ਲੁਧਿਆਣਾ: ਸਰਕਾਰ ਨੇ ਇੱਕ ਅਹਿਮ ਫਰਮਾਨ ਸੁਣਾਉਂਦਿਆਂ ਵਿਦੇਸ਼ ਤੋਂ ਆ ਰਹੇ ਐਨ.ਆਰ.ਆਈਜ਼. ਨੂੰ ਲਿਆਉਣ ਲਈ ਲੁਧਿਆਣਾ ਦੇ ਸਰਕਾਰੀ ਅਧਿਆਪਕਾਂ ਦੀਆਂ ਡਿਊਟੀਆਂ ਲਈਆਂ ਹਨ।
ਗਲਾਡਾ ਦੇ ਅਧੀਨ ਇਨ੍ਹਾਂ ਪ੍ਰਵਾਸੀ ਭਾਰਤੀਆਂ ਨੂੰ ਲਿਆਉਣ ਲਈ ਬਕਾਇਦਾ ਜਾਰੀ ਹੋਈ ਇੱਕ ਸੂਚੀ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਵੀ ਖੜ੍ਹੇ ਹੋ ਰਹੇ ਹਨ। 25 ਅਧਿਆਪਕਾਂ ਨੂੰ ਅੱਜ ਬਾਹਰੋਂ ਆ ਰਹੇ ਵਿਦੇਸ਼ੀਆਂ ਨੂੰ ਲਿਆਉਣ ਲਈ ਲੁਧਿਆਣਾ ਦੇ ਗਲਾਡਾ ਦਫ਼ਤਰ ਹਾਜ਼ਰੀ ਲਗਾਉਣੀ ਸੀ ਪਰ ਇਨ੍ਹਾਂ ਚੋਂ ਸਿਰਫ 11 ਅਧਿਆਪਕ ਹੀ ਪਹੁੰਚੇ ਜਿਨ੍ਹਾਂ ਨੇ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ।
ਦੂਜੇ ਪਾਸੇ ਲੁਧਿਆਣਾ ਦੀ ਜ਼ਿਲ੍ਹਾ ਸਿੱਖਿਆ ਅਫ਼ਸਰ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਇਹ ਡਿਊਟੀਆਂ ਲਾਈਆਂ ਜਾਂਦੀਆਂ ਹਨ ਜੋ ਵੀ ਡਿਮਾਂਡ ਪ੍ਰਸ਼ਾਸਨ ਵੱਲੋਂ ਕੀਤੀ ਜਾਂਦੀ ਹੈ ਉਹ ਪੂਰੀ ਕਰਦੇ ਹਨ।
ਇਸ ਸਬੰਧੀ ਗਲਾਡਾ ਦੇ ਅਸਿਸਟੈਂਟ ਅਫ਼ਸਰ ਗੁਰਮੀਤ ਸਿੰਘ ਬਰਾੜ ਨੇ ਕਿਹਾ ਕਿ ਸਿਰਫ ਸਿੱਖਿਆ ਵਿਭਾਗ ਨਹੀਂ ਸਗੋਂ ਹਰ ਵਿਭਾਗ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀਆਂ ਡਿਊਟੀਆਂ ਲਾਈਆਂ ਜਾ ਰਹੀਆਂ ਹਨ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ 25 ਅਧਿਆਪਕਾਂ ਦੀਆਂ ਡਿਊਟੀਆਂ ਲੱਗੀਆਂ ਸਨ ਜਿਨ੍ਹਾਂ ਚੋਂ ਅੱਜ ਸਵੇਰੇ ਉਨ੍ਹਾਂ ਕੋਲ 11 ਹੀ ਹਾਜ਼ਰੀ ਲਗਾਉਣ ਪਹੁੰਚੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਅਧਿਆਪਕਾਂ ਦਾ ਕਿਸੇ ਵੀ ਤਰ੍ਹਾਂ ਪ੍ਰਵਾਸੀਆ ਭਾਰਤੀਆਂ ਨਾਲ ਕੋਈ ਸੰਪਰਕ ਨਹੀਂ ਹੁੰਦਾ ਕਿਉਂਕਿ ਇਨ੍ਹਾਂ ਵੱਲੋਂ ਸਿਰਫ ਉਨ੍ਹਾਂ ਦੀ ਗਿਣਤੀ ਕੀਤੀ ਜਾਵੇਗੀ ਅਤੇ ਵੱਖ ਵੱਖ ਗੱਡੀਆਂ 'ਚ ਬਿਠਾ ਕੇ ਉਨ੍ਹਾਂ ਨੂੰ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਇੱਕ ਵਾਰੀ ਅਧਿਆਪਕ ਦੀ ਡਿਊਟੀ ਲੱਗਣ ਤੋਂ ਬਾਅਦ ਉਸ ਨੂੰ ਚਾਰ ਤੋਂ ਪੰਜ ਦਿਨ ਦੀ ਰੈਸਟ ਵੀ ਦਿੱਤੀ ਜਾਂਦੀ ਹੈ।
ਹਾਲਾਂਕਿ ਦੋਵਾਂ ਵਿਭਾਗਾਂ ਦੇ ਅਫ਼ਸਰਾਂ ਨੇ ਸਰਕਾਰ ਦੀ ਡਿਮਾਂਡ ਅਤੇ ਕੋਵਿਡ ਤੋਂ ਬਚਾਅ ਦੀ ਗੱਲ ਕਹਿ ਕੇ ਆਪਣਾ ਪੱਲਾ ਜ਼ਰੂਰ ਝਾੜ ਲਿਆ ਹੈ ਪਰ ਅਧਿਆਪਕ ਕੋਈ ਕੈਮਰੇ ਅੱਗੇ ਨਹੀਂ ਆਉਣਾ ਚਾਹੁੰਦਾ। ਹਾਲਾਂਕਿ ਸਰਕਾਰੀ ਅਧਿਆਪਕਾਂ ਦੀਆਂ ਡਿਊਟੀਆਂ ਅਜਿਹੇ ਕੰਮਾਂ 'ਤੇ ਲਾਉਣ ਨੂੰ ਲੈਕੇ ਸਵਾਲ ਜ਼ਰੂਰ ਖੜ੍ਹੇ ਹੋ ਰਹੇ ਹਨ।