ਚੰਡੀਗੜ੍ਹ: 'ਆਮ ਜਿਹੇ ਮੁੰਡੇ', 'ਸਭ ਫੜੇ ਜਾਣਗੇ' ਅਤੇ 'ਲੈ ਚੱਕ ਮੈਂ ਆ ਗਿਆ' ਵਰਗੇ ਗੀਤਾਂ ਲਈ ਜਾਣੇ ਜਾਂਦੇ ਪਰਮੀਸ਼ ਵਰਮਾ ਇਸ ਸਮੇਂ ਆਪਣੀ ਨਵੀਂ ਖਰੀਦੀ 'ਲੈਂਬਰਗਿਨੀ' ਕਾਰਨ ਚਰਚਾ ਬਟੋਰ ਰਹੇ ਹਨ। ਜਿਸ ਦੀ ਵੀਡੀਓ ਗਾਇਕ ਨੇ ਆਪਣੇ ਇੰਸਟਾਗ੍ਰਾਮ ਉਤੇ ਸਾਂਝੀ ਕੀਤੀ ਹੈ।
ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ, 'ਰੱਬ ਮਨ ਦੀ ਆਵਾਜ਼ ਸੁਣ ਲੈਂਦਾ ਹੈ। ਕਲਾਸ ਰੂਮ ਚੋਂ ਬਾਹਰ ਕੰਧ ਵੱਲ ਮੂੰਹ ਕਰੀਂ, ਹੱਥ ਉੱਪਰ ਕਰਕੇ ਖੜਾ ਬੱਚਾ ਰੱਬ ਨੂੰ ਆਪਣੇ ਸੁਪਨਿਆਂ ਦਾ ਦਰਸ਼ਕ ਬਣਾਕੇ ਗੱਲਾਂ ਕਰਦਾ ਰਿਹਾ। ਉਹ ਰੋਜ਼ ਆਉਂਦਾ ਰਿਹਾ, ਸੁਪਨੇ ਸੁਣਾਉਂਦਾ ਰਿਹਾ ਅਤੇ ਰੁਕਿਆ ਨਾ। ਅੱਜ ਇੱਕ ਸੁਪਨਾ ਪੂਰਾ ਹੋਇਆ ਅਤੇ ਅੱਜ ਇਹ ਦਿਨ ਤੁਹਾਡੇ ਸਾਥ ਬਿਨ੍ਹਾਂ ਨਹੀਂ ਆ ਸਕਦਾ ਸੀ, ਮੈਂ ਆਪਣੇ ਫੈਨਜ਼ ਨੂੰ ਸੁਪਨੇ ਦੇਖਣ ਨੂੰ ਕਹਿ ਰਿਹਾ ਹਾਂ? ਜਾਂ ਉਹ ਮੈਂਨੂੰ ਮੇਰੇ ਸੁਪਨੇ ਪੂਰੇ ਹੁੰਦੇ ਦਿਖਾ ਰਹੇ ਨੇ?'
ਇਸ ਦੇ ਨਾਲ ਹੀ ਗਾਇਕ ਦੀ ਨਵੀਂ ਖਰੀਦੀ 'ਲੈਂਬਰਗਿਨੀ' ਬਾਰੇ ਗੱਲ ਕਰੀਏ ਤਾਂ ਇਸ ਦੀ ਅੱਜ ਦੇ ਸਮੇਂ ਵਿੱਚ ਕੀਮਤ ਲਗਭਗ 4 ਕਰੋੜ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਗਾਇਕ 'ਲੈਂਬਰਗਿਨੀ' ਨੂੰ ਖਰੀਦਣ ਤੋਂ ਬਾਅਦ ਆਪਣੀ ਮਾਂ, ਪਿਤਾ ਅਤੇ ਭਰਾ ਨੂੰ ਨਿੱਘੀ ਜੱਫ਼ੀ ਪਾਉਂਦੇ ਹਨ।
ਇਸ ਦੇ ਨਾਲ ਹੀ ਇਸ ਵੀਡੀਓ ਉਤੇ ਸਿਤਾਰੇ ਅਤੇ ਪ੍ਰਸ਼ੰਸਕ ਗਾਇਕ ਨੂੰ ਵਧਾਈ ਭੇਜ ਰਹੇ ਹਨ। ਅਦਾਕਾਰ ਜਗਜੀਤ ਸੰਧੂ ਨੇ ਲਿਖਿਆ, 'ਓਹ ਕੀ ਲੈ ਆਇਆ ਚੰਦਰਿਆ, ਬਹੁਤ ਸਾਰੀਆਂ ਵਧਾਈਆਂ, ਝੂਟਾ ਦੇ ਕੇ ਜਾਈ।' ਇਸ ਤੋਂ ਇਲਾਵਾ ਜੱਸੀ ਗਿੱਲ ਅਤੇ ਦਿਲਪ੍ਰੀਤ ਢਿੱਲੋਂ ਵਰਗੇ ਹੋਰ ਕਈ ਸਿਤਾਰਿਆਂ ਨੇ ਵੀ ਗਾਇਕ ਨੂੰ ਨਵੀਂ ਖਰੀਦੀ 'ਲੈਂਬਰਗਿਨੀ' ਲਈ ਵਧਾਈ ਦਿੱਤੀ।
ਤੁਹਾਨੂੰ ਦੱਸ ਦੇਈਏ ਕਿ ਪਰਮੀਸ਼ ਵਰਮਾ ਨੌਜਵਾਨਾਂ ਅਤੇ ਪੰਜਾਬੀ ਗੀਤਾਂ ਨੂੰ ਸੁਣਨ ਵਾਲਿਆਂ ਵਿੱਚ ਇੱਕ ਮਸ਼ਹੂਰ ਨਾਮ ਹੈ। ਹਰ ਕੋਈ ਉਸ ਦੇ ਗੀਤਾਂ ਅਤੇ ਸ਼ਖਸੀਅਤ ਦਾ ਦੀਵਾਨਾ ਹੈ। ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇਗਾ ਕਿ ਪਰਮੀਸ਼ ਦੇ ਦਾੜ੍ਹੀ ਦੇ ਸਟਾਈਲ ਦਾ ਨੌਜਵਾਨਾਂ ਵਿੱਚ ਬਹੁਤ ਕ੍ਰੇਜ਼ ਹੈ, ਜਿਸ ਨੂੰ ਹਰ ਨੌਜਵਾਨ ਨੇ ਇੱਕ ਨਾ ਇੱਕ ਵਾਰ ਜ਼ਰੂਰ ਕਾਪੀ ਕੀਤਾ ਹੈ। ਅਕਸਰ ਗਾਇਕ ਕਹਿੰਦੇ ਹਨ ਕਿ ਉਸਦਾ ਕਰੀਅਰ ਬਣਾਉਣ ਲਈ ਉਸ ਦੇ ਪਿਤਾ ਆਪਣਾ ਘਰ ਵੇਚਣ ਲਈ ਵੀ ਤਿਆਰ ਸਨ। ਪਿਛਲੀ ਵਾਰ ਗਾਇਕ ਨੂੰ ਪੰਜਾਬੀ ਫਿਲਮ 'ਤਬਾਹ' ਵਿੱਚ ਵਾਮਿਕਾ ਗੱਬੀ ਨਾਲ ਦੇਖਿਆ ਗਿਆ ਹੈ।
ਇਹ ਵੀ ਪੜ੍ਹੋ: