ਲੁਧਿਆਣਾ: ਹਰ ਵਾਰ ਕਿਸੇ ਨਾ ਕਿਸੇ ਮਾਮਲੇ ਵਿੱਚ ਪੰਜਾਬ ਪੁਲਿਸ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਆਮ ਜਨਤਾ ਵੀ ਪੁਲਿਸ ਦੀ ਕਾਰਗੁਜ਼ਾਰੀ ਉੱਤੇ ਸਵਾਲ ਚੁੱਕ ਰਹੀ ਹੈ। ਮਾਮਲਾ ਹੈ, ਲੁਧਿਆਣਾ ਦੀ ਧਾਗਾ ਫੈਕਟਰੀ ਦੇ ਮਾਲਕ ਨਾਲ 27 ਕਰੋੜ ਦੀ ਠੱਗੀ ਦਾ। ਫੈਕਟਰੀ ਮਾਲਕ ਵਲੋਂ ਸ਼ਿਕਾਇਤ ਦਰਜ ਕਰਵਾਉਣ ਉੱਤੇ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਫਿਰ ਨੋਟਿਸ ਦੇ ਕੇ ਛੱਡ ਦਿੱਤਾ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਫੈਕਟਰੀ ਮਾਲਕ ਨੇ ਦੱਸਿਆ ਕਿ ਮੁਲਜ਼ਮਾਂ ਵਲੋਂ ਧਾਗੇ ਦੇ ਖ਼ਰੀਦ ਤੋਂ ਬਾਅਦ 27 ਕਰੋੜ ਦੇ ਚੈਕ ਦਿੱਤੇ ਗਏ ਜੋ ਕਿ ਬੈਂਕ ਵਿੱਚ ਬੰਦ ਹੋ ਚੁੱਕੇ ਖਾਤੇ ਦੇ ਚੈਕ ਸੀ। ਇਸ ਦੀ ਥਾਣਾ ਮੋਤੀ ਨਗਰ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ। ਫੈਕਟਰੀ ਮਾਲਕ ਨੇ ਕਿਹਾ ਕਿ ਪੁਲਿਸ ਨੇ ਵੀਰਵਾਰ ਨੂੰ ਮੁਲਜ਼ਮ ਗ੍ਰਿਫਤਾਰ ਕੀਤੇ ਗਏ ਪਰ ਕੁਝ ਹੀ ਦੇਰ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ ਗਿਆ।
ਫੈਕਟਰੀ ਮਾਲਕ ਨੇ ਦੱਸਿਆ ਕਿ ਮੁਲਜ਼ਮਾਂ 'ਤੇ ਪਹਿਲਾਂ ਵੀ ਕਈ ਮਾਮਲਿਆਂ ਵਿੱਚ ਅਦਾਲਤ ਵਲੋਂ ਭਗੌੜੇ ਕਰਾਰ ਦਿੱਤੇ ਜਾ ਚੁੱਕੇ ਹਨ। ਇਸ ਦੇ ਸਬੂਤ ਵੀ ਪੁਲਿਸ ਨੂੰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਨਹੀਂ ਕਰਦੀ ਤਾਂ ਪੁਲਿਸ ਦੇ ਵਿਰੁੱਧ ਧਰਨਾ ਲਗਾਇਆ ਜਾਵੇਗਾ।
ਇਹ ਵੀ ਪੜ੍ਹੋ: ਗਾਂਧੀ ਜੀ ਦਾ ਸੁਤੰਤਰਤਾ ਬਾਰੇ ਵਿਚਾਰ
ਦੂਜੇ ਪਾਸੇ ਏਡੀਸੀਪੀ ਅਜਿੰਦਰ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਨੂੰ ਐਕਟ 41 ਦਾ ਨੋਟਿਸ ਦੇ ਕੇ 3 ਦਿਨ ਦਾ ਸਮਾਂ ਦਿੱਤਾ ਗਿਆ ਹੈ, ਜੇਕਰ ਮਾਮਲਾ ਨਹੀਂ ਸੁਲਝਦਾ ਤਾਂ ਮੁਲਜ਼ਮਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਮੁਲਜ਼ਮਾਂ ਦੇ ਭਗੌੜੇ ਹੋਣ ਬਾਰੇ ਜਦੋਂ ਏਡੀਸੀਪੀ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਦਾਲਤ ਦੇ ਕੋਈ ਵੀ ਆਡਰ ਨਹੀਂ ਦਿਖਾਏ ਗਏ।