ਲੁਧਿਆਣਾ: ਦੇਸ਼ ਭਰ ਦੇ ਵਪਾਰੀਆਂ ਵੱਲੋਂ ਇਕਜੁੱਟ ਹੋ ਕੇ BAP ਪਾਰਟੀ ਦਾ ਨਿਰਮਾਣ ਕੀਤਾ ਗਿਆ ਹੈ। ਲੁਧਿਆਣਾ ਵਿੱਚ ਇਸ ਦਾ ਐਲਾਨ ਕੀਤਾ ਗਿਆ ਹੈ। ਪਾਰਟੀ ਦੇ ਕੌਮੀ ਪ੍ਰਧਾਨ ਤਰੁਨ ਬਾਵਾ ਦੀ ਅਗਵਾਈ ਹੇਠ ਵੱਡੀ ਤਾਦਾਦ ‘ਚ ਵਪਾਰੀ ਇਕੱਠੇ ਹੋਏ ਅਤੇ ਮਿਸ਼ਨ ਪੰਜਾਬ 2022 ਲਹਿਰ ਦੇ ਤਹਿਤ ਪਾਰਟੀ ਵੱਲੋਂ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਗਿਆ ਅਤੇ ਕਿਹਾ ਗਿਆ ਕਿ ਪਾਰਟੀ 117 ਸੀਟਾਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ ਅਤੇ ਪੰਜਾਬ ਵਿਧਾਨ ਸਭਾ ਦਾ ਮੋਰਚਾ ਫਤਹਿ ਕਰਨ ਤੋਂ ਬਾਅਦ ਫਿਰ 2024 ‘ਤੇ ਉਨ੍ਹਾਂ ਦੀ ਨਜ਼ਰ ਹੋਵੇਗੀ। ਇਸ ਦੌਰਾਨ ਵਪਾਰੀਆਂ ਨੇ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੂੰ ਆਪਣਾ ਸਮਰਥਨ ਦਿੱਤਾ ਅਤੇ ਕਿਹਾ ਕਿ ਉਹ ਉਨ੍ਹਾਂ ਦੀ ਅਗਵਾਈ ‘ਚ ਪੰਜਾਬ ਅੰਦਰ ਇਹ ਮਿਸ਼ਨ ਫਤਿਹ ਕਰਨਗੇ।
ਇਸ ਦੌਰਾਨ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ((Gurnam Singh Chaduni) ) ਨੇ ਆਪਣੇ ਸਸਪੈਂਡ ਹੋਣ ਬਾਰੇ ਕਿਹਾ ਕਿ ਕਾਫੀ ਦਿਨ ਪਹਿਲਾਂ ਉਨ੍ਹਾਂ ‘ਤੇ ਹੀ ਕਾਰਵਾਈ ਕੀਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਸਾਰੀਆਂ ਜਥੇਬੰਦੀਆਂ ਦਾ ਮਨੋਰਥ ਇੱਕੋ ਹੀ ਹੈ ਪਰ ਵਿਚਾਰਧਾਰਾ ਵਿੱਚ ਜ਼ਰੂਰ ਅੰਤਰ ਹੋ ਸਕਦਾ ਹੈ।
ਚੜੂਨੀ ਨੇ ਸਾਫ ਕਿਹਾ ਕਿ ਸਿਰਫ ਅੰਦੋਲਨ ਕਰਨ ਨਾਲ ਕੁਝ ਨਹੀਂ ਹੋਵੇਗਾ ਜੇਕਰ ਅੰਦੋਲਨ ਸਫਲ ਵੀ ਹੋ ਜਾਂਦਾ ਹੈ ਤਾਂ ਵੀ ਕਿਸਾਨਾਂ ਦਾ ਇਹੀ ਹਾਲ ਰਹੇਗਾ ਕਿਉਂਕਿ ਕਾਨੂੰਨ ਲਾਗੂ ਹੋਣ ਤੋਂ ਪਹਿਲਾਂ ਵੀ ਕਿਸਾਨ ਖੁਦਕੁਸ਼ੀਆਂ ਕਰਦੇ ਸਨ ਇਸ ਲਈ ਜੇਕਰ ਕਿਸਾਨਾਂ ਪ੍ਰਤੀ ਆਮ ਲੋਕਾਂ ਪ੍ਰਤੀ ਨੀਤੀਆਂ ਵਿੱਚ ਬਦਲਾਅ ਕਰਨਾ ਹੈ ਤਾਂ ਕਿਸਾਨਾਂ ਨੂੰ ਚੰਗੇ ਲੋਕਾਂ ਨੂੰ ਇਮਾਨਦਾਰ ਲੋਕਾਂ ਨੂੰ ਸਿਆਸਤ ਵਿੱਚ ਆਉਣਾ ਹੀ ਪਵੇਗਾ।
ਚੜੂਨੀ ਨੇ ਕਿਹਾ ਕਿ ਪੰਜਾਬ ਦੇ ਲੋਕ ਸਮਝਦਾਰ ਹਨ ਅਤੇ ਇਸ ਕਰਕੇ ਮਿਸ਼ਨ ਪੰਜਾਬ ਦੀ ਸ਼ੁਰੁਆਤ ਕੀਤੀ ਗਈ ਹੈ ਇੱਥੋਂ ਹੀ ਵਿਧਾਨ ਸਭਾ ਚੋਣਾਂ ‘ਚ ਹਿੱਸਾ ਲੈਣ ਤੋਂ ਬਾਅਦ ਉਹ ਆਪਣਾ ਅਗਲਾ ਸਫ਼ਰ ਤੈਅ ਕਰਨਗੇ ਹਾਲਾਂਕਿ ਉਨ੍ਹਾਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਨਵੀਂ ਪਾਰਟੀ ਤਾਂ ਨਹੀਂ ਬਣਾਈ ਗਈ ਪਰ ਇਸ ਦਾ ਫ਼ੈਸਲਾ ਆਉਣ ਵਾਲੇ ਕੁਝ ਦਿਨਾਂ ਵਿਚ ਕੀਤਾ ਜਾਵੇਗਾ।
ਇਹ ਵੀ ਪੜ੍ਹੋ:ਜੰਡਿਆਲਾ ਗੁਰੂ ਕਣਕ ਭੰਡਾਰ ਕਾਂਡ: ਭਰਤ ਭੂਸ਼ਣ ਆਸ਼ੂ ਨੇ 2 ਅਧਿਕਾਰੀ ਕੀਤੇ ਮੁਅੱਤਲ