ਲੁਧਿਆਣਾ: ਸ਼ਹਿਰ ਦੀ ਰਾਜਗੁਰੂ ਨਗਰ ਸਥਿਤ ਸਬਜ਼ੀ ਮੰਡੀ 'ਚ ਦੇਰ ਰਾਤ ਉਸ ਵੇਲੇ ਹੜਕਪ ਮਚ ਗਿਆ ਜਦੋਂ ਪੱਛਮੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਛਾਪੇਮਾਰੀ ਕੀਤੀ। ਵਿਧਾਇਕ ਨੂੰ ਲਗਾਤਾਰ ਮੰਡੀ ਦੇ ਵਿੱਚੋਂ ਗੈਰ ਕਾਨੂੰਨੀ ਉਗਰਾਹੀ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ 'ਤੇ ਕਾਰਵਾਈ ਕਰਦੇ ਹੋਏ ਬੀਤੀ ਦੇਰ ਰਾਤ ਵਿਧਾਇਕ ਖੁਦ ਮੰਡੀ ਦੇ ਵਿੱਚ ਪਹੁੰਚੇ ਅਤੇ ਸਬਜ਼ੀ ਵਿਕਰੇਤਾਵਾਂ ਦੇ ਨਾਲ ਗੱਲਬਾਤ ਕੀਤੀ।
ਵਿਧਾਇਕ ਦੇ ਨਾਂ 'ਤੇ ਵਸੂਲੀ: ਇਸ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਪਰਚੀ ਕੱਟਣ ਦੇ ਨਾਂ 'ਤੇ ਉਹਨਾਂ ਤੋਂ 15-15 ਹਜ਼ਾਰ ਰੁਪਏ ਦੀ ਵਸੂਲੀ ਕੀਤੀ ਜਾ ਰਹੀ ਹੈ। ਇੰਨਾਂ ਹੀ ਨਹੀਂ ਜੋ ਟੇਬਲ ਕਿਰਾਏ 'ਤੇ ਦਿੰਦਾ ਹੈ, ਉਹ ਵੀ ਉਹਨਾਂ ਤੋਂ ਮੋਟੇ ਪੈਸੇ ਵਸੂਲ ਦਾ ਹੈ। ਬਿਜਲੀ ਦਾ ਕਨੈਕਸ਼ਨ ਦੇਣ ਵਾਲਾ ਵੀ ਉਹਨਾਂ ਤੋਂ ਵਿਧਾਇਕ ਦੇ ਨਾਂ 'ਤੇ ਉਗਰਾਹੀ ਕਰਦਾ ਹੈ। ਇਸ ਦੌਰਾਨ ਵਿਧਾਇਕ ਗੋਗੀ ਆਪਣੇ ਨਾਲ ਸਰਾਭਾ ਨਗਰ ਦੇ ਐੱਸਐੱਚਓ ਨੂੰ ਵੀ ਲੈ ਕੇ ਆਏ ਅਤੇ ਤੈਬਜ਼ਾਰੀ ਕਰਨ ਵਾਲੇ ਅਧਿਕਾਰੀ ਵੀ ਉਹਨਾਂ ਦੇ ਨਾਲ ਮੌਜੂਦ ਰਹੇ। ਜਿਨਾਂ ਦੀ ਮੌਜੂਦੀ ਦੇ ਵਿੱਚ ਵਿਧਾਇਕ ਨੇ ਮੁਲਾਜ਼ਮਾਂ ਨੂੰ ਝਾੜ ਪਾਈ ਅਤੇ ਸਬਜ਼ੀ ਵਿਕਰੇਤਾਵਾਂ ਨੂੰ ਕਿਹਾ ਕਿ ਉਹ ਆਪਣੇ ਟੇਬਲ ਲੈ ਕੇ ਆਉਣ।
ਵਿਧਾਇਕ ਨੇ ਆਪਣੇ ਬੰਦੇ ਦੀ ਲਾਈ ਸੀ ਡਿਊਟੀ: ਇਸ ਮੌਕੇ ਤੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਆਪਣਾ ਮੋਬਾਈਲ ਨੰਬਰ ਰੇਹੜੀ ਚਲਾਉਣ ਵਾਲੇ ਸਬਜ਼ੀ ਵਿਕਰੇਤਾਵਾਂ ਨੂੰ ਦਿੱਤਾ ਅਤੇ ਕਿਹਾ ਕਿ ਜੇਕਰ ਉਹਨਾਂ ਤੋਂ ਕੋਈ ਵੀ ਨਾਜਾਇਜ਼ ਵਸੂਲੀ ਕਰਨ ਲਈ ਆਉਂਦਾ ਹੈ ਤਾਂ ਸਿੱਧਾ ਉਹਨਾਂ ਨੂੰ ਫੋਨ ਕਰਨ। ਵਿਧਾਇਕ ਨੇ ਮੌਕੇ 'ਤੇ ਕਿਹਾ ਕਿ ਉਹਨਾਂ ਵੱਲੋਂ ਆਪਣੇ ਇੱਕ ਵਰਕਰ ਦੀ ਪਿਛਲੇ ਇੱਕ ਹਫਤੇ ਤੋਂ ਮੰਡੀ ਦੇ ਵਿੱਚ ਡਿਊਟੀ ਲਗਾਈ ਗਈ ਸੀ ਅਤੇ ਉਸ ਨੂੰ ਕਿਹਾ ਸੀ ਕਿ ਜਿਸ ਦਿਨ ਵੀ ਉਗਰਾਹੀ ਕਰਨ ਵਾਲਾ ਆਵੇਗਾ, ਉਸੇ ਵਕਤ ਉਹਨਾਂ ਨੂੰ ਜਾਣਕਾਰੀ ਦਿੱਤੀ ਜਾਵੇ ਤੇ ਜਦੋਂ ਅੱਜ ਉਹ ਆਇਆ ਤਾਂ ਉਸ ਨੂੰ ਮੌਕੇ ਤੋਂ ਹੀ ਫੜ ਲਿਆ ਗਿਆ ਹੈ। ਮੰਡੀ ਦੇ ਵਿੱਚ ਲਗਭਗ 127 ਦੇ ਕਰੀਬ ਰੇਹੜੀਆਂ ਲੱਗਦੀਆਂ ਹਨ, ਜਿਨਾਂ ਤੋਂ ਪ੍ਰਾਈਵੇਟ ਲੋਕ ਨਾਜਾਇਜ਼ ਵਸੂਲੀ ਕਰਦੇ ਹਨ ਅਤੇ ਉਹਨਾਂ ਨੂੰ ਡਰਾਉਂਦੇ ਧਮਕਾਉਂਦੇ ਹਨ। ਇਸ ਦੌਰਾਨ ਸਬਜ਼ੀ ਵਿਕਰੇਤਾ ਨੇ ਵੀ ਕਿਹਾ ਕਿ ਸਾਡੇ ਤੋਂ ਪਰਚੀ ਕੱਟੀ ਜਾਂਦੀ ਹੈ। ਉਸ ਦਾ ਕੋਈ ਹਿਸਾਬ ਨਹੀਂ ਦਿੱਤਾ ਜਾਂਦਾ, ਇਸ ਦੇ ਨਾਲ ਹੀ 15000 ਲੈਣ ਤੋਂ ਬਾਅਦ ਵੀ ਤਿੰਨ ਮਹੀਨੇ ਦੀ ਹੀ ਪਰਚੀ ਦਿੱਤੀ ਜਾਂਦੀ ਹੈ।
ਅਧਿਕਾਰੀਆਂ ਨੂੰ ਵੀ ਮੌਕੇ 'ਤੇ ਪਈ ਝਾੜ: ਛਾਪੇਮਾਰੀ ਤੋਂ ਬਾਅਦ ਵਿਧਾਇਕ ਵੱਲੋਂ ਮੰਡੀ ਦੇ ਵਿੱਚੋਂ ਪਿਛਲੇ ਅੱਠ ਮਹੀਨਿਆਂ ਦੇ ਅੰਦਰ ਵਿਭਾਗ ਵੱਲੋਂ ਕੱਟੀਆਂ ਗਈਆਂ ਪਰਚੀਆਂ ਦਾ ਰਿਕਾਰਡ ਵੀ ਮੰਗਵਾਇਆ ਗਿਆ ਅਤੇ ਸਾਫ ਤੌਰ 'ਤੇ ਗੁੰਡੇ ਬਦਮਾਸ਼ਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਕਿਸੇ ਵੀ ਤਰ੍ਹਾਂ ਦਾ ਮੰਡੀ ਦੇ ਵਿੱਚੋਂ ਗੁੰਡਾ ਟੈਕਸ ਵਸੂਲ ਕਰਦੇ ਹਨ ਤਾਂ ਉਹਨਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਵਿਧਾਇਕ ਨੇ ਮੰਡੀ ਵਿਚੋਂ ਟੈਕਸ ਦੇ ਰੂਪ 'ਚ ਪੈਸੇ ਇਕੱਠੇ ਕਰਨ ਵਾਲੇ ਇੰਸਪੈਕਟਰ ਨੂੰ ਬੁਲਾਇਆ ਤੇ ਉਸ ਨੂੰ ਮੌਕੇ 'ਤੇ ਹੀ ਝਾੜ ਵੀ ਪਾਈ।
- Lawrence Bishnoi Jail Interview Case: ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ 'ਚ ਅੱਜ ਸੁਣਵਾਈ, SIT ਨੇ ਇੰਟਰਵਿਊ ਰਾਜਸਥਾਨ 'ਚ ਹੋਣ ਦੀ ਜਤਾਈ ਸੀ ਸੰਭਾਵਨਾ
- Bollworm Attack on Crop: ਨਰਮੇ ਤੋਂ ਬਾਅਦ ਹੁਣ ਕਣਕ ਦੀ ਫ਼ਸਲ ’ਤੇ ਸੁੰਡੀ ਦੀ ਮਾਰ, ਕਿਸਾਨਾਂ ਨੇ ਸੁਣਾਏ ਦੁੱਖੜੇ
- Amritsar Police Encounter: ਜੰਡਿਆਲਾ ਗੁਰੂ ਵਿੱਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਗੋਲੀਬਾਰੀ, ਗੈਂਗਸਟਰ ਅਮਰੀ ਦੀ ਮੌਤ, ਇੱਕ ਪੁਲਿਸ ਅਧਿਕਾਰੀ ਜ਼ਖਮੀ
ਪੁਲਿਸ ਕੋਲ ਕਰਵਾਇਆ ਮਾਮਲਾ ਦਰਜ: ਵਿਧਾਇਕ ਨੇ ਕਿਹਾ ਕਿ ਜਿਹੜੇ ਲੋਕ ਮੰਡੀ ਵਿੱਚੋਂ ਨਾਜਾਇਜ਼ ਵਸੂਲੀ ਕਰਦੇ ਸਨ, ਉਹਨਾਂ ਦੇ ਖਿਲਾਫ ਲੁਧਿਆਣਾ ਦੇ ਸਰਾਭਾ ਨਗਰ ਪੁਲਿਸ ਸਟੇਸ਼ਨ ਵਿੱਚ ਮਾਮਲਾ ਵੀ ਦਰਜ ਕਰਵਾਇਆ ਗਿਆ ਹੈ ਅਤੇ ਪੁਲਿਸ ਨੂੰ ਉਹਨਾਂ 'ਤੇ ਸਖ਼ਤ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਉਹਨਾਂ ਕਿਹਾ ਕਿ ਗਰੀਬ ਲੋਕ ਸਬਜ਼ੀ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ ਪਰ ਇਹ ਲੋਕ ਉਹਨਾਂ ਕੋਲੋਂ ਨਾਜਾਇਜ਼ ਵਸੂਲੀ ਕਰਦੇ ਹਨ ਜੋ ਕਿ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।