੇ ਨਾਲ ਖੜ੍ਹਦੀ ਆਈ ਹੈ ਅਤੇ ਹੁਣ ਵੀ ਇਸ ਪਾਰਟੀ ਦਾ ਗਠਨ ਸਿਰਫ਼ ਕਿਸਾਨਾਂ ਲਈ ਹੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਸਾਰੇ ਸ਼ਹੀਦਾਂ ਨੂੰ ਯਾਦ ਤਾਂ ਕਰਦੇ ਨੇ ਪਰ ਉਨ੍ਹਾਂ ਦੀ ਸੋਚ ਤੇ ਪਹਿਰਾ ਨਹੀਂ ਦਿੱਤਾ ਜਾਂਦਾ।
ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਚੋਣ ਲੜਨ ਦਾ ਮਕਸਦ ਜਿੱਤ ਪ੍ਰਾਪਤ ਕਰਨਾ ਨਹੀਂ ਹੈ। ਸਗੋਂ ਇਸਦਾ ਮੁੱਖ ਮਕਸਦ ਆਪਣੀ ਹੋਂਦ ਨੂੰ ਜਤਾਉਣਾ ਹੈ।
ਇਹ ਵੀ ਪੜ੍ਹੋ:- ਕੌਣ ਹੈ ਬਸਤਰ ਦੀ ਆਈਰਨ ਲੇਡੀ ਜਿਨ੍ਹਾਂ ਨੇ ਔਰਤਾਂ ਨੂੰ ਮਹਾਵਾਰੀ ਤੋਂ ਬਚਾਉਣ ਲਈ ਚਲਾਈ ਮੁਹਿੰਮ ?