ਲੁਧਿਆਣਾ: ਪੰਜਾਬ ਪੁਲਿਸ ਅਕਸਰ ਆਪਣੇ ਕਾਰਨਾਮਿਆਂ ਨੂੰ ਲੈ ਕੇ ਵਿਵਾਦਾਂ 'ਚ ਘਿਰੀ ਰਹਿੰਦੀ ਹੈ। ਹੁਣ ਪੰਜਾਬ ਪੁਲਿਸ ਦਾ ਨਵਾਂ ਕਾਰਨਾਮਾ ਸਾਹਮਣੇ ਆਇਆ। ਪੁਲਿਸ ਦੀ ਵੱਡੀ ਲਾਪਰਵਾਹੀ ਦੇ ਕਾਰਨ ਟੋਲ ਟੈਕਸ ਘੁਲਾਲ ਦਾ ਇੱਕ ਅਧਿਕਾਰੀ ਕਿਡਨੈਪਿੰਗ ਦੇ ਕੇਸ 'ਚ ਲੁਧਿਆਣਾ ਜੇਲ੍ਹ ਬੰਦ ਹੈ। ਉਸ ਦੀ ਪਤਨੀ ਠੋਕਰਾਂ ਖਾ ਕੇ ਇਨਸਾਫ ਦੀ ਮੰਗ ਕਰ ਰਹੀ ਹੈ। ਮਾਮਲਾ ਵੀ ਅਜੀਬੋ-ਗਰੀਬ ਹੈ। ਇੱਕ ਥਾਣੇ ਦੀ ਪੁਲਿਸ ਵੱਲੋਂ ਗ੍ਰਿਫਤਾਰੀ ਨੂੰ ਦੂਜੇ ਥਾਣੇ ਦੀ ਪੁਲਿਸ ਨੇ ਕਿਡਨੈਪਿੰਗ ਬਣਾ ਦਿੱਤਾ।
ਪੁਲਿਸ ਉੱਤੇ ਇਲਜ਼ਾਮ: ਸਮਰਾਲਾ ਦੇ ਪਿੰਡ ਢੰਡੇ ਦੀ ਰਹਿਣ ਵਾਲੀ ਅਮਨਦੀਪ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਜਤਿੰਦਰਪਾਲ ਸਿੰਘ ਟੋਲ ਪਲਾਜਾ ਘੁਲਾਲ ਵਿਖੇ ਬਤੌਰ ਸ਼ਿਫਟਿੰਗ ਇੰਚਾਰਜ ਕੰਮ ਕਰਦਾ ਸੀ। ਉਸ ਦੇ ਪਤੀ ਨੂੰ ਔਰਤਾਂ ਦਾ ਇੱਕ ਗਿਰੋਹ ਬਲੈਕਮੇਲ ਕਰ ਰਿਹਾ ਸੀ। ਇਸੇ ਗਿਰੋਹ ਦੇ ਨਾਲ ਇੱਕ ਆਦਮੀ ਜੁੜਿਆ ਸੀ। ਇਹਨਾਂ ਨੇ ਮਿਲ ਕੇ ਉਸ ਦੇ ਬੱਚੇ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦੇ ਹੋਏ 3 ਲੱਖ ਰੁਪਏ ਦੀ ਮੰਗ ਕੀਤੀ ਸੀ। ਜਿਸ ਦੀ ਸ਼ਿਕਾਇਤ ਉਸ ਦੇ ਪਤੀ ਜਤਿੰਦਰਪਾਲ ਸਿੰਘ ਵੱਲੋਂ ਸਮਰਾਲਾ ਥਾਣਾ ਵਿਖੇ ਕੀਤੀ ਗਈ। 7 ਮਾਰਚ 2023 ਨੂੰ ਪੁਲਸ ਨੇ ਜਤਿੰਦਰਪਾਲ ਸਿੰਘ ਦੇ ਬਿਆਨਾਂ 'ਤੇ ਤਿੰਨ ਔਰਤਾਂ ਸਮੇਤ ਗੁਰਪ੍ਰੀਤ ਸਿੰਘ ਵਾਸੀ ਮੰਡੀ ਗੋਬਿੰਦਗੜ੍ਹ ਦੇ ਖਿਲਾਫ ਫਿਰੌਤੀ ਮੰਗਣ ਦੇ ਇਲਜ਼ਾਮ ਹੇਠ ਮੁਕੱਦਮਾ ਦਰਜ ਕਰਕੇ ਤਿੰਨ ਔਰਤਾਂ ਨੂੰ ਗ੍ਰਿਫਤਾਰ ਕਰ ਲਿਆ ਸੀ।
11 ਮਾਰਚ ਨੂੰ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਸਮਰਾਲਾ ਥਾਣਾ ਤੋਂ ਪੁਲਿਸ ਦੀ ਇੱਕ ਟੀਮ ਗਈ ਸੀ। ਪੁਲਿਸ ਉਸ ਦੇ ਪਤੀ ਨੂੰ ਸ਼ਨਾਖਤ ਕਰਨ ਲਈ ਨਾਲ ਲੈ ਕੇ ਗਈ ਸੀ। ਉਸੇ ਦਿਨ ਗੁਰਪ੍ਰੀਤ ਸਿੰਘ ਨੂੰ ਉਸ ਦੇ ਘਰੋਂ ਗ੍ਰਿਫਤਾਰ ਕੀਤਾ ਗਿਆ ਅਤੇ ਮੁਕੱਦਮੇ 'ਚ ਲੁਧਿਆਣਾ ਜੇਲ੍ਹ ਭੇਜਿਆ। ਕਰੀਬ ਇੱਕ ਮਹੀਨਾ ਜੇਲ੍ਹ ਰਹਿਣ ਮਗਰੋਂ ਗੁਰਪ੍ਰੀਤ ਸਿੰਘ ਜਮਾਨਤ 'ਤੇ ਬਾਹਰ ਆ ਗਿਆ। ਇੱਥੋਂ ਹੀ ਇਸ ਕਹਾਣੀ 'ਚ ਨਵਾਂ ਮੋੜ ਆਉਂਦਾ ਹੈ। ਗੁਰਪ੍ਰੀਤ ਸਿੰਘ ਦੀ ਮਾਂ ਵੱਲੋਂ ਪੁਲਿਸ ਕੋਲ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਉਸ ਦੇ ਬੇਟੇ ਨੂੰ ਕਿਡਨੈਪ ਕੀਤਾ ਗਿਆ। ਉਪਰੋਂ ਮੰਡੀ ਗੋਬਿੰਦਗੜ੍ਹ ਥਾਣੇ ਦੀ ਪੁਲਿਸ ਵੀ ਗੁਰਪ੍ਰੀਤ ਦੀ ਕਿਡਨੈਪਿੰਗ ਦਾ ਕੇਸ ਦਰਜ ਕਰ ਦਿੰਦੀ ਹੈ ਅਤੇ ਇਸ ਕੇਸ 'ਚ ਜਤਿੰਦਰਪਾਲ ਸਿੰਘ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਜਾਂਦਾ ਹੈ।
- ਪੰਜਾਬ ਦੀਆਂ 13 ਸੀਟਾਂ 'ਤੇ ਚੋਣ ਲੜੇਗੀ ਕਾਂਗਰਸ ? ਕੌਮੀ ਗੱਠਜੋੜ ਵਿਚਾਲੇ ਪੇਚ ਫਸਾ ਸਕਦੀਆਂ ਹਨ 2024 ਲੋਕ ਸਭਾ ਚੋਣਾਂ- ਖਾਸ ਰਿਪੋਰਟ
- ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਨੂੰ 15 ਅਗਸਤ ਦੇ ਦਿਨ ‘ਹਰ ਘਰ ਤਿਰੰਗਾ ਅਭਿਆਨ’ ਵਿੱਚ ਸ਼ਾਮਲ ਹੋਣ ਦੀ ਕੀਤੀ ਅਪੀਲ
- ਪੁਲਿਸ ਅਤੇ ਐਕਸਾਈਜ਼ ਵਿਭਾਗ ਵੱਲੋਂ ਅੰਮ੍ਰਿਤਸਰ ਦਿਹਾਤੀ ਦੇ ਪਿੰਡਾਂ 'ਚ ਰੇਡ, ਲੱਖਾਂ ਲੀਟਰ ਨਾਜਾਇਜ਼ ਸ਼ਰਾਬ 'ਤੇ ਲਾਹਣ ਬਰਾਮਦ
ਪੁਲਿਸ ਨੇ ਦਿੱਤੀ ਸਫ਼ਾਈ: ਅਮਨਦੀਪ ਕੌਰ ਨੇ ਕਿਹਾ ਕਿ ਇਸ ਦੇ ਪਿੱਛੇ ਪੁਲਿਸ ਦੀ ਡੂੰਘੀ ਸਾਜ਼ਿਸ ਹੈ। ਪੁਲਿਸ ਨੇ ਕਿਡਨੈਪਿੰਗ ਦਾ ਝੂਠਾ ਕੇਸ ਇਸ ਕਰਕੇ ਦਰਜ ਕੀਤਾ ਤਾਂ ਕਿ ਉਹ ਆਪਣਾ ਕੇਸ ਵਾਪਸ ਲੈ ਲੈਣ। ਅਮਨਦੀਪ ਕੌਰ ਵੱਲੋਂ ਸਮਰਾਲਾ ਦੇ ਸਾਬਕਾ ਡੀਐਸਪੀ ਵਰਿਆਮ ਸਿੰਘ ਨਾਲ ਹੋਈ ਗੱਲਬਾਤ ਦੀਆਂ ਰਿਕਾਰਡਿੰਗਾਂ ਵੀ ਪੇਸ਼ ਕੀਤੀਆਂ ਗਈਆਂ। ਜਿਸ ਵਿੱਚ ਡੀਐੱਸਪੀ ਵਰਿਆਮ ਸਿੰਘ ਇਹ ਕਹਿੰਦੇ ਸੁਣ ਰਹੇ ਹਨ ਕਿ ਕਿਡਨੈਪਿੰਗ ਦਾ ਪਰਚਾ ਝੂਠਾ ਹੈ। ਇਸ ਵਿੱਚ ਉਹਨਾਂ ਦੇ ਇੱਕ ਐੱਸਐੱਚਓ ਦੀ ਸ਼ਮੂਲੀਅਤ ਦੀ ਗੱਲ ਵੀ ਆਖੀ ਜਾਂਦੀ ਹੈ। ਦੂਜੇ ਪਾਸੇ ਸਮਰਾਲਾ ਦੇ ਡੀਐਸਪੀ ਜਸਪਿੰਦਰ ਸਿੰਘ ਗਿੱਲ ਨੇ ਕਿਹਾ ਕਿ ਜਿਹੜਾ ਮੁਕੱਦਮਾ ਸਮਰਾਲਾ ਥਾਣਾ ਵਿਖੇ ਦਰਜ ਹੋਇਆ ਸੀ। ਉਸ ਵਿੱਚ ਗੁਰਪ੍ਰੀਤ ਸਿੰਘ ਸਣੇ ਬਾਕੀ ਸਾਰੇ ਦੋਸ਼ੀਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਚਾਲਾਨ ਪੇਸ਼ ਕੀਤਾ ਜਾ ਚੁੱਕਾ ਹੈ। ਕਿਡਨੈਪਿੰਗ ਦਾ ਕੇਸ ਦੂਜੇ ਜਿਲ੍ਹੇ ਦੀ ਪੁਲਿਸ ਨੇ ਦਰਜ ਕੀਤਾ ਹੈ। ਇਸ ਬਾਰੇ ਉਹ ਹੀ ਦੱਸ ਸਕਦੇ ਹਨ।