ਲੁਧਿਆਣਾ : ਲੁਧਿਆਣਾ ਪੁਲਿਸ ਵੱਲੋਂ ਅੰਤਰਰਾਸ਼ਟਰੀ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਗਿਆ ਹੈ, ਜਿਸ ਸਬੰਧੀ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ। ਜਾਣਕਾਰੀ ਮੁਤਾਬਿਕ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ 29 ਠੱਗਾਂ ਨੂੰ ਕਾਬੂ ਕੀਤਾ ਹੈ, ਜਿਸ ਵਿੱਚ ਦੋ ਲੜਕੀਆਂ ਵੀ ਸ਼ਾਮਲ ਹਨ। ਕਮਿਸ਼ਨਰ ਨੇ ਦੱਸਿਆ ਕਿ ਇਹ ਕਾਲ ਕਰਕੇ ਵਿਦੇਸ਼ੀਆਂ ਨੂੰ ਬਲੈਕਮੇਲ ਕਰਕੇ ਕਹਿੰਦੇ ਸਨ ਕਿ ਉਹ ਪੋਰਨ ਵੀਡਿਓ ਵੇਖਦੇ ਹਨ ਜਾਂ ਉਨ੍ਹਾ ਦਾ ਖਾਤਾ ਹੈਕ ਕਰ ਲਿਆ ਹੈ ਅਤੇ ਉਨ੍ਹਾ ਨੂੰ ਕਹਿੰਦੇ ਸਨ ਕਿ ਉਹ ਆਪਣੇ ਬੈਂਕ ਵਾਲਿਆਂ ਨੂੰ ਵੀ ਇਸ ਬਾਰੇ ਜਾਣਕਾਰੀ ਨਾ ਦੇਣ ਨਹੀਂ ਤਾਂ ਉਨ੍ਹਾਂ ਦੀ ਬੇਜ਼ਤੀ ਹੋਵੇਗੀ, ਜਿਸ ਕਰਕੇ ਉਨ੍ਹਾਂ ਤੋਂ ਡਾਲਰਾਂ ਵਿੱਚ ਪੈਸੇ ਲੈਂਦੇ ਸਨ।
ਰਾਤੋ-ਰਾਤ ਬਣਨਾ ਚਾਹੁੰਦੇ ਸੀ ਅਮੀਰ : ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਨੂੰ ਇਸ ਗਿਰੋਹ ਬਾਰੇ ਗੁਪਤ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਛਾਪਾ ਮਾਰ ਕੇ ਇਨ੍ਹਾਂ ਨੂੰ ਕਾਬੂ ਕੀਤਾ ਹੈ। ਫੜੇ ਗਏ ਸਾਰੇ ਮੁਲਜ਼ਮ ਘੱਟ ਉਮਰ ਦੇ ਹਨ, ਜਿਨ੍ਹਾਂ ਨੇ ਰਾਤੋ-ਰਾਤ ਅਮੀਰ ਬਣਨ ਦੇ ਲਈ ਆਪਣਾ ਗਿਰੋਹ ਬਣਾ ਕੇ ਠੱਗੀ ਮਾਰਨ ਦਾ ਧੰਦਾ ਸ਼ੁਰੂ ਕਰ ਦਿੱਤਾ ਸੀ। ਇਸ ਗਰੋਹ ਦੇ ਮੈਂਬਰ ਜ਼ਿਆਦਾਤਰ ਵਿਦੇਸ਼ੀਆਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸਨ। ਪਿਛਲੇ ਡੇਢ ਮਹੀਨੇ ਤੋਂ ਇਹ ਗਿਰੋਹ ਲਗਾਤਾਰ ਠੱਗੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ। ਮੁਲਜ਼ਮਾਂ ਨੇ ਆਪਣੇ ਆਪ ਨੂੰ ਬਹੁ-ਰਾਸ਼ਟਰੀ ਕੰਪਨੀਆਂ ਨੂੰ ਤਕਨੀਕੀ ਸੇਵਾ ਪ੍ਰਦਾਨ ਕਰਨ ਵਾਲੇ ਵਜੋਂ ਪੇਸ਼ ਕੀਤਾ ਅਤੇ ਵਿਸ਼ਵਵਿਆਪੀ ਨਾਗਰਿਕਾਂ, ਮੁੱਖ ਤੌਰ 'ਤੇ ਵਿਦੇਸ਼ੀ ਲੋਕਾਂ ਨੂੰ ਵੱਡੀ ਰਕਮ ਦਾ ਧੋਖਾ ਦਿੱਤਾ ਹੈ। ਉਨ੍ਹਾ ਨੂੰ ਕਾਲ ਕਰਕੇ ਉਨ੍ਹਾ ਤੋਂ ਜਾਣਕਾਰੀ ਹਾਸਿਲ ਕਰਕੇ ਇਹ ਮੋਟੀ ਰਕਮ ਠੱਗ ਲੈਂਦੇ ਸਨ।
ਇਹ ਮੁਲਜ਼ਮ ਕੀਤੇ ਗਏ ਕਾਬੂ : ਪੁਲਿਸ ਨੇ ਮਾਮਲੇ ਵਿੱਚ ਵਰਤੇ ਗਏ ਸਾਰੇ ਇਲੈਕਟ੍ਰੋਨਿਕਸ ਅਤੇ ਮੋਬਾਈਲ ਫੋਨ ਵੀ ਜ਼ਬਤ ਕਰ ਲਏ ਹਨ। ਫੜੇ ਗਏ ਗਿਰੋਹ ਦੇ ਮੈਂਬਰ ਮੇਘਾਲਿਆ, ਉੱਤਰ ਪ੍ਰਦੇਸ਼, ਗੁਜਰਾਤ, ਹਿਮਾਚਲ ਪ੍ਰਦੇਸ਼, ਨਾਗਾਲੈਂਡ, ਦਿੱਲੀ ਅਤੇ ਪੰਜਾਬ ਦੇ ਹਨ। ਮੁਲਜ਼ਮਾਂ ਵਿੱਚ 2 ਲੜਕੀਆਂ ਵੀ ਸ਼ਾਮਲ ਹਨ। ਪੁਲਿਸ ਹੁਣ ਇਹ ਵੇਖ ਰਹੀ ਹੈ ਕੇ ਇਨ੍ਹਾਂ ਵੱਲੋਂ ਕਿੰਨੇ ਲੋਕਾਂ ਨਾਲ ਇਸ ਤਰਾਂ ਦੀ ਠੱਗੀ ਮਾਰੀ ਗਈ ਹੈ।