ਲੁਧਿਆਣਾ: ਹਿੰਦੂ ਸਿੱਖ ਜਾਗਰਿਤੀ ਮੰਚ ਦੇ ਪ੍ਰਧਾਨ ਪ੍ਰਵੀਨ ਡੰਗ ਵੱਲੋਂ ਵੀਰਵਾਰ ਨੂੰ ਪ੍ਰੈਸ ਕਾਨਫ਼ਰੰਸ ਕਰਕੇ ਹਲਵਾਰਾ ਏਅਰਪੋਰਟ ਦਾ ਨਾਂਅ ਦੀਵਾਨ ਟੋਡਰ ਮੱਲ ਰੱਖਣ ਦੀ ਮੰਗ ਕੀਤੀ ਗਈ। ਦੀਵਾਨ ਟੋਡਰ ਮੱਲ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੇ ਅੰਤਿਮ ਸਸਕਾਰ ਲਈ ਕੀਤੀ ਗਈ ਕੁਰਬਾਨੀ ਨੂੰ ਯਾਦ ਕਰਦਿਆਂ ਉਨ੍ਹਾਂ ਨੇ ਇਹ ਮੰਗ ਕੀਤੀ।
ਪ੍ਰਵੀਨ ਡੰਗ ਨੇ ਕਿਹਾ ਕਿ ਪੰਜਾਬ ਦੇ ਵਿੱਚ ਹਿੰਦੂ-ਸਿੱਖ ਭਾਈਚਾਰਕ ਸਾਂਝ ਬਰਕਰਾਰ ਰੱਖਣ ਲਈ ਇਹ ਜ਼ਰੂਰੀ ਹੈ ਕਿ ਦੀਵਾਨ ਟੋਡਰ ਮੱਲ ਨੂੰ ਯਾਦ ਕੀਤਾ ਜਾਵੇ। ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਦੇ ਅੰਤਿਮ ਸਸਕਾਰ ਲਈ ਦੀਵਾਨ ਟੋਡਰ ਮੱਲ ਨੇ 78 ਹਜ਼ਾਰ ਸੋਨੇ ਦੀਆਂ ਅਸ਼ਰਫ਼ੀਆਂ ਦਿੱਤੀਆਂ ਸਨ।
ਇਹ ਵੀ ਪੜ੍ਹੋ: ਨਾਭਾ ਰਿਆਸਤ ਦੀ ਨਿਸ਼ਾਨੀ ਜੈਤੋ ਦਾ ਇਤਿਹਾਸਕ ਕਿਲਾ ਹੋਇਆ ਢਹਿ-ਢੇਰੀ
ਡੰਗ ਨੇ ਕਿਹਾ ਕਿ ਉਨ੍ਹਾਂ ਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਨਾ ਤਾਂ ਦੀਵਾਨ ਟੋਡਰ ਮੱਲ ਬਾਰੇ ਕਿਤਾਬਾਂ ਦੇ ਵਿੱਚ ਪੜ੍ਹਾਇਆ ਜਾ ਰਿਹਾ ਹੈ ਅਤੇ ਨਾ ਹੀ ਸਾਡੀ ਨੌਜਵਾਨ ਪੀੜ੍ਹੀ ਨੂੰ ਉਨ੍ਹਾਂ ਦੇ ਇਤਿਹਾਸ ਬਾਰੇ ਦੱਸਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਖ਼ੁਦ ਹਿੰਦੂ ਨਿਆਇ ਪੀਠ ਵੱਲੋਂ ਹਵੇਲੀ ਦਾ ਦੌਰਾ ਵੀ ਕੀਤਾ, ਜਿਸ ਦੀ ਹਾਲਤ ਕਾਫ਼ੀ ਖਸਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਐਸਜੀਪੀਸੀ ਅਤੇ ਪੰਜਾਬ ਸਰਕਾਰ ਨੂੰ ਪੱਤਰ ਵੀ ਲਿਖਿਆ ਹੈ।