ਲੁਧਿਆਣਾ: ਪੰਜਾਬ ਪੁਲਿਸ (Punjab Police) ਵੱਲੋਂ ਭਰਤੀ ਖੋਲ੍ਹੀ ਗਈ ਹੈ ਅਤੇ ਕਾਂਸਟੇਬਲਾਂ, ਸਬ ਇੰਸਪੈਕਟਰਾਂ ਲਈ ਅਸਾਮੀਆਂ ਭਰੀਆਂ ਜਾਣੀਆਂ ਹਨ ਜਿਸ ਨੂੰ ਲੈ ਕੇ ਲਗਾਤਾਰ ਨੌਜਵਾਨ ਸਿਖਲਾਈ (Training) ਲੈ ਰਹੇ ਹਨ। ਉੱਥੇ ਹੀ ਲੁਧਿਆਣਾ ਪੁਲਿਸ ਕਮਿਸ਼ਨਰੇਟ ਵੱਲੋਂ ਨੂੰ ਨੌਜਵਾਨਾਂ ਨੂੰ ਮੁਫ਼ਤ ਭਰਤੀ ਲਈ ਟ੍ਰੇਨਿੰਗ ਦੇਣ ਲਈ ਉਪਰਾਲਾ ਕੀਤਾ ਗਿਆ ਹੈ। ਇਸ ਵਿਸ਼ੇਸ਼ ਕੈਂਪ ਦੇ ਵਿੱਚ ਵੱਡੀ ਤਾਦਾਦ ਚ ਨੌਜਵਾਨ ਤੇ ਲੜਕੀਆਂ ਸ਼ਾਮਿਲ ਹੋ ਰਹੀਆਂ ਹਨ ਤਾਂ ਜੋ ਉਹ ਆਪਣੀ ਫਿਜ਼ੀਕਲ ਟ੍ਰੇਨਿੰਗ ਲੈ ਕੇ ਪੁਲਿਸ ਵਿੱਚ ਭਰਤੀ ਹੋ ਸਕਣ। ਇਸ ਕੈਂਪ ਚ ਵਿਸ਼ੇਸ਼ ਤੌਰ ਤੇ ਰਨਿੰਗ, ਲੌਂਗ ਜੰਪ, ਹਾਈ ਜੰਪ ਆਦਿ ਦੀ ਸਿਖਲਾਈ ਨੌਜਵਾਨਾਂ ਨੂੰ ਦਿੱਤੀ ਜਾ ਰਹੀ ਹੈ।
ਲੁਧਿਆਣਾ ਦੀ ਏਡੀਸੀਪੀ ਹੈੱਡਕੁਆਰਟਰ ਅਸ਼ਵਨੀ ਗੋਤਿਆਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਿਖਲਾਈ ਕੈਂਪ ਵਿਸ਼ੇਸ਼ ਤੌਰ ਤੇ ਨੌਜਵਾਨਾਂ ਨੂੰ ਭਰਤੀ ਲਈ ਵੱਧ ਤੋਂ ਵੱਧ ਉਤਸ਼ਾਹਿਤ ਕਰਨ ਲਈ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦਾ ਉਨ੍ਹਾਂ ਨੂੰ ਚੰਗਾ ਰਿਸਪਾਂਸ ਮਿਲ ਰਿਹਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਹਿਲੇ ਦਿਨ ਹੀ ਵੱਡੀ ਤਦਾਦ ਵਿਚ ਲੜਕੇ ਅਤੇ ਲੜਕੀਆਂ ਵੱਲੋਂ ਰਜਿਸਟ੍ਰੇਸ਼ਨ ਕਰਵਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਟੀਚਾ ਹੈ ਕਿ ਫੋਰਸ ਵਿਚ ਵੱਧ ਤੋਂ ਵੱਧ ਲੜਕੀਆਂ ਦੀ ਭਰਤੀ ਕਰਵਾਈ ਜਾਵੇ ਤਾਂ ਜੋ ਉਹ ਸੇਵਾ ਵੱਧ ਤੋਂ ਵੱਧ ਕਰ ਸਕਣ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਵਿਚ ਅੱਠ ਵੱਖ ਵੱਖ ਪੜਾਅ ਤਹਿਤ ਭਰਤੀ ਦੇ ਵਿੱਚ ਹੋਣ ਵਾਲੇ ਫਿਜ਼ੀਕਲ ਟੈਸਟ ਸਬੰਧੀ ਵੀ ਨੌਜਵਾਨਾਂ ਨੂੰ ਜਾਣਕਾਰੀ ਮਿਲੇਗੀ ਤਾਂ ਜੋ ਉਹ ਆਸਾਨੀ ਨਾਲ ਇਹ ਟੈਸਟ ਪਾਸ ਕਰ ਸਕਣ। ਉੱਥੇ ਹੀ ਦੂਜੇ ਪਾਸੇ ਭਰਤੀ ਹੋਣ ਦੀ ਸਿਖਲਾਈ ਲੈਣ ਆਏ ਨੌਜਵਾਨਾਂ ਦਾ ਕਹਿਣੈ ਕਿ ਇਹ ਇੱਕ ਚੰਗਾ ਉਪਰਾਲਾ ਹੈ ਤੇ ਇਸ ਨਾਲ ਉਨ੍ਹਾਂ ਨੂੰ ਕਾਫੀ ਮਦਦ ਮਿਲੇਗੀ।
ਇਹ ਵੀ ਪੜ੍ਹੋ:ਨੌਕਰੀ ਛੱਡਣ ਦਾ ਕਾਰਨ ਬਾਦਲ ਪਰਿਵਾਰ ਦਾ ਤਸ਼ੱਦਤ : ਕੁੰਵਰ ਵਿਜੇ ਪ੍ਰਤਾਪ