ਚੰਡੀਗੜ੍ਹ: ਪੰਜਾਬ ਪੰਚਾਇਤ ਸਕੱਤਰ ਯੂਨੀਅਨ ਵੱਲੋਂ ਚੰਡੀਗੜ੍ਹ ਵਿਖੇ ਇੱਕ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਯੂਨੀਅਨ ਦੇ ਪ੍ਰਧਾਨ ਸੁਖਪਾਲ ਸਿੰਘ ਗਿੱਲ ਵੱਲੋਂ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਹੋਏ ਬੀਡੀਪੀਓ ਉੱਤੇ ਗੰਭੀਰ ਇਲਜ਼ਾਮ ਲਾਏ ਹਨ।
ਸੁਖਪਾਲ ਸਿੰਘ ਨੇ ਦੱਸਿਆ ਕਿ ਧਨਵੰਤ ਰੰਧਾਵਾ ਜੋ ਕਿ ਅਦਾਲਤ ਵੱਲੋਂ 2009 ਤੋਂ ਭਗੌੜਾ ਕਰਾਰ ਦਿੱਤਾ ਹੋਇਆ ਹੈ, ਬਤੌਰ ਬੀਡੀਪੀਓ ਲੁਧਿਆਣਾ ਵਿਖੇ ਦਫ਼ਤਰ ਵਿੱਚ ਕੰਮ ਕਰ ਰਿਹਾ ਹੈ। ਉਸ ਨੂੰ ਸਾਰੀਆਂ ਸਰਕਾਰਾਂ ਸਹੂਲਤਾਂ ਅਤੇ ਤਨਖ਼ਾਹ ਵੀ ਮਿਲ ਰਹੀ ਹੈ।
ਗਿੱਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਲ 2016 ਵਿੱਚ ਅਦਾਲਤ ਨੇ ਇਸ ਭਗੌੜਾ ਦੀਆਂ ਅਰਜ਼ੀਆਂ ਨੂੰ ਖ਼ਾਰਜ ਕਰਦਿਆਂ ਕਾਰਵਾਈ ਨੂੰ ਖ਼ਤਮ ਕਰ ਦਿੱਤਾ ਸੀ, ਜਦਕਿ ਵਿਜੀਲੈਂਸ ਪੁਲਿਸ ਖ਼ੁਦ ਉਸ ਵੱਲੋਂ ਹਾਈ ਕੋਰਟ ਦੇ ਵਿੱਚ ਪੇਸ਼ ਹੋ ਰਹੀ ਹੈ। ਇਸ ਦੇ ਉਲਟ ਭਗੌੜਾ ਖ਼ੁਦ ਸਰਕਾਰੀ ਦਫ਼ਤਰ ਵਿੱਚ ਆਰਾਮ ਨਾਲ ਏ.ਸੀ ਵਿੱਚ ਬੈਠਾ ਹੈ। ਸੁਖਪਾਲ ਸਿੰਘ ਵੱਲੋਂ ਦੋਸ਼ ਲਾਏ ਗਏ ਹਨ ਕਿ ਵਿਜੀਲੈਂਸ ਪੁਲਿਸ ਦੇ ਅਫ਼ਸਰ ਵਿਜੇਪਾਲ ਦੀ ਮਦਦ ਦੇ ਨਾਲ ਵਿਭਾਗ ਵਿੱਚ ਕੰਮ ਕਰ ਰਿਹਾ ਹੈ।
ਇਸ ਮਾਮਲੇ ਵਿੱਚ ਅੰਮ੍ਰਿਤਸਰ ਵਿਜੀਲੈਂਸ ਦੇ ਉੱਪਰ ਸਵਾਲ ਚੁੱਕਦਿਆਂ ਸ਼ਿਕਾਇਤਕਰਤਾ ਨੇ ਕਿਹਾ ਕਿ ਧਨਵੰਤ ਰੰਧਾਵਾ ਦਾ ਪਿਛੋਕੜ ਗੁਰਦਾਸਪੁਰ ਦਾ ਹੈ ਅਤੇ ਇਸ ਉੱਪਰ ਕਿਸ ਦਾ ਸਿਆਸੀ ਹੱਥ ਹੈ।
ਇਸ ਬਾਰੇ ਉਹ ਕੁੱਝ ਨਹੀਂ ਕਹਿ ਸਕਦੇ ਪਰ ਪੁਲਿਸ ਵੱਲੋਂ ਉਸ ਦੀਆਂ ਅਨਟਰੇਸਡ ਰਿਪੋਰਟਾਂ ਅਦਾਲਤ ਵਿੱਚ ਪੇਸ਼ ਕੀਤੀਆਂ ਗਈਆਂ ਹਨ, ਜਦਕਿ ਉਹ ਲਗਾਤਾਰ ਸਰਕਾਰੀ ਦਫਤਰ ਵਿੱਚ ਬੈਠਾ ਕੰਮ ਕਰ ਰਿਹਾ।