ਲੁਧਿਆਣਾ/ਖੰਨਾ: ਮੁੱਖ ਮੰਤਰੀ ਭਗਵੰਤ ਮਾਨ ਨੇ 12500 ਕੱਚੇ ਅਧਿਆਪਕਾਂ ਨੂੰ ਪੱਕੀਆਂ ਨੌਕਰੀਆਂ ਦੇ ਨਿਯੁਕਤੀ ਪੱਤਰ ਵੰਡੇ। ਇਸੇ ਤਹਿਤ ਹਲਕਾ ਸਮਰਾਲਾ ਵਿਖੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਆਪਣੇ ਹਲਕੇ ਦੇ 50 ਕੱਚੇ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੰਡੇ। ਨਿਯੁਕਤੀ ਪੱਤਰ ਲੈਂਦੇ ਹੋਏ ਕੁੱਝ ਅਧਿਆਪਕ ਭਾਵੁਕ ਵੀ ਹੋਏ। ਉਹਨਾਂ ਸਰਕਾਰ ਦਾ ਧੰਨਵਾਦ ਕੀਤਾ। ਅਜਿਹੇ ਅਧਿਆਪਕ ਵੀ ਸਨ ਜਿਹੜੇ ਸਕੂਲ ਟਾਈਮ ਤੋਂ ਬਾਅਦ ਬਰਗਰ ਦੀ ਰੇਹੜੀ ਲਾਉਂਦੇ ਸੀ।ਨਿਯੁਕਤੀ ਪੱਤਰ ਪ੍ਰਾਪਤ ਕਰਦੇ ਹੋਏ ਸੁੱਖਾ ਰਾਮ ਨੇ ਆਪਣੇ 18 ਸਾਲ ਦੀ ਸੰਘਰਸ਼ ਭਰੀ ਨੌਕਰੀ ਬਾਰੇ ਦੱਸਿਆ ਕਿ ਜਦੋਂ ਉਸ ਨੇ ਨੌਕਰੀ ਕਰਨੀ ਸ਼ੁਰੂ ਕੀਤੀ ਤਾਂ ਉਸ ਦੀ ਇੱਕ ਹਜ਼ਾਰ ਰੁਪਏ ਤਨਖਾਹ ਹੁੰਦੀ ਸੀ। ਜਿਸ ਵਿੱਚ ਉਸ ਦੇ ਘਰ ਦਾ ਗੁਜ਼ਾਰਾ ਹੋਣਾ ਬੜਾ ਮੁਸ਼ਕਿਲ ਸੀ। ਜਿਸ ਕਰਕੇ ਉਹ ਕਦੇ ਮਜ਼ਦੂਰੀ ਕਰਦਾ ਸੀ ਕਦੇ ਬਰਗਰ ਦੀ ਰੇਹੜੀ ਲਾਉਂਦਾ ਸੀ ਅਤੇ ਕਦੇ ਹੋਰ ਕੰਮ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ। ਨਿਯੁਕਤੀ ਪੱਤਰ ਲੈਂਦੇ ਹੋਏ ਭਾਵੁਕ ਹੋਏ ਸੁੱਖਾ ਰਾਮ ਨੇ ਭਗਵੰਤ ਮਾਨ ਦੀ ਸਰਕਾਰ ਦਾ ਧੰਨਵਾਦ ਕੀਤਾ।
ਸਰਕਾਰ ਦਾ ਭਰੋਸਾ ਟੁੱਟਣ ਨਹੀਂ ਦੇਣਗੇ: ਅਧਿਆਪਕਾਂ ਦਾ ਕਹਿਣਾ ਸੀ ਕਿ ਉਹ ਲੰਬੇ ਸਮੇਂ ਤੋਂ ਸੰਘਰਸ਼ ਲੜ ਰਹੇ ਹਨ। ਕਿਸੇ ਵੀ ਸਰਕਾਰ ਨੇ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ। ਉਨ੍ਹਾਂ ਮੰਗ ਨੂੰ ਲੈਕੇ ਅਨੇਕਾਂ ਰੈਲੀਆਂ ਕੀਤੀਆਂ ਅਤੇ ਧਰਨੇ ਵੀ ਲਾਏ। ਅਕਾਲੀ ਅਤੇ ਕਾਂਗਰਸ ਸਰਕਾਰ ਸਮੇਂ ਵੀ ਕੋਈ ਸੁਣਵਾਈ ਨਹੀਂ ਹੋਈ। ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਤਾਂ ਇਸ ਸਰਕਾਰ ਨੇ ਹਰ ਇੱਕ ਵਰਗ ਦੀ ਪਹਿਲ ਦੇ ਅਧਾਰ ਉੱਤੇ ਸੁਣਵਾਈ ਕੀਤੀ ਹੈ। ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਜੋ ਵਾਅਦਾ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਕੀਤਾ ਸੀ ਉਸ ਨੂੰ ਪੂਰਾ ਕੀਤਾ। ਇਸ ਦੇ ਨਾਲ ਹੀ ਅਧਿਆਪਕਾਂ ਨੇ ਕਿਹਾ ਕਿ ਜਿਸ ਤਰ੍ਹਾਂ ਸਰਕਾਰ ਨੇ ਉਹਨਾਂ ਦੀ ਮੰਗ ਨੂੰ ਪੂਰਾ ਕੀਤਾ ਹੈ, ਉਸੇ ਤਰ੍ਹਾਂ ਉਹ ਵੀ ਸਰਕਾਰ ਦਾ ਭਰੋਸਾ ਟੁੱਟਣ ਨਹੀਂ ਦੇਣਗੇ। ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਬਣਾਇਆ ਜਾਵੇਗਾ।
ਸਿਹਤ ਅਤੇ ਖੇਡ ਪ੍ਰਣਾਲੀ 'ਚ ਬਦਲ: ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਅਧਿਆਪਕਾਂ ਨਾਲ ਕੀਤਾ ਵਾਅਦਾ ਪੂਰਾ ਕੀਤਾ ਹੈ। ਇਹ ਉਹ ਅਧਿਆਪਕ ਹਨ ਜਿਹਨਾਂ ਨੂੰ ਨਾ ਤਾਂ ਕਦੇ ਕਾਂਗਰਸ ਅਤੇ ਨਾ ਹੀ ਅਕਾਲੀਆਂ ਨੇ ਹੱਥ ਫੜਾਇਆ ਸੀ। 'ਆਪ' ਦੀ ਸਰਕਾਰ ਨੇ ਇਹਨਾਂ ਦੀ ਮੰਗ ਪੂਰੀ ਕੀਤੀ ਹੈ। 'ਆਪ' ਦਾ ਇੱਕੋ-ਇੱਕ ਮਕਸਦ ਹੈ ਕਿ ਸੂਬੇ ਦੀ ਸਿੱਖਿਆ, ਸਿਹਤ ਅਤੇ ਖੇਡ ਪ੍ਰਣਾਲੀ ਨੂੰ ਬਦਲ ਕੇ ਸੂਬੇ ਦਾ ਨਕਸ਼ਾ ਬਦਲਿਆ ਜਾਵੇ।