ਲੁਧਿਆਣਾ: ਪੰਜਾਬ ਦੇ ਵਿੱਚ ਲਗਾਤਾਰ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਅਤੇ ਲੁਧਿਆਣਾ ਜ਼ਿਲ੍ਹੇ ਦੇ ਵਿਚ 2 ਜਮਾਤੀ ਕੋਰੋਨਾ ਵਾਇਰਸ ਤੋਂ ਪੌਜ਼ੀਟਿਵ ਪਾਏ ਗਏ ਹਨ। ਜਿਨ੍ਹਾਂ 'ਚੋਂ ਇੱਕ ਪਾਇਲ ਜਦੋਂ ਕਿ ਦੂਜਾ ਜਗਰਾਉਂ ਨੇੜਲੇ ਪਿੰਡ ਚੌਂਕੀਮਾਨ ਨਾਲ ਸਬੰਧਤ ਹੈ। ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਦੱਸਿਆ ਕਿ ਹੁਣ ਤੱਕ 329 ਲੋਕਾਂ ਦੀ ਆਈ ਰਿਪੋਰਟ 'ਚ 7 ਪੌਜ਼ੀਟਿਵ ਅਤੇ 322 ਲੋਕਾਂ ਦੇ ਕੋਰੋਨਾ ਦੇ ਨਮੂਨੇ ਨੈਗਟਿਵ ਪਾਏ ਗਏ ਹਨ। ਜਿਨ੍ਹਾਂ 'ਚੋਂ ਇੱਕ ਜਲੰਧਰ ਦਾ ਕੇਸ ਵੀ ਸ਼ਾਮਿਲ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਫਸਲ ਦੀ ਵਾਢੀ ਲਈ ਖਾਸ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਨਾਲ ਹੀ ਸਾਰੇ ਹਸਪਤਾਲਾਂ ਨੂੰ ਆਪਣੀਆਂ ਸਾਰੀਆਂ ਸੇਵਾਵਾਂ ਨੂੰ ਜਾਰੀ ਰੱਖਣ ਦੇ ਦਿਸ਼ਾ ਨਿਰਦੇਸ਼ ਵੀ ਸਰਕਾਰ ਨੇ ਜਾਰੀ ਕੀਤੇ ਹਨ।
ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਕਿਹਾ ਕਿ 2 ਤਬਲੀਗੀ ਜਮਾਤ ਨਾਲ ਸਬੰਧਤ ਲੁਧਿਆਣਾ ਵਿੱਚ ਪੌਜ਼ੀਟਿਵ ਕੇਸ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸੰਪਰਕ ਵਿੱਚ ਆਏ ਲੋਕਾਂ ਦੇ ਵੀ ਟੈਸਟ ਕਰਵਾਏ ਜਾ ਰਹੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸਾਨਾਂ ਦੇ ਆਗਾਮੀ ਵਾਢੀ ਦੇ ਸੀਜ਼ਨ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਲਗਾਤਾਰ ਬੈਠਕਾਂ ਕਰਕੇ ਕਿਸਾਨਾਂ ਲਈ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਜੋ ਉਹ ਆਸਾਨੀ ਨਾਲ ਆਪਣੀ ਫਸਲ ਵੇਚ ਸਕਣ।
ਉਨ੍ਹਾਂ ਕਿਹਾ ਕਿ ਮੰਡੀਆਂ ਦੇ ਵਿੱਚ ਵੀ ਉਹ ਅਜਿਹਾ ਹੀ ਸਿਸਟਮ ਕਰਨ ਜਾ ਰਹੇ ਨੇ ਤਾਂ ਜੋ ਕਿਸਾਨ ਇੱਕ ਦੂਜੇ ਦੇ ਸੰਪਰਕ 'ਚ ਨਾ ਆਉਣ ਅਤੇ ਇਸ ਬਿਮਾਰੀ ਤੋਂ ਬਚਦਿਆਂ ਉਨ੍ਹਾਂ ਦੀ ਫਸਲ ਦੀ ਚੁਕਾਈ ਵੀ ਸਮੇਂ ਸਿਰ ਹੋ ਸਕੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲਗਾਤਾਰ ਕਰਫਿਊ ਨੂੰ ਲਾਗੂ ਕਰਵਾਉਣ ਲਈ ਪ੍ਰਸ਼ਾਸਨ ਵੱਲੋਂ ਸਖ਼ਤੀ ਵਿਖਾਈ ਜਾ ਰਹੀ ਹੈ ਕਈ ਕਾਨੂੰਨ ਤੋੜਨ ਵਾਲਿਆਂ ਨੂੰ ਓਪਨ ਜੇਲ੍ਹ 'ਚ ਵੀ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇਹ ਇਹੀ ਅਪੀਲ ਹੈ ਕਿ ਲੋਕ ਸਮਰਥਨ ਕਰਨ ਅਤੇ ਇਸ ਭਿਆਨਕ ਬੀਮਾਰੀ ਤੋਂ ਲੜਨ ਲਈ ਸਰਕਾਰ ਅਤੇ ਪ੍ਰਸ਼ਾਸਨ ਨੂੰ ਸਹਿਯੋਗ ਦੇਣ।