ਮੁੱਲਾਂਪੁਰ ਦਾਖਾਂ/ਲੁਧਿਆਣਾ: ਮਹਿਲਾ ਦਿਵਸ ਮੌਕੇ ਖਾਸ ਕਰਕੇ ਸਮਾਜ ਵਿੱਚ ਅਹਿਮ ਯੋਗਦਾਨ ਦੇਣ ਵਾਲੀਆਂ ਮਹਿਲਾਵਾਂ ਨੂੰ ਅੱਜ ਯਾਦ ਕੀਤਾ ਜਾ ਰਿਹਾ ਹੈ। ਲੁਧਿਆਣਾ ਦੇ ਪਿੰਡ ਮੰਡਿਆਣੀ ਦੀ ਮਹਿਲਾ ਸਰਪੰਚ ਗੁਰਪ੍ਰੀਤ ਕੌਰ ਪੰਜਾਬ ਦੀ ਪਹਿਲੀ ਮਹਿਲਾ ਸਰਪੰਚ ਹੈ ਜਿਸ ਨੇ ਆਪਣੇ ਪਿੰਡ ਵਿੱਚ ਨਸ਼ਾ ਵੇਚਣ ਵਾਲੇ ਅਤੇ ਨਸ਼ਾ ਕਰਨ ਵਾਲਿਆਂ ਦੇ ਖਿਲਾਫ ਮੁਹਿੰਮ ਵਿੱਢੀ ਹੈ। ਹੁਣ ਤੱਕ ਇਕ ਦਰਜਨ ਤੋਂ ਵਧੇਰੇ ਪਰਚੇ ਉਹ ਕਰਵਾ ਚੁੱਕੀ ਹੈ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਉਸ ਨੂੰ ਸਨਮਾਨਿਤ ਕਰ ਚੁੱਕੇ ਹਨ।
ਵਿਰੋਧੀ ਪਾਰਟੀ ਵੀ ਕਰਦੀ ਹੈ ਪ੍ਰਸ਼ੰਸਾ: ਕਾਂਗਰਸ ਪਾਰਟੀ ਨਾਲ ਸਬੰਧਿਤ ਹੋਣ ਦੇ ਬਾਵਜੂਦ ਇਸ ਮਹਿਲਾ ਸਰਪੰਚ ਦੀ ਵਿਰੋਧੀ ਪਾਰਟੀਆਂ ਵਾਲੇ ਵੀ ਤਰੀਫ ਕਰਦੇ ਹਨ। ਸਰਪੰਚ ਗੁਰਪ੍ਰੀਤ ਕੌਰ ਇੱਕ ਸੰਸਥਾ ਵੀ ਚਲਾ ਰਹੀ ਹੈ ਜਿਸ ਵਿੱਚ ਉਹ ਨੌਜਵਾਨ ਜੋ ਕਿ ਨਸ਼ੇ ਦੀ ਦਲਦਲ ਵਿੱਚ ਫਸ ਚੁੱਕੇ ਹਨ, ਉਨ੍ਹਾਂ ਨੂੰ ਨਸ਼ਾ ਛੁਡਾਉਣ ਲਈ ਪ੍ਰੇਰਿਤ ਕਰਦੀ ਹੈ ਅਤੇ ਉਨ੍ਹਾ ਦਾ ਵਾਜਿਬ ਇਲਾਜ ਵੀ ਕਰਵਾਇਆ ਜਾਂਦਾ ਹੈ।
ਨਸ਼ੇ ਦੇ ਸੌਦਾਗਰਾਂ ਨੂੰ ਭੇਜਿਆ ਜੇਲ੍ਹ : ਪਿੰਡ ਮੰਡਿਆਣੀ ਦੀ ਸਰਪੰਚ ਨੇ ਪੂਰੇ ਪੰਜਾਬ ਦੇ ਸਰਪੰਚਾਂ ਲਈ ਉਦਾਹਰਨ ਪੇਸ਼ ਕੀਤੀ ਹੈ। ਵਿਸ਼ਵ ਮਹਿਲਾ ਦਿਵਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਕਿਸ ਤਰਾਂ ਪੰਜਾਬ ਵਿੱਚ ਨਸ਼ੇ ਦਾ 6ਵਾਂ ਦਰਿਆ ਵਗ ਰਿਹਾ ਹੈ। ਉਸ ਨੂੰ ਖ਼ਤਮ ਕਰਨ ਲਈ ਮਹਿਲਾਵਾਂ ਨੂੰ ਅੱਗੇ ਆਉਣਾ ਪਵੇਗਾ। ਆਪਣੇ ਪਿੰਡ ਦੇ ਨੌਜਵਾਨਾਂ ਨੂੰ ਗੁਰਪ੍ਰੀਤ ਕੌਰ ਨੇ ਆਪਣੀ ਇਸ ਮੁਹਿੰਮ ਦੇ ਨਾਲ ਜੋੜਿਆ ਹੈ ਅਤੇ ਨਾਲ ਹੀ, ਉਨ੍ਹਾਂ ਨੂੰ ਨਸ਼ੇ ਦੇ ਖਿਲਾਫ ਲੜਨ ਲਈ ਵੀ ਪ੍ਰੇਰਿਤ ਕੀਤਾ ਹੈ।
ਗੁਰਪ੍ਰੀਤ ਕੌਰ ਨੇ ਦੱਸਿਆ ਕਿ ਸਾਡੇ ਪਿੰਡ ਵਿੱਚ ਸਾਲਾਂ ਤੋਂ ਨਸ਼ੇ ਦੀ ਗੈਰ ਕਨੂੰਨੀ ਵਿਕਰੀ ਧੜਲ਼ੇ ਨਾਲ ਚੱਲ ਰਹੀ ਸੀ ਅਤੇ ਪਿੰਡ ਦੇ ਨੌਜਵਾਨ ਵੀ ਇਸ ਦਲਦਲ ਵਿੱਚ ਫਸੇ ਹੋਏ ਸਨ। ਉਨ੍ਹਾਂ ਦੱਸਿਆ ਕਿ ਬੀਤੇ 15 ਸਾਲਾਂ ਚ ਪਿੰਡ ਵਿੱਚ 35 ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦੇ ਨਾਲ ਮਿਲ ਕੇ ਠੀਕਰੀ ਪਹਿਰੇ ਲਗਾ ਕੇ ਉਸ ਨੇ ਨਸ਼ੇ ਦੇ ਸੌਦਾਗਰਾਂ ਨੂੰ ਜੇਲ੍ਹਾਂ ਵਿੱਚ ਭੇਜਣ 'ਚ ਕਾਮਯਾਬੀ ਹਾਸਿਲ ਕੀਤੀ ਹੈ।
ਕਈ ਵਾਰ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ : ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਸ ਨੂੰ ਜਾਨੋਂ ਮਾਰਨ ਦੀਆਂ ਕਈ ਵਾਰ ਧਮਕੀਆਂ ਮਿਲ ਚੁੱਕੀਆਂ ਹਨ। ਉਸ ਦੇ ਪਤੀ ਦੀ ਮੌਤ ਕੁਝ ਸਮਾਂ ਪਹਿਲਾਂ ਹੋਈ ਹੈ। ਉਹ ਆਪਣੇ ਬੇਟੇ ਨਾਲ ਰਹਿੰਦੀ ਹੈ ਜਿਸ ਕਰਕੇ ਹੁਣ ਉਸ ਨੇ ਘਰ ਦੇ ਬਾਹਰ ਕੈਮਰੇ ਲਗਵਾਏ ਹਨ। ਉਨ੍ਹਾਂ ਕਿਹਾ ਕਿ ਸਾਡੇ ਪਿੰਡ ਵਿੱਚ ਮਹਿਲਾਵਾਂ ਤੱਕ ਵੀ ਨਸ਼ਾ ਵੇਚਣ ਦਾ ਕੰਮ ਕਰਦੀਆਂ ਸਨ। ਦੂਰ ਦੁਰਾਡੇ ਤੋਂ ਨਸ਼ੇੜੀ ਸਾਡੇ ਪਿੰਡ ਚਿੱਟਾ ਲੈਣ ਆਉਂਦੇ ਸੀ। ਉਨ੍ਹਾਂ ਕਿਹਾ ਕਿ ਮੋਗਾ, ਜਗਰਾਓ, ਲੁਧਿਆਣਾ ਸ਼ਹਿਰ, ਜ਼ੀਰਾ ਅਤੇ ਹੋਰ ਵੀ ਕਈ ਇਲਾਕਿਆਂ ਤੋਂ ਨਸ਼ੇੜੀ ਉਨ੍ਹਾਂ ਦੇ ਪਿੰਡ ਨਸ਼ਾ ਲੈਣ ਆਉਂਦੇ ਸੀ ਅਤੇ ਜਦੋਂ ਉਹ ਸਰਪੰਚ ਬਣੀ ਸੀ, ਤਾਂ ਉਸ ਨੇ ਅਹਿਦ ਲਿਆ ਸੀ ਕਿ ਉਹ ਆਪਣੇ ਪਿੰਡ ਨੂੰ ਜੋ ਕਿ ਨਸ਼ੇ ਲਈ ਬਦਨਾਮ ਕਰਦੇ ਹਨ, ਉਸ ਦੇ ਖਿਲਾਫ ਲੜੇਗੀ।
15 ਸਾਲਾਂ ਵਿੱਚ, 35 ਨੌਜਵਾਨਾਂ ਦੀ ਮੌਤ: ਸਰਪੰਚ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਸਾਡੇ ਇਕੱਲੇ ਪਿੰਡ ਵਿੱਚ ਹੀ ਬੀਤੇ 15 ਸਾਲ ਵਿੱਚ 35 ਨੌਜਵਾਨ ਨਸ਼ੇ ਦੀ ਭੇਟ ਚੜ੍ਹ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਵਿੱਚ 12 ਹਜ਼ਾਰ ਤੋਂ ਵਧੇਰੇ ਪਿੰਡ ਹਨ। ਬਾਕੀਆਂ ਦਾ ਕੀ ਹਾਲ ਹੋਵੇਗਾ, ਕਿੰਨੇ ਮਾਵਾਂ ਦੇ ਪੁੱਤ, ਭੈਣਾਂ ਦੇ ਭਰਾ ਨਸ਼ੇ ਦੀ ਭੇਂਟ ਚੜ੍ਹ ਚੁੱਕੇ ਹੋਣਗੇ। ਸਰਪੰਚ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਲੜਕੀਆਂ ਦੀ ਜਿੰਦਗੀ ਤਬਾਹ ਹੋ ਰਹੀ ਹੈ। ਲੋਕ ਆਪਣੇ ਪੁੱਤਾਂ ਨੂੰ ਨਸ਼ੇ ਤੋਂ ਦੂਰ ਕਰਨ ਦੀ ਥਾਂ ਉਨ੍ਹਾ ਦਾ ਵਿਆਹ ਕਰਕੇ ਉਸ ਦੀ ਪਤਨੀ ਅਤੇ ਬੱਚਿਆਂ ਦੀ ਜਿੰਦਗੀ ਵੀ ਬਰਬਾਦ ਕਰ ਰਹੇ ਹਨ। ਉਨ੍ਹਾ ਕਿਹਾ ਕਿ ਜੇਕਰ ਪੰਜਾਬ ਵਿੱਚ ਨਸ਼ੇ ਦੇ ਕੋਹੜ ਨੂੰ ਖ਼ਤਮ ਕਰਨਾ ਹੈ, ਤਾਂ ਮਹਿਲਾਵਾਂ ਨੂੰ ਅੱਗੇ ਆਉਣਾ ਹੀ ਪਵੇਗਾ।
ਕੈਬਨਿਟ ਮੰਤਰੀ ਨੇ ਕੀਤਾ ਸਨਮਾਨਿਤ: ਭਾਵੇਂ ਸਰਪੰਚ ਗੁਰਪ੍ਰੀਤ ਕੌਰ ਕਾਂਗਰਸ ਪਾਰਟੀ ਦੇ ਨਾਲ ਸਬੰਧ ਰੱਖਦੀ ਹੈ, ਪਰ ਇਸ ਦੇ ਬਾਵਜੂਦ ਸੱਤਾ ਧਿਰ ਪਾਰਟੀ ਅਤੇ ਵਿਰੋਧੀਆਂ ਪਾਰਟੀਆਂ ਵੀ ਉਸ ਦੀ ਇਸ ਮੁਹਿੰਮ ਦੀ ਸ਼ਲਾਘਾ ਕਰਦਿਆਂ ਹਨ। ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਵੱਲੋਂ ਬੀਤੇ ਦਿਨੀਂ ਪਿੰਡ ਆ ਕੇ ਸਰਪੰਚ ਗੁਰਪ੍ਰੀਤ ਕੌਰ ਨੂੰ ਵਿਸ਼ੇਸ਼ ਤੌਰ ਉੱਤੇ ਸਨਮਾਨਿਤ ਵੀ ਕੀਤਾ ਗਿਆ। ਉਸ ਦੇ ਚਰਚੇ ਪਿੰਡਾਂ ਵਿੱਚ ਹਨ ਅਤੇ ਨੇੜੇ ਤੇੜੇ ਦੇ ਪਿੰਡਾਂ ਦੇ ਸਰਪੰਚ ਵੀ ਉਸ ਦੀ ਇਸ ਮੁਹਿੰਮ ਅਤੇ ਬੇਬਾਕੀ ਦੇ ਅੰਦਾਜ਼ ਤੋਂ ਪ੍ਰਭਾਵਿਤ ਹੋ ਕੇ ਸੇਧ ਲੈਂਦੇ ਹਨ। ਗੁਰਪ੍ਰੀਤ ਕੌਰ ਦੇ ਯਤਨਾਂ ਸਦਕਾ ਹੀ ਡੀਜੀਪੀ ਪੰਜਾਬ ਵੱਲੋਂ ਉਸ ਦੇ ਪਿੰਡ ਵਿੱਚ ਵਿਸ਼ੇਸ਼ ਸਰਚ ਅਪਰੇਸ਼ਨ ਚਲਾਉਣ ਦੇ ਹੁਕਮ ਦਿੱਤੇ ਗਏ ਸਨ ਜਿਸ ਤੋਂ ਬਾਅਦ ਉਸ ਦੇ ਪਿੰਡ ਵਿੱਚ ਕਈ ਨਸ਼ੇ ਦੇ ਸੌਦਾਗਰ ਗ੍ਰਿਫਤਾਰ ਹੋਏ।
ਇਹ ਵੀ ਪੜ੍ਹੋ: Langar By Muslim Community in Hola Mohalla: ਇੱਕ 'ਲੰਗਰ' ਅਜਿਹਾ, ਜੋ 'ਸੁਆਦ' ਦੇ ਨਾਲ ਦੇ ਰਿਹਾ ਆਪਸੀ 'ਭਾਈਚਾਰੇ ਦਾ ਸੰਦੇਸ਼'