ਲੁਧਿਆਣਾ: ਵਿਧਾਨ ਸਭਾ ਹਲਕਾ ਰਾਏਕੋਟ ਵਿੱਚ ਉਸਾਰੀ ਅਧੀਨ ਕੌਮਾਂਤਰੀ ਹਵਾਈ ਅੱਡੇ ਦਾ ਨਾਂਅ ਹੁਣ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂਅ ਉੱਤੇ ਰੱਖਿਆ ਜਾਵੇਗਾ। ਪੰਜਾਬ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਪੰਜਾਬ ਨੇ ਇਸ ਸਬੰਧੀ ਲਿਆਂਦੇ ਮਤੇ ਉੱਤੇ ਮੋਹਰ ਲਗਾ ਦਿੱਤੀ ਹੈ। ਹਾਲਾਂਕਿ, ਏਅਰਪੋਰਟ ਦਾ ਕੰਮ ਫਿਲਹਾਲ ਕਾਫੀ ਹੌਲੀ ਰਫਤਾਰ ਵਿੱਚ ਚੱਲ ਰਿਹਾ ਹੈ, ਪਰ ਇਸ ਦੇ ਨਾਂਅ ਨੂੰ ਲੈ ਕੇ ਹਲਵਾਰਾ ਵਾਸੀਆਂ ਨੇ 2020 ਵਿੱਚ ਹੀ ਮੁਹਿੰਮ ਵਿੱਢ ਦਿੱਤੀ ਸੀ। ਇੱਥੋਂ ਤੱਕ ਕੇ ਨੌਜਵਾਨਾਂ ਨੇ ਇਸ ਮੁਹਿੰਮ ਨੂੰ ਲੈਕੇ ਪਰਚੇ ਵੀ ਹੋਏ ਸਨ, ਪਰ 4 ਸਾਲ ਦੇ ਸੰਘਰਸ਼ ਅਤੇ ਆਪਣੇ ਖੂਨ ਨਾਲ ਲਿਖੇ ਮੰਗ ਪੱਤਰ ਦੇ ਸਦਕਾ ਆਖਿਰਕਾਰ ਉਨ੍ਹਾ ਦੀ ਮੰਗ ਨੂੰ ਬੂਰ ਪਿਆ ਹੈ।
ਕਾਂਗਰਸ ਸਰਕਾਰ ਦੇ ਵੇਲ੍ਹੇ ਤੋਂ ਚੱਲ ਰਿਹਾ ਸੀ ਸੰਘਰਸ਼: ਹੁਣ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂਅ ਉੱਤੇ ਹੁਣ ਹਲਵਾਰਾ ਏਅਰਪੋਰਟ ਦਾ ਨਾਂ ਰੱਖਿਆ ਜਾਵੇਗਾ। ਨੌਜਵਾਨ ਆਗੂ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕਾਂਗਰਸ ਵੇਲ੍ਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਇਸ ਦਾ ਐਲਾਨ ਕੀਤਾ ਸੀ, ਉਸ ਵੇਲ੍ਹੇ ਤੋਂ ਹੀ ਉਹ ਕੌਮਾਂਤਰੀ ਏਅਰਪੋਰਟ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ 'ਤੇ ਰੱਖਣ ਦੀ ਮੰਗ ਕਰ ਰਹੇ ਸਨ। ਇਸ ਸਬੰਧੀ ਉਨ੍ਹਾਂ ਵੱਲੋਂ ਹਲਵਾਰਾ ਏਅਰਪੋਰਟ 'ਤੇ ਲੱਗੇ ਬੋਰਡਾਂ ਤੇ ਕਾਲਕ ਲਗਾਈ ਗਈ ਜਿਸ ਕਰਕੇ ਉਨ੍ਹਾਂ ਉੱਤੇ ਪਰਚਾ ਵੀ ਹੋਇਆ। ਕਾਂਗਰਸ ਦੇ ਕੈਬਨਿਟ ਮੰਤਰੀਆਂ ਨੂੰ ਮੰਗ ਪੱਤਰ ਵੀ ਸੌਂਪੇ ਗਏ ਸੀ।
ਨੌਜਵਾਨਾਂ ਨੇ ਇਹ ਵੀ ਮੰਗ ਕੀਤੀ ਕਿ ਭਗਵੰਤ ਮਾਨ ਬੱਚਿਆਂ ਦੀ ਪੜਾਈ ਦੇ ਸਲੈਬਸ ਵਿੱਚ ਕਰਤਾਰ ਸਿੰਘ ਸਰਾਭਾ ਸਣੇ ਹੋਰ ਵੀ ਸਾਰੇ ਕ੍ਰਾਂਤੀਰਾਰੀਆਂ ਦੇ ਨਾਮ ਸ਼ਾਮਲ ਕਰਨ, ਤਾਂ ਜੋ ਬੱਚਿਆਂ ਨੂੰ ਇਤਿਹਾਸ ਬਾਰੇ ਪਤਾ ਲੱਗ ਸਕੇ।
ਕਾਂਗਰਸ ਵੱਲੋਂ ਪਾਰਟੀ 'ਚ ਸ਼ਾਮਲ ਹੋਣ ਦਾ ਦਬਾਅ !: ਨੌਜਵਾਨਾਂ ਨੇ ਕਿਹਾ ਕਿ ਸਾਡੇ ਉੱਤੇ ਕਾਂਗਰਸ ਵਿੱਚ ਸ਼ਾਮਿਲ ਹੋਣ ਦਾ ਦਬਾਅ ਵੀ ਪਾਇਆ ਗਿਆ। ਇੰਨਾ ਹੀ ਨਹੀਂ, ਸਰਕਾਰ ਬਦਲਣ ਤੋਂ ਬਾਅਦ ਵੀ ਉਨ੍ਹਾਂ ਨੇ ਆਪਣੀ ਇਹ ਮੰਗ ਜਾਰੀ ਰੱਖੀ ਅਤੇ 4 ਸਾਲ ਲੰਮਾ ਸੰਘਰਸ਼ ਲੜਨ ਤੋਂ ਬਾਅਦ ਆਖਰ ਮੁੱਖ ਮੰਤਰੀ ਪੰਜਾਬ ਨੇ ਇਸ ਦਾ ਐਲਾਨ ਬਾਅਦ ਵਿੱਚ ਕੀਤਾ ਹੈ ਜਿਸ ਤੋਂ ਕਾਫੀ ਖੁਸ਼ ਹਨ। ਨੌਜਵਾਨਾਂ ਨੇ ਮੰਗ ਕੀਤੀ ਕਿ ਏਅਰਪੋਰਟ ਦਾ ਕੰਮ ਰੁਕਿਆ ਹੋਇਆ ਹੈ। ਉਸ ਨੂੰ ਜਲਦ ਪੂਰਾ ਕਰਨਾ ਚਾਹੀਦਾ ਹੈ, ਤਾਂ ਜੋ ਇਲਾਕਾ ਵਾਸੀਆਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਮਿਲ ਸਕਣ।
ਸਥਾਨਕ ਵਾਸੀਆਂ ਨੇ ਸਰਕਾਰ ਦੇ ਐਲਾਨ ਦਾ ਸਵਾਗਤ ਕੀਤਾ: ਪਿੰਡ ਵਾਸੀਆਂ ਨੇ ਦੱਸਿਆ ਕਿ ਸਾਨੂੰ ਖੁਸ਼ੀ ਤਾਂ ਹੈ, ਪਰ ਅੱਜ ਤਕ ਸਮੇਂ ਦੀਆਂ ਸਰਕਾਰਾਂ ਵੱਲੋਂ ਸਾਡੇ ਸ਼ਹੀਦਾਂ ਨੂੰ ਸ਼ਹੀਦ ਦਾ ਦਰਜਾ ਤੱਕ ਨਹੀਂ ਦਿੱਤਾ ਗਿਆ ਜਿਸ ਦਾ ਉਨ੍ਹਾ ਨੂੰ ਮਲਾਲ ਵੀ ਹੈ। ਨੌਜਵਾਨਾਂ ਨੇ ਦੱਸਿਆ ਕੇ ਸ਼ਹੀਦਾਂ ਨੂੰ ਸਨਮਾਨ ਦੇਣਾ ਚਾਹੀਦਾ ਹੈ। ਉਨ੍ਹਾ ਨੇ ਨਾਲ ਹੀ ਕਿਹਾ ਕਿ ਸਾਡੇ ਅਜਿਹੇ ਸ਼ਹੀਦ ਵੀ ਹਨ, ਜਿਨ੍ਹਾਂ ਨੂੰ ਅੱਜ ਵੀ ਇਤਿਹਾਸ ਵਿੱਚ ਪੜ੍ਹਾਇਆ ਜਾਂਦਾ ਹੈ।