ਲੁਧਿਆਣਾ/ਖੰਨਾ : ਖੰਨਾ ਵਿੱਚ ਡੀਜੀਪੀ ਗੌਰਵ ਯਾਦਵ ਦੇ ਦੌਰੇ ਤੋਂ ਕੁਝ ਘੰਟੇ ਬਾਅਦ ਹੀ ਚੋਰਾਂ ਨੇ ਸਾਈਂ ਮੰਦਰ ਵਿੱਚੋਂ ਮੂਰਤੀ ਸਮੇਤ ਕੀਮਤੀ ਸਾਮਾਨ ਚੋਰੀ ਕਰ ਲਿਆ ਹੈ। ਘਟਨਾ ਸਮਰਾਲਾ ਥਾਣੇ ਤੋਂ ਕਰੀਬ ਅੱਧਾ ਕਿਲੋਮੀਟਰ ਦੂਰ ਵਾਪਰੀ ਹੈ। ਇਸ ਘਟਨਾ ਤੋਂ ਬਾਅਦ ਸ਼ਰਧਾਲੂਆਂ 'ਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਰੱਬ ਦੇ ਘਰ ਹੀ ਸੁਰੱਖਿਅਤ ਨਹੀਂ ਤਾਂ ਪੁਲਿਸ ਕੀ ਗਸ਼ਤ ਕਰ ਰਹੀ ਹੈ। ਇਹ ਵਾਰਦਾਤ ਪੁਲਿਸ ਲਈ ਚੋਰਾਂ ਦੀ ਇੱਕ ਤਰ੍ਹਾਂ ਦੀ ਚੁਣੌਤੀ ਵੀ ਹੈ। ਕਿਉਂਕਿ ਇੱਕ ਪਾਸੇ ਖੰਨਾ 'ਚ ਕੁੱਝ ਘੰਟੇ ਪਹਿਲਾਂ ਡੀਜੀਪੀ ਗੌਰਵ ਯਾਦਵ ਲੁਧਿਆਣਾ ਰੇਂਜ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੰਦੇ ਹਨ, ਉੱਥੇ ਹੀ ਮੀਟਿੰਗ ਦੇ ਕੁਝ ਘੰਟੇ ਮਗਰੋਂ ਥਾਣੇ ਤੋਂ ਥੋੜੀ ਦੂਰੀ 'ਤੇ ਇੱਕ ਮੰਦਰ 'ਚ ਚੋਰੀ ਦੀ ਘਟਨਾ ਵਾਪਰ ਜਾਂਦੀ ਹੈ।
ਰਾਤ ਵੇਲੇ ਹੋਈ ਚੋਰੀ : ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਥਾਨਕ ਨਿਵਾਸੀ ਮੋਹਿਤ ਸ਼ਰਮਾ ਨੇ ਦੱਸਿਆ ਕਿ ਰਾਤ ਕਰੀਬ ਸਾਢੇ 10 ਵਜੇ ਮੰਦਰ ਬੰਦ ਕੀਤਾ ਗਿਆ ਸੀ। ਜਦੋਂ ਸਵੇਰੇ 4 ਵਜੇ ਦੇ ਕਰੀਬ ਖੋਲ੍ਹਿਆ ਗਿਆ ਤਾਂ ਦੇਖਿਆ ਕਿ ਮੰਦਰ ਵਿੱਚ ਚੋਰੀ ਹੋ ਗਈ ਹੈ। ਚੋਰਾਂ ਨੇ ਪਹਿਲਾਂ ਖਿੜਕੀ ਤੋੜੀ ਅਤੇ ਫਿਰ ਲੋਹੇ ਦੇ ਜਾਲ ਨੂੰ ਕੱਟਿਆ, ਜਿਸ ਤੋਂ ਬਾਅਦ ਇੱਟ ਨਾਲ ਸ਼ੀਸ਼ਾ ਤੋੜ ਕੇ ਮੂਰਤੀ ਚੋਰੀ ਕਰਕੇ ਲੈ ਗਏ। ਮੰਦਰ ਵਿੱਚੋਂ ਭਾਂਡੇ ਵੀ ਚੋਰੀ ਹੋ ਗਏ ਹਨ।
ਨਸ਼ੇੜੀਆਂ ਵੱਲੋਂ ਵਾਰਦਾਤ ਕਰਨ ਦਾ ਖ਼ਦਸ਼ਾ : ਮੋਹਿਤ ਨੇ ਕਿਹਾ ਕਿ ਨਸ਼ੇ ਦੇ ਆਦੀ ਨੌਜਵਾਨ ਇਲਾਕੇ ਵਿਚ ਘੁੰਮਦੇ ਰਹਿੰਦੇ ਹਨ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਨ੍ਹਾਂ ਨੌਜਵਾਨਾਂ ਨੇ ਹੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਮੂਰਤੀ ਚੋਰੀ ਹੋਣ ਕਾਰਨ ਅੱਜ ਸ਼ਰਧਾਲੂ ਮਁਥਾ ਵੀ ਨਹੀਂ ਟੇਕ ਸਕੇ। ਉਨ੍ਹਾਂ ਦੱਸਿਆ ਕਿ ਇਹ ਮੂਰਤੀ ਪਿੱਤਲ ਦੀ ਬਣੀ ਹੋਈ ਸੀ। ਜਿਸ ਕਾਰਨ ਚੋਰਾਂ ਨੇ ਮੂਰਤੀ ਚੋਰੀ ਕਰ ਲਈ। ਇਸ ਨਾਲ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚੀ ਹੈ। ਪੁਲਿਸ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਇੱਕ ਹੋਰ ਸ਼ਰਧਾਲੂ ਨੇ ਦੱਸਿਆ ਕਿ ਉਹ ਰੋਜ਼ਾਨਾ ਮੱਥਾ ਟੇਕਣ ਲਈ ਆਉਂਦਾ ਹੈ। ਚਿੱਟਾ ਪੀਣ ਵਾਲੇ ਨੌਜਵਾਨ ਅਕਸਰ ਇੱਥੇ ਆਉਂਦੇ ਹਨ। ਪੁਲਿਸ ਇਨ੍ਹਾਂ ਉੱਤੇ ਕਾਰਵਾਈ ਨਹੀਂ ਕਰਦੀ।
- 3 ਦਿਨ ਬੰਦ ਰਹੇਗੀ ਰੋਡਵੇਜ਼ ਦੀ ਲਾਰੀ, ਪੰਜਾਬ ਰੋਡਵੇਜ਼ ਦੇ ਕੱਚੇ ਕਾਮਿਆਂ ਵੱਲੋਂ ਐਲਾਨ, ਸੂਬਾ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਤੋਂ ਨੇ ਖ਼ਫ਼ਾ
- Weather update: ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆ 'ਚ ਮੀਂਹ ਦਾ ਅਲਰਟ, ਭਾਖੜਾ ਡੈਮ 'ਚ ਵਧਿਆ ਪਾਣੀ ਦਾ ਪੱਧਰ
- ਭਾਜਪਾ ਦੇ ਅਹੁਦੇਦਾਰਾਂ ਨਾਲ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕੀਤੀ ਮੀਟਿੰਗ, ਕਿਹਾ- ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਲੜਾਂਗੇ ਚੋਣ
ਇਸ ਮਾਮਲੇ ਵਿੱਚ ਫੋਨ ਰਾਹੀਂ ਗੱਲਬਾਤ ਕਰਦੇ ਹੋਏ ਐੱਸਐੱਚਓ ਭਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਆਸਪਾਸ ਲੱਗੇ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕਰ ਲਿਆ ਜਾਵੇਗਾ।