ਲੁਧਿਆਣਾ: ਲੁਧਿਆਣਾ ਵਿੱਚ ਸ਼ਰੇਆਮ ਐਲਪੀਜੀ ਗੈਸ ਗ਼ੈਰ ਕਾਨੂੰਨੀ ਢੰਗ ਨਾਲ ਵੇਚੀ ਜਾ ਰਹੀ ਹੈ। ਉਹ ਵੀ ਇੰਨੇ ਖ਼ਤਰਨਾਕ ਢੰਗ ਨਾਲ ਕਿ ਕਦੇ ਵੀ ਕੋਈ ਵੱਡਾ ਹਾਦਸਾ ਕਿਸੇ ਵੀ ਸਮੇਂ ਵਾਪਰ ਸਕਦਾ ਹੈ। ਬੱਸ ਸਟੈਂਡ ਨੇੜੇ ਸ਼ਾਮ ਨਗਰ ਵਿਖੇ ਸ਼ਰੇਆਮ ਆਟੋ ਵਿੱਚ ਐਲਪੀਜੀ ਗੈਸ ਭਰਣ ਦਾ ਕੰਮ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨ ਵਲੋਂ ਕੋਈ ਵੀ ਸਖ਼ਤ ਕਦਮ ਨਹੀਂ ਚੁੱਕਿਆ ਜਾ ਰਿਹਾ।
ਗੈਸ ਭਰਨ ਵਾਲੇ ਦੁਕਾਨਦਾਰ ਨੇ ਦੱਸਿਆ ਕਿ ਉਹ ਦਿਨ ਵਿੱਚ 6-8 ਸਿਲੰਡਰ ਵੇਚ ਦਿੰਦਾ ਹੈ। ਉਸ ਨੇ ਦੱਸਿਆ ਕਿ ਇਹ ਕੰਮ ਕਈ ਸਮੇਂ ਤੋਂ ਕਰ ਰਿਹਾ ਹੈ ਅਤੇ ਇਸ ਕਾਰਨ ਉਸ 'ਤੇ 2 ਪਰਚੇ ਪਹਿਲਾਂ ਵੀ ਦਰਜ ਹੋ ਚੁੱਕੇ ਹਨ। ਉਸ ਦਾ ਕਹਿਣਾ ਹੈ ਕਿ ਇੰਨੇ ਦੇਰ ਤੋਂ ਕੋਈ ਹਾਦਸਾ ਨਹੀਂ ਹੋਇਆ ਹੈ, ਸਭ ਠੀਕ ਚੱਲ ਰਿਹਾ ਹੈ।
ਇੱਥੇ ਗੈਸ ਭਰਵਾਉਣ ਲਈ ਆਉਣ ਵਾਲੇ ਆਟੋਂ ਚਾਲਕਾਂ ਨੇ ਦੱਸਿਆ ਕਿ ਲੁਧਿਆਣਾ ਵਿੱਚ ਐਲਪੀਜੀ ਦੇ ਮਹਿਜ਼ 2 ਹੀ ਪੰਪ ਹਨ ਜਿਨ੍ਹਾਂ 'ਤੇ ਲੰਮੀਆਂ ਕਤਾਰਾਂ ਲੱਗੀਆਂ ਰਹਿੰਦੀਆਂ ਹਨ। ਇਸ ਕਰਕੇ ਆਟੋ ਚਾਲਕ ਇੱਥੇ ਆ ਕੇ 80 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਗੈਸ ਭਰਵਾਉਂਦੇ ਹਨ, ਜਦਕਿ ਪੈਟਰੋਲ ਪੰਪ 'ਤੇ ਇਹ ਗੈਸ 45 ਰੁਪਏ ਪ੍ਰਤੀ ਲਿਟਰ ਵੇਚੀ ਜਾਂਦੀ ਹੈ।
ਹੁਣ ਵੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਜਾਂ ਦੁਕਾਨਦਾਰ ਜਾਂ ਪ੍ਰਸ਼ਾਸਨ ਕੋਈ ਵੱਡਾ ਵਾਪਰਨ ਤੋਂ ਬਾਅਦ ਹੀ ਸੁਧਰੇਗਾ ਜਾਂ ਪਹਿਲਾ ਕੋਈ ਬਚਾਅ ਕਦਮ ਚੁੱਕੇਗਾ। ਜ਼ਿਕਰਯੋਗ ਹੈ ਕਿ ਸਾਲ 2015 'ਚ ਲੁਧਿਆਣਾ ਚ ਸਿਲੰਡਰ ਫੱਟਣ ਨਾਲ 3 ਬੱਚੇ ਜ਼ਿੰਦਾ ਸੜ ਗਏ ਸਨ। ਬੀਤੇ ਸਾਲ ਸ਼ਹਿਰ ਦੇ ਗਿਆਸਪੁਰਾ ਇਲਾਕੇ ਵਿੱਚ ਸਿਲੰਡਰ ਫੱਟਣ ਨਾਲ 7 ਦੀ ਮੌਤ ਹੋ ਗਈ ਸੀ ਤੇ 24 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ ਸਨ।