ਲੁਧਿਆਣਾ: ਦੇਸ਼ ਭਰ ਦੇ ਵਿੱਚ ਜਿੱਥੇ ਕੋਰੋਨਾ ਵਾਇਰਸ ਦੇ ਚੱਲਦਿਆਂ 21 ਦਿਨ ਦਾ ਲੌਕ ਡਾਉਨ ਕੀਤਾ ਗਿਆ ਹੈ। ਉੱਥੇ ਹੀ ਪੰਜਾਬ ਦੇ ਵਿੱਚ ਕਰਫਿਊ ਲਾਇਆ ਗਿਆ, ਜਿਸ ਕਾਰਨ ਗਰੀਬ ਲੋਕ ਹੁਣ ਖਾਣੇ ਦੇ ਵੀ ਮੁਹਤਾਜ ਹੋ ਗਏ ਹਨ। ਉਨ੍ਹਾਂ ਤੱਕ ਖਾਣਾ ਪਹੁੰਚਾਉਣਾ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਬਣ ਗਿਆ ਹੈ, ਜਿਸ ਕਾਰਨ ਕਈ ਸਮਾਜ ਸੇਵੀ ਸੰਸਥਾਵਾਂ ਅੱਗੇ ਆ ਕੇ ਹੁਣ ਪ੍ਰਸ਼ਾਸਨ ਦਾ ਸਾਥ ਦੇ ਰਹੀਆਂ ਹਨ ਅਤੇ ਗਰੀਬ ਲੋਕਾਂ ਤੱਕ ਖਾਣਾ ਪਹੁੰਚਾ ਰਹੇ ਹਨ।
ਲੁਧਿਆਣਾ ਦੀ ਜਗਨਨਾਥ ਫੂਡ ਫਾਰ ਲਾਈਫ ਨੇ ਐਤਵਾਰ ਨੂੰ 10 ਹਜ਼ਾਰ ਲੋਕਾਂ ਲਈ ਖਾਣਾ ਤਿਆਰ ਕੀਤਾ ਹੈ। ਜੋ ਪੁਲਿਸ ਅਤੇ ਹੋਰਨਾਂ ਸੰਸਥਾਵਾਂ ਦੀ ਮਦਦ ਨਾਲ ਗ਼ਰੀਬ ਲੋਕਾਂ ਤੱਕ ਪਹੁੰਚਾਉਣ ਦੇ ਯਤਨ ਕਰ ਰਹੇ ਹਨ। ਸੰਸਥਾ ਦੇ ਸੰਸਥਾਪਕ ਨੇ ਦੱਸਿਆ ਕਿ ਸਾਨੂੰ ਸਾਰਿਆਂ ਨੂੰ ਆਪਣੇ ਘਰਾਂ ਦੇ ਵਿੱਚ ਇੱਕ ਜਾਂ ਦੋ ਲੋਕਾਂ ਦਾ ਵਾਧੂ ਖਾਣਾ ਬਣਾਉਣਾ ਚਾਹੀਦਾ ਹੈ ਅਤੇ ਹਰ ਖਾਣਾ ਉਨ੍ਹਾਂ ਲੋਕਾਂ ਤੱਕ ਪਹੁੰਚਾਉਣਾ ਚਾਹੀਦਾ ਹੈ ਜੋ ਖੁਦ ਕਮਾ ਕੇ ਖਾਣਾ ਨਹੀਂ ਖਾ ਸਕਦੇ ਜਾਂ ਜਿਨ੍ਹਾਂ ਦੇ ਕੰਮ ਕਾਰ ਬੰਦ ਹੋ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਬੀਤੇ ਦਿਨ ਉਨ੍ਹਾਂ ਵੱਲੋਂ 8500 ਲੋਕਾਂ ਦਾ ਖਾਣਾ ਬਣਾਇਆ ਗਿਆ ਸੀ ਅਤੇ ਅੱਜ 10 ਹਜ਼ਾਰ ਦਾ ਤਿਆਰ ਕੀਤਾ ਜਾ ਰਿਹਾ ਹੈ ਪਰ ਇਹ ਕਾਫੀ ਨਹੀਂ ਹੈ ਕਿਉਂਕਿ ਲੁਧਿਆਣਾ ਵਿੱਚ ਲੱਖਾਂ ਲੋਕਾਂ ਨੂੰ ਖਾਣੇ ਦੀ ਲੋੜ ਹੈ ਅਤੇ ਇਸ ਵਿੱਚ ਆਮ ਆਦਮੀ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਹੈ ।