ਲੁਧਿਆਣਾ: ਪੰਜਾਬ ਦੇ ਵਿੱਚ ਮੌਸਮ ਦੇ ਅੰਦਰ ਆਉਣ ਵਾਲੇ ਦਿਨਾਂ ਦੇ ਅੰਦਰ ਤਬਦੀਲੀਆਂ ਵੇਖਣ ਨੂੰ ਮਿਲ ਸਕਦੀਆਂ ਹਨ। ਜੇਕਰ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਨੇ ਪਿਛਲੇ 50 ਸਾਲ ਦਾ ਰਿਕਾਰਡ ਤੋੜਿਆ ਹੈ। ਲਗਾਤਾਰ ਕਈ ਦਿਨਾਂ ਤੋਂ ਨਿਕਲ ਰਹੀ ਧੁੱਪ ਦੇ ਕਰਕੇ ਘੱਟ ਤੋਂ ਘੱਟ ਤਾਪਮਾਨ 11 ਡਿਗਰੀ ਰਿਕਾਰਡ ਕੀਤਾ ਗਿਆ ਹੈ। ਜੋ ਕਿ ਆਮ ਨਾਲੋਂ ਪੰਜ ਡਿਗਰੀ ਜਿਆਦਾ ਹੈ। ਅਜਿਹਾ ਤਾਪਮਾਨ 1973 ਤੋਂ ਬਾਅਦ ਰਿਕਾਰਡ ਹੋਇਆ ਹੈ।
ਤੋੜਿਆ 50 ਸਾਲ ਦਾ ਰਿਕਾਰਡ
ਪਿਛਲੇ 50 ਸਾਲਾਂ ਦੇ ਵਿੱਚ ਜਨਵਰੀ ਮਹੀਨੇ ਦੇ ਅੰਦਰ ਇਨ੍ਹਾਂ ਵੱਧ ਤਾਪਮਾਨ ਰਿਕਾਰਡ ਨਹੀਂ ਹੋਇਆ ਹੈ, ਜਿਸ ਤੋਂ ਜਾਹਿਰ ਹੈ ਇਸ ਵਾਰ ਸਰਦੀ ਕਾਫੀ ਘੱਟ ਵੇਖਣ ਨੂੰ ਮਿਲ ਰਹੀ ਹੈ। ਵੱਧ ਤੋਂ ਵੱਧ ਤਾਪਮਾਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹ ਲਗਭਗ 22 ਡਿਗਰੀ ਦੇ ਨੇੜੇ ਚੱਲ ਰਿਹਾ ਹੈ ਜੋ ਕਿ ਆਮ ਨਾਲੋਂ 2 ਤੋਂ 3 ਡਿਗਰੀ ਜਿਆਦਾ ਹੈ। ਇਹ ਜਾਣਕਾਰੀ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਵੱਲੋਂ ਸਾਂਝੀ ਕੀਤੀ ਗਈ ਹੈ।
21 ਤੋਂ 23 ਜਨਵਰੀ ਤੱਕ ਮੀਂਹ ਦੀ ਸੰਭਾਵਨਾ
ਪੀਏਯੂ ਦੇ ਮੌਸਮ ਵਿਭਾਗ ਦੀ ਮੁਖੀ ਡਾਕਟਰ ਪਵਨੀਤ ਕੌਰ ਨੇ ਦੱਸਿਆ ਕਿ 21 ਤਰੀਕ ਤੋਂ ਲੈ ਕੇ 23 ਤਰੀਕ ਤੱਕ ਪੰਜਾਬ ਭਰ ਦੇ ਵਿੱਚ ਕਿਤੇ ਕਿਤੇ ਹਲਕੀ ਬਾਰਿਸ਼ ਪੈਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਧੁੰਦ ਵੀ ਦੇਖਣ ਨੂੰ ਮਿਲੇਗੀ, ਜਿਸ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਪੰਜਾਬ ਭਰ ਦੇ ਵਿੱਚ ਕਈ ਜ਼ਿਲ੍ਹਿਆ ਦੇ ਅੰਦਰ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਹਾਲਾਂਕਿ ਬਾਰਿਸ਼ ਹਲਕੀ ਹੋਵੇਗੀ ਜਿਸ ਦਾ ਫਸਲਾਂ ਉੱਤੇ ਕੋਈ ਨੁਕਸਾਨ ਨਹੀਂ ਹੋਵੇਗਾ, ਪਰ ਬੱਦਲ ਹੋਣ ਕਰਕੇ ਅਤੇ ਕਿਤੇ ਕਿਤੇ ਬਾਰਿਸ਼ ਹੋਣ ਕਰਕੇ ਤਾਪਮਾਨ ਮੁੜ ਤੋਂ ਹੇਠਾਂ ਜਾ ਸਕਦੇ ਹਨ।