ਲੁਧਿਆਣਾ: ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਜਨਤਾ ਕਰਫਿਊ ਦਾ ਐਲਾਨ ਕੀਤਾ ਗਿਆ ਜਿਸ ਦਾ ਦੇਸ਼ ਵਾਸੀ ਸਮਰਥਨ ਕਰਦੇ ਨਜ਼ਰ ਆ ਰਹੇ ਹਨ। ਪਰ ਲੁਧਿਆਣਾ ਦੀ ਗੱਲ ਕਰੀਏ ਤਾਂ ਜਿੱਥੇ ਲੋਕਾਂ ਨੇ ਕਰਫਿਊ ਦਾ ਸਮਰਥਨ ਕੀਤਾ ਉੱਥੇ ਹੀ ਦੂਜੇ ਪਾਸੇ ਲੁਧਿਆਣਾ ਰੇਲਵੇ ਸਟੇਸ਼ਨ ਤੇ ਅੱਧ ਦਰਜਨ ਗੱਡੀਆਂ ਸਟੇਸ਼ਨ 'ਤੇ ਆਈਆਂ ਅਤੇ ਉਸ ਤੋਂ ਯਾਤਰੀ ਵੀ ਉੱਤਰੇ।
ਪੁਲਿਸ ਦੀ ਮੁਸਤੈਦੀ ਤੋਂ ਬਾਅਦ ਵੀ ਰੇਲਵੇ ਸਟੇਸ਼ਨ ਤੇ ਯਾਤਰੀਆਂ ਦਾ ਆਉਣਾ ਜਾਣਾ ਜਾਰੀ ਹੈ ਜਿਸ ਕਾਰਨ ਕਈ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਮੌਕੇ 'ਤੇ ਮੌਜੂਦ ਪੁਲਿਸ ਅਧਿਕਾਰੀ ਜਸਕਰਨ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਲੰਮੇ ਰੂਟਾਂ ਦੀਆਂ ਗੱਡੀਆਂ ਹਨ ਅਤੇ ਜੋ ਸਵਾਰੀਆਂ ਇਨ੍ਹਾਂ ਟਰੇਨਾਂ ਰਾਹੀਂ ਲੁਧਿਆਣਾ ਸਟੇਸ਼ਨ 'ਤੇ ਉੱਤਰੀਆਂ ਹਨ ਉਨ੍ਹਾਂ ਨੂੰ ਜਾਂ ਤਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਲੈ ਕੇ ਜਾ ਰਹੇ ਹਨ ਅਤੇ ਕੁੱਝ ਕੁ ਲੋਕਾਂ ਨੂੰ ਬਾਹਰ ਬੈਠ ਕੇ ਉਡੀਕ ਕਰਨ ਲਈ ਕਿਹਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਰੇ ਯਾਤਰੀਆਂ ਅਤੇ ਸ਼ਹਿਰ ਵਾਸੀਆਂ ਨੂੰ ਘਰ ਰਹਿਣ ਦੀ ਅਪੀਲ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਕੋਵਿਡ-19 ਪੀੜਤਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਇਸ ਨੂੰ ਫੈਲਣ ਤੋਂ ਰੋਕਣ ਲਈ ਜਿੱਥੇ ਸੂਬਾ ਸਰਾਕਾਰ ਨੇ ਕਈ ਕਦਮ ਚੁੱਕੇ ਹਨ, ਉੱਥੇ ਹੀ ਪ੍ਰਧਾਨ ਮੋਦੀ ਨੇ ਇੱਕ ਰੋਜ਼ਾ ਜਨਤਾ ਕਰਫਿਊ ਦਾ ਐਲਾਨ ਕੀਤਾ। ਵਧੇਰੇ ਜਨਤਾ ਇਸ ਕਰਫਿਊ ਕਰਦੀ ਨਜ਼ਰ ਆ ਰਹੀ ਹੈ ਜੋ ਕਿ ਸ਼ਲਾਘਾਯੋਗ ਹੈ। ਲੋੜ ਹੈ ਲੋਕਾਂ ਨੂੰ ਸਮਝਣ ਦੀ ਅਤੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਤਾਂ ਜੋ ਕੋਵਿਡ-19 ਨੂੰ ਫੈਲਣ ਤੋਂ ਰੋਕਿਆ ਜਾ ਸਕੇ।