ਲੁਧਿਆਣਾ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022 ) ਨੂੰ ਲੈਕੇ ਸਿਆਸੀ ਅਖਾੜਾ ਭਖ ਚੁੱਕਿਆ ਹੈ। ਵਿਧਾਨ ਸਭਾ ਹਲਕਾ ਪੱਛਮੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਥੇ ਚੋਣ ਮੈਦਾਨ ਵਿੱਚ ਭਾਰਤ ਭੂਸ਼ਣ ਆਸ਼ੂ, ਮਹੇਸ਼ ਇੰਦਰ ਗਰੇਵਾਲ, ਗੁਰਪ੍ਰੀਤ ਗੋਗੀ ਅਤੇ ਐਡਵੋਕੇਟ ਬਿਕਰਮ ਸਿੱਧੂ ਚੋਣ ਮੈਦਾਨ ਦੇ ਵਿਚ ਹਨ।
ਲੁਧਿਆਣਾ ਪੱਛਮੀ ਹਲਕੇ ਵਿੱਚ ਦੋ ਵਕੀਲ ਆਹਮੋ ਸਾਹਮਣੇ ਹਨ। ਜਿੰਨ੍ਹਾਂ ਵਿੱਚ ਭਾਜਪਾ ਤੋਂ ਐਡਵੋਕੇਟ ਬਿਕਰਮ ਸਿੱਧੂ ਅਤੇ ਅਕਾਲੀ ਦਲ ਤੋਂ ਮਹੇਸ਼ ਇੰਦਰ ਗਰੇਵਾਲ ਚੋਣ ਮੈਦਾਨ ਵਿੱਚ ਹਨ। ਐਡਵੋਕੇਟ ਬਿਕਰਮ ਸਿੱਧੂ ਹਾਈ ਕੋਰਟ ਦੇ ਸੀਨੀਅਰ ਵਕੀਲ ਨੇ ਜਦੋਂ ਕਿ ਦੂਜੇ ਪਾਸੇ ਮਹੇਸ਼ਇੰਦਰ ਗਰੇਵਾਲ ਅਕਾਲੀ ਦਲ ਲੀਗਲ ਵਿੰਗ ਦੇ ਇੰਚਾਰਜ, ਕਾਰਪੋਰੇਸ਼ਨ ਦੇ ਵਕੀਲ ਵਰਗੇ ਅਹੁਦਿਆਂ ’ਤੇ ਰਹਿ ਚੁੱਕੇ ਹਨ। ਦੋਵੇਂ ਵਕੀਲ ਆਹਮੋ ਸਾਹਮਣੇ ਹਨ। ਇਸ ਕਰਕੇ ਆਗੂਆਂ ਦੀਆਂ ਦਲੀਲਾਂ ਵੀ ਵਕੀਲਾਂ ਵਾਲੀਆਂ ਹੀ ਹੁੰਦੀਆਂ ਹਨ।
ਮਹੇਸ਼ਇੰਦਰ ਗਰੇਵਾਲ ਨੇ ਜਿੱਥੇ ਆਪਣੇ ਆਪ ਨੂੰ ਸਿਆਸਤ ਅਤੇ ਵਕਾਲਤ ਦੇ ਤਜ਼ਰਬੇ ਦਾ ਸੁਮੇਲ ਦੱਸਿਆ ਉਥੇ ਹੀ ਦੂਜੇ ਪਾਸੇ ਡਾ ਸਿੱਧੂ ਨੇ ਕਿਹਾ ਕਿ ਮਹੇਸ਼ਇੰਦਰ ਗਰੇਵਾਲ ਨੇ ਕਈ ਦਹਾਕਿਆਂ ਤੋਂ ਕੋਈ ਕੇਸ ਤੱਕ ਅਦਾਲਤ ’ਚ ਜਾ ਕੇ ਨਹੀਂ ਲੜਿਆ ਤਾਂ ਉਹ ਵਕੀਲ ਕਿਵੇਂ ਹੋ ਗਏ।
ਵਿਧਾਨ ਸਭਾ ਹਲਕਾ ਆਤਮ ਨਗਰ ਨਿਰੋਲ ਸ਼ਹਿਰੀ ਸੀਟ ਹੈ ਅਤੇ ਲੁਧਿਆਣਾ ਦੀ ਸਭ ਤੋਂ ਹੌਟ ਸੀਟਾਂ ਵਿੱਚੋਂ ਇਕ ਹੈ। ਇੱਥੇ ਮੁਕਾਬਲਾ ਰਵਾਇਤੀ ਪਾਰਟੀਆਂ ਦੇ ਨਾਲ ਲੋਕ ਇਨਸਾਫ ਪਾਰਟੀ ਦਾ ਵੀ ਹੈ। ਲਗਾਤਾਰ ਦਸ ਸਾਲ ਤੋਂ ਸਿਮਰਜੀਤ ਬੈਂਸ ਹਲਕੇ ਤੋਂ ਵਿਧਾਇਕ ਰਹੇ ਇਸ ਵਾਰ ਉਨ੍ਹਾਂ ਦਾ ਮੁਕਾਬਲਾ ਉਨ੍ਹਾਂ ਦੇ ਖ਼ਿਲਾਫ਼ ਬਲਾਤਕਾਰ ਦਾ ਕੇਸ ਲੜ ਰਹੇ ਹਰੀਸ਼ ਰਾਏ ਢਾਂਡਾ ਦੇ ਨਾਲ ਹੈ।
ਉਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਤੋਂ ਕੁਲਵੰਤ ਸਿੱਧੂ ਵੀ ਵਕੀਲ ਰਹਿ ਚੁੱਕੇ ਹਨ। ਆਤਮ ਨਗਰ ਹਲਕੇ ਤੋਂ ਕੰਵਲਜੀਤ ਕੜਵਲ ਕਾਂਗਰਸ ਦੇ ਉਮੀਦਵਾਰ ਹਨ। ਆਤਮ ਨਗਰ ਹਲਕੇ ਦੇ ਅੰਦਰ ਵੀ ਦੋ ਵਕੀਲ ਅਹਮੋ ਸਾਹਮਣੇ ਹਨ ਜਿੰਨ੍ਹਾਂ ਵਿਚ ਹਰੀਸ਼ ਰਾਏ ਢਾਂਡਾ ਅਕਾਲੀ ਦਲ ਤੋਂ ਉਮੀਦਵਾਰ ਨੇ ਜੋ ਕਿ ਸੀਨੀਅਰ ਵਕੀਲ ਵੀ ਹਨ ਅਤੇ ਬਲਾਤਕਾਰ ਮਾਮਲੇ ਦੇ ਵਿੱਚ ਸਿਮਰਜੀਤ ਬੈਂਸ ਤੇ ਇਲਜ਼ਾਮ ਲਗਾਉਣ ਵਾਲੀ ਪੀੜਤਾ ਦਾ ਕੇਸ ਲੜ ਰਹੇ ਹਨ। ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਤੋਂ ਕੁਲਵੰਤ ਸਿੰਘ ਸਿੱਧੂ ਵੀ ਪੁਰਾਣੇ ਵਕੀਲ ਰਹਿ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਉਹ ਐੱਨਆਰਆਈ ਲਾੜਿਆਂ ਦਾ ਕੇਸ ਲੜਦੇ ਸਨ ਜੋ ਪੰਜਾਬ ਦੀਆਂ ਧੀਆਂ ਨੂੰ ਧੋਖਾ ਦਿੰਦੇ ਸਨ। ਉਨ੍ਹਾਂ ਕਿਹਾ ਕਿ ਉਹ ਵਕਾਲਤ ਵੀ ਸੇਵਾ ਲਈ ਕਰਦੇ ਸਨ ਅਤੇ ਹੁਣ ਸਿਆਸਤ ਵੀ ਸੇਵਾ ਲਈ ਕਰ ਰਹੇ ਹਨ।
ਇਹ ਵੀ ਪੜ੍ਹੋ: ਮਹਾਂਰਾਸ਼ਟਰ ਕਾਰਨ ਪੰਜਾਬ, ਯੂਪੀ, ਉਤਰਾਖੰਡ 'ਚ ਕੋਰੋਨਾ ਜ਼ਿਆਦਾ ਫੈਲਿਆ: ਨਰਿੰਦਰ ਮੋਦੀ