ਲੁਧਿਆਣਾ: ਲੰਘੇ ਦਿਨੀਂ ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਪੰਜਾਬ ਦੀ ਕੈਬਿਨੇਟ ਬੈਠਕ ਵਿੱਚ ਵੀਡੀਓ ਕਾਨਫਰੰਸ ਰਾਹੀਂ ਹਿੱਸਾ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਫ਼ ਕੀਤਾ ਕਿ ਪੰਜਾਬ ਵਿੱਚ ਉਦੋਂ ਸਕੂਲ ਕਾਲਜ ਖੋਲੇ ਜਾਣਗੇ ਜਦੋਂ ਸਟੈਂਡਰਡ ਓਪਰੇਟਿੰਗ ਪ੍ਰੋਸੀਜ਼ਰ (sop) ਤਿਆਰ ਹੋ ਜਾਵੇਗਾ।
ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਕੂਲ ਖੋਲਣ ਦਾ ਫੈਸਲਾ ਕਰ ਲਿਆ ਹੈ ਪਰ ਉਦੋਂ ਜਦੋਂ sop ਤਿਆਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਟੈਂਡਰਡ ਓਪਰੇਟਿੰਗ ਪ੍ਰੋਸੀਜ਼ਰ ਸਿਹਤ ਮਹਿਕਮੇ ਨਾਲ ਰਾਬਤਾ ਕਾਇਮ ਕਰਨ ਤੋਂ ਬਾਅਦ ਵਿੱਚ ਹੀ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਸਕੂਲ ਖੋਲਣ ਦੇ ਪਹਿਲੇ ਪੜਾਅ ਵਿੱਚ 9 ਤੋਂ 12 ਕਲਾਸਾਂ ਨੂੰ ਸਕੂਲ ਜਾਣ ਦੀ ਇਜ਼ਾਜਤ ਦਿੱਤੀ। ਉਹ ਵੀ ਉਦੋਂ ਜਦੋਂ ਮਾਪੇ ਆਪਣੇ ਬਚਿਆਂ ਨੂੰ ਸਕੂਲ ਜਾਣ ਦੀ ਆਗਿਆ ਦੇਣਗੇ। ਇਹ ਪੂਰੀ ਤਰ੍ਹਾਂ ਮਾਪਿਆਂ ਉੱਤੇ ਨਿਰਭਰ ਹੈ। ਉਨ੍ਹਾਂ ਕਿਹਾ ਕਿ ਜੇਕਰ ਮਾਪੇ ਆਪਣੇ ਬੱਚੇ ਨੂੰ ਸਕੂਲ ਨਹੀਂ ਭੇਜਣਾ ਚਾਹੁੰਦੇ ਤਾਂ ਉਹ ਆਨਲਾਈਨ ਕਾਲਸਾਂ ਰਾਹੀਂ ਘਰ ਬੈਠ ਕੇ ਆਪਣੇ ਬਚਿਆਂ ਨੂੰ ਪੜਾ ਸਕਦੇ ਹਨ।
ਖੇਤੀ ਕਾਨੂੰਨਾਂ ਵਿਰੁੱਧ ਬੋਲਦੇ ਹੋਏ ਸਿੱਖਿਆ ਮੰਤਰੀ ਨੇ ਕਿਹਾ ਕਿ ਜਿਹੜੇ ਖੇਤੀ ਕਾਨੂੰਨ ਕੇਂਦਰ ਦੀ ਸਰਕਾਰ ਕਿਸਾਨਾਂ ਦੇ ਲਈ ਲੈ ਕੇ ਆਈ ਹੈ ਇਹ ਕਿਸਾਨ ਮਾਰੂ ਹੈ ਤੇ ਕਿਸਾਨ ਵਿਰੋਧ ਹਨ। ਇਸ ਨਾਲ ਸਿਰਫ਼ ਕਿਸਾਨੀ ਪ੍ਰਭਾਵਿਤ ਨਹੀਂ ਹੋਵੇਗੀ ਇਸ ਨਾਲ ਆੜਤੀ, ਮਜ਼ਦੂਰ, ਦੁਕਾਨਦਾਰ ਤੇ ਹੋਰ ਵੀ ਦੂਜੇ ਵਰਗ ਵੀ ਕਾਫ਼ੀ ਪ੍ਰਭਾਵਿਤ ਹੋਣਗੇ। ਉਨ੍ਹਾਂ ਕਿਹਾ ਕਿ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਨ੍ਹਾਂ ਕਾਨੂੰਨਾਂ ਵਿਰੁੱਧ ਨਿਆਂਇਕ ਲੜਾਈ ਲੜਣ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਨੇ ਇਸ ਨਿਆਂਇਕ ਲੜਾਈ ਲਈ ਕਾਨੂੰਨੀ ਮਾਹਿਰਾਂ ਨਾਲ ਗੱਲਬਾਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਨੂੰਨੀ ਮਾਹਿਰਾਂ ਦੀ ਸਲਾਹ ਨਾਲ ਹੀ ਵਿਧਾਨ ਸਭਾ ਦਾ ਇਜਲਾਸ ਸੱਦਿਆ ਗਿਆ ਹੈ ਅਤੇ ਇਸ ਕਨੂੰਨ ਤੋਂ ਕਿਸਾਨਾਂ ਨੂੰ ਕਿਵੇਂ ਨਿਜਾਤ ਦਿਵਾਉਣੀ ਹੈ ਇਸ ਬਾਰੇ ਸਰਕਾਰ ਸੋਚ ਵਿਚਾਰ ਕਰ ਰਹੀ ਹੈ ਅਤੇ ਪੂਰੀ ਵਾਹ ਲਾ ਰਹੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਸੁਖਬੀਰ ਬਾਦਲ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਦੋਂ ਪੰਜਾਬ ਉੱਤੇ ਕੋਈ ਵਿਪਤਾ ਆਉਂਦੀ ਤਾਂ ਉਦੋਂ ਅਕਾਲੀ ਦਲ ਕਿੱਥੇ ਜਾਂਦਾ ਹੈ।