ਲੁਧਿਆਣਾ: ਜ਼ਿਲ੍ਹੇ ਦੇ ਪੁਲਿਸ ਕਮਿਸ਼ਨਰ ਦਫ਼ਤਰ ਬਾਹਰ ਉਸ ਸਮੇਂ ਅਫਰਾ-ਤਫਰੀ ਮੱਚ ਗਈ ਜਦੋਂ ਇੱਕ ਜੋੜੇ ਵੱਲੋਂ ਪੁਲਿਸ ਉਪਰ ਧੱਕੇ ਸ਼ਾਹੀ ਦੇ ਇਲਜ਼ਾਮ ਲਗਾ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ। ਮੋਕੇ ’ਤੇ ਮੌਜੂਦ ਪੱਤਰਕਾਰ ਵੱਲੋਂ ਮੁਸਤੈਦੀ ਨਾਲ ਉਨ੍ਹਾਂ ਨੂੰ ਖੁਦਕੁਸ਼ੀ ਕਰਨ ਤੋਂ ਰੋਕਿਆ ਗਿਆ। ਜੋੜੇ ਵੱਲੋਂ ਪੁਲਿਸ ਮੁਲਾਜ਼ਮਾਂ ਉਪਰ ਧੱਕੇ ਸ਼ਾਹੀ ਅਤੇ ਦੂਜੀ ਪਾਰਟੀ ਨਾਲ ਮਿਲ ਗ਼ਲਤ ਪਰਚੇ ਪਾਉਣ ਦੇ ਇਲਜ਼ਾਮ ਲਗਾਏ ਗਏ ਸਨ। ਇਸ ਮੌਕੇ ਤੇ ਪਹੁੰਚੇ ਜੁਆਇੰਟ ਕਮਿਸ਼ਨਰ ਨੇ ਦੰਪਤੀ ਨੂੰ ਇਨਸਾਫ ਦਾ ਭਰੋਸਾ ਵੀ ਦਿੱਤਾ ਗਿਆ ਸੀ।
ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਮੱਤਵਾੜਾ ਪੁਲਿਸ ਸਟੇਸ਼ਨ ਉਹ ਕਈ ਵਾਰ ਇਨਸਾਫ਼ ਲਈ ਗਏ ਪਰ ਉਨ੍ਹਾਂ ਨੂੰ ਖੱਜਲ ਖੁਆਰੀ ਤੋਂ ਹੋਰ ਕੁਝ ਵੀ ਨਸੀਬ ਨਹੀਂ ਹੋਇਆ ਜਿਸ ਤੋਂ ਬਾਅਦ ਉਹ ਮਜ਼ਬੂਰਨ ਪੁਲਿਸ ਕਮਿਸ਼ਨਰ ਦਫਤਰ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਉਹ ਹੁਣ ਖੁਦਕੁਸ਼ੀ ਕਰਨਗੇ। ਇੰਨ੍ਹਾਂ ਕਹਿੰਦਿਆਂ ਹੀ ਦੋਵਾਂ ਵੱਲੋਂ ਆਪਣੇ ਉੱਪਰ ਪੈਟਰੋਲ ਪਾ ਲਿਆ ਜਿਸਨੂੰ ਪੱਤਰਕਾਰ ਵੱਲੋਂ ਰੋਕ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਬੀਤੇ ਦਿਨ ਪੁਲੀਸ ਸਟੇਸ਼ਨ ਤੋਂ ਫੋਨ ਕਰਕੇ ਸਾਨੂੰ ਧਮਕੀ ਦਿੱਤੀ ਗਈ ਕਿ ਜਾਂ ਤਾਂ ਡੇਢ ਲੱਖ ਰੁਪਏ ਦਿੱਤਾ ਜਾਵੇ ਨਹੀਂ ਤਾਂ ਉਨ੍ਹਾਂ ’ਤੇ ਸੰਗੀਨ ਧਰਾਵਾਂ ਤਹਿਤ ਪਰਚਾ ਪਾ ਦਿੱਤਾ ਜਾਵੇਗਾ। ਦੋਵੇਂ ਦੰਪਤੀ ਨੇ ਕਿਹਾ ਕਿ ਅਸੀਂ ਬਹੁਤ ਦੁਖੀ ਹੋ ਚੁੱਕੇ ਹਾਂ ਅਤੇ ਇਸ ਕਰਕੇ ਪੁਲਿਸ ਕਮਿਸ਼ਨਰ ਦਫਤਰ ਅੱਗੇ ਖੁਦ ਨੂੰ ਅੱਗ ਲਾ ਕੇ ਖ਼ਤਮ ਕਰਨ ਆਏ ਹਨ।
ਲੁਧਿਆਣਾ ਦੇ ਜੁਆਇੰਟ ਕਮਿਸ਼ਨਰ ਨੇ ਇਸ ਮਸਲੇ ਸਬੰਧੀ ਬੋਲਦਿਆਂ ਕਿਹਾ ਕਿ ਖੁਦਕੁਸ਼ੀ ਦੀ ਕੋਸ਼ਿਸ਼ ਡਰਾਮਾ ਹੈ। ਉਨ੍ਹਾਂ ਕਿਹਾ ਕਿ ਦੋ ਧਿਰਾਂ ਵਿੱਚ ਆਪਸੀ ਤਕਰਾਰਬਾਜ਼ੀ ਸੀ ਅਤੇ ਪੁਲਿਸ ਦਬਾਓ ਬਣਾਉਣ ਦੇ ਚੱਲਦੇ ਅਜਿਹਾ ਕਦਮ ਚੁੱਕਿਆ ਗਿਆ ਹੈ। ਪੁਲਿਸ ਅਧਿਕਾਰੀ ਨੇ ਸਖ਼ਤ ਚਿਤਾਵਨੀ ਦਿੱਤੀ ਹੈ ਕਿ ਅਜਿਹਾ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ: ਦੋਰਾਹਾ ਧਾਗਾ ਫੈਕਟਰੀ 'ਚ ਲੱਗੀ ਭਿਆਨਕ ਅੱਗ