ਲੁਧਿਆਣਾ: ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਲੁਧਿਆਣਾ ਦੇ ਵਿੱਚ ਜਾਮਾ ਮਸਜਿਦ ਵੱਲੋਂ ਪੱਕਾ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਜਲੰਧਰ ਬਾਈਪਾਸ ਚੌਕ ਦੇ ਵਿੱਚ ਸਾਰੇ ਧਰਮਾਂ ਦੇ ਨੁਮਾਇੰਦਿਆਂ ਨੂੰ ਇਕੱਤਰ ਕਰਕੇ ਧਰਨੇ ਦੀ ਸ਼ੁਰੂਆਤ ਕੀਤੀ ਗਈ ਹੈ। ਸਵੇਰੇ ਦਸ ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਇਹ ਧਰਨਾ ਚੱਲੇਗਾ ਅਤੇ ਧਰਨੇ ਦੇ ਦੌਰਾਨ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਸਰਕਾਰ ਵਿਰੁੱਧ ਇੱਕਜੁਟਤਾ ਕੀਤੀ ਜਾਵੇਗੀ।
ਲੁਧਿਆਣਾ ਜਾਮਾ ਮਸਜਿਦ ਦੇ ਨਾਇਬ ਸ਼ਾਹੀ ਇਮਾਮ ਮੁਹੰਮਦ ਉਸਮਾਨ ਉਲ ਰਹਿਮਾਨ ਨੇ ਦੱਸਿਆ ਕਿ ਕੇਂਦਰ ਸਰਕਾਰ ਦੀ ਗਲਤ ਨੀਤੀਆਂ ਕਾਰਨ ਅੱਜ ਦਿੱਲੀ ਦੇ ਸ਼ਾਹੀਨ ਬਾਗ ਦੀ ਤਰਜ਼ 'ਤੇ ਲੁਧਿਆਣਾ 'ਚ ਵੀ ਪੱਕੇ ਧਰਨੇ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਰੇ ਧਰਮਾਂ ਨੂੰ ਇਕਜੁੱਟ ਕਰਕੇ ਉਨ੍ਹਾਂ ਵੱਲੋਂ ਸ਼ਾਂਤਮਈ ਢੰਗ ਨਾਲ ਇਹ ਧਰਨੇ ਦਿੱਤੇ ਜਾਣਗੇ। ਉਸਮਾਨ ਨੇ ਕਿਹਾ ਕਿ ਫਿਲਹਾਲ ਕਿਸੇ ਸਿਆਸੀ ਪਾਰਟੀ ਦਾ ਉਨ੍ਹਾਂ ਨੂੰ ਸਮਰਥਨ ਨਹੀਂ ਮਿਲ ਰਿਹਾ ਪਰ ਜੇਕਰ ਕੋਈ ਧਰਨੇ ਵਿੱਚ ਸ਼ਾਮਿਲ ਹੋਣਾ ਚਾਹੁੰਦਾ ਹੈ ਤਾਂ ਉਸ ਲਈ ਖੁੱਲ੍ਹਾ ਸੱਦਾ ਹੈ।
ਉਧਰ ਇਸ ਮੌਕੇ ਸਿੱਖ ਜਥੇਬੰਦੀਆਂ ਵੱਲੋਂ ਲੰਗਰ ਵੀ ਲਿਆਂਦਾ ਗਿਆ ਅਤੇ ਗੁਰਦੁਆਰਾ ਸ੍ਰੀ ਦੂੱਖ ਨਿਵਾਰਨ ਸਾਹਿਬ ਤੋਂ ਲੰਗਰ ਦੀ ਸੇਵਾ ਧਰਨੇ 'ਚ ਲਾਈ ਗਈ ਹੈ।
ਇਸ ਧਰਨੇ ਦੇ ਵਿੱਚ ਸ਼ਾਮਲ ਹੋਏ ਪਾਦਰੀ ਪ੍ਰੇਮ ਸ਼ਾਰਧਾ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਜੋ ਨਾਗਰਿਕਤਾ ਸੋਧ ਕਾਨੂੰਨ ਲਿਆਂਦਾ ਗਿਆ ਹੈ। ਉਸ ਦੇ ਖਿਲਾਫ ਸਾਰੇ ਭਾਈਚਾਰੇ ਦੇ ਲੋਕ ਇਕੱਤਰ ਹੋ ਕੇ ਇਸ ਦਾ ਵਿਰੋਧ ਕਰ ਰਹੇ ਹਨ। ਇਸ ਧਰਨੇ ਵਿੱਚ ਵੱਡੀ ਗਿਣਤੀ 'ਚ ਮੁਸਲਿਮ ਮਹਿਲਾਵਾਂ ਵੀ ਸ਼ਾਮਿਲ ਹੋਈਆਂ।