ਲੁਧਿਆਣਾ: ਪੰਜਾਬ ਵਿੱਚ ਜਿਵੇਂ-ਜਿਵੇਂ 2022 ਦੀਆਂ ਚੋਣਾਂ (Elections 2022) ਨੇੜੇ ਆ ਰਹੀਆਂ ਹਨ, ਉਸ ਤਰ੍ਹਾਂ ਹੀ ਵੱਖ-ਵੱਖ ਪਾਰਟੀਆਂ ਦੇ ਲੀਡਰ ਵੀ ਪਾਰਟੀਆਂ ਵਿੱਚ ਅਦਲਾ-ਬਦਲੀ ਕਰਦੇ ਨਜ਼ਰ ਆ ਰਹੇ ਹਨ। ਆਮ ਆਦਮੀ ਪਾਰਟੀ ਵੱਲੋਂ ਬੀਤੇ ਦਿਨੀਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਗਈ ਹੈ। ਜਿਸ ਵਿੱਚ ਲੁਧਿਆਣਾ ਤੋਂ ਤਿੰਨ ਉਮੀਦਵਾਰ ਐਲਾਨੇ ਗਏ ਹਨ। ਜਿਨ੍ਹਾਂ ਵਿੱਚ ਜੀਵਨ ਸਿੰਘ ਸੰਗੋਵਾਲ ਦਲਜੀਤ ਸਿੰਘ ਗਰੇਵਾਲ ਕੁਲਵੰਤ ਸਿੰਘ ਸਿੱਧੂ ਅਤੇ ਮਦਨ ਲਾਲ ਬੱਗਾ ਸ਼ਾਮਿਲ ਹਨ।
ਇਨ੍ਹਾਂ ਚਾਰ ਉਮੀਦਵਾਰਾਂ ਵਿੱਚੋਂ ਤਿੰਨ ਉਮੀਦਵਾਰ ਕਾਂਗਰਸ ਅਤੇ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ ਹਨ। ਜਿਸ ਨੂੰ ਲੈ ਕੇ ਹੁਣ ਅਕਾਲੀ ਦਲ ਅਤੇ ਕਾਂਗਰਸ ਨੇ ਸਵਾਲ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਹਾਰੇ 'ਤੇ ਨਕਾਰੇ ਹੋਏ ਆਪ ਦੀ ਬੇੜੀ ਨੂੰ ਡੁੱਬਾ ਦੇਣਗੇ।
ਉਮੀਦਵਾਰ ਦਲਜੀਤ ਸਿੰਘ ਭੋਲਾ ਗਰੇਵਾਲ ਪਹਿਲਾਂ ਲੜੇ ਸਨ ਆਜ਼ਾਦ ੳਮੀਦਵਾਰ ਵੱਜੋਂ ਚੋਣ
ਆਪ ਦੇ ਲੁਧਿਆਣਾ ਈਸਟ ਤੋਂ ਉਮੀਦਵਾਰ ਦਲਜੀਤ ਸਿੰਘ ਭੋਲਾ ਗਰੇਵਾਲ ਪਹਿਲਾਂ ਆਜ਼ਾਦ ੳਮੀਦਵਾਰ ਵੱਜੋਂ ਚੋਣ ਲੜੇ ਸਨ। ਜਿਸ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਏ ਅਤੇ 2017 ਦੇ ਵਿੱਚ ਚੋਣ ਲੜੀ। ਜਿਸ ਵਿੱਚ ਉਨ੍ਹਾਂ ਨੂੰ ਇਸ ਹਲਕੇ ਤੋਂ 41 ਹਜ਼ਾਰ ਦੇ ਕਰੀਬ ਵੋਟਾਂ ਮਿਲੀਆਂ, ਜਦੋਂ ਕਿ 2019 ਦੀਆਂ ਲੋਕਸਭਾ ਚੋਣਾਂ ਤੋਂ ਪਹਿਲਾਂ ਗਰੇਵਾਲ ਨੇ ਕਾਂਗਰਸ ਦਾ ਪੱਲਾ ਫੜ ਲਿਆ ਪਰ ਬਾਅਦ ਵਿਚ ਉਨ੍ਹਾਂ ਨੇ ਮੁੜ ਤੋਂ ਆਪ 'ਚ ਸ਼ਾਮਿਲ ਹੋ ਗਏ ਅਤੇ ਉਨ੍ਹਾਂ ਨੂੰ ਹੁਣ ਆਪ ਵੱਲੋਂ ਲੁਧਿਆਣਾ ਈਸਟ ਤੋਂ ਮੁੜ ਤੋਂ ਟਿਕਟ ਦਿੱਤੀ ਗਈ ਹੈ। ਜਦੋਂ ਕਿ ਉਨ੍ਹਾਂ ਦਾ ਮੁਕਾਬਲਾ ਅਕਾਲੀ ਦਲ ਦੇ ਰਣਜੀਤ ਢਿੱਲੋਂ ਅਤੇ ਕਾਂਗਰਸ ਦੇ ਮੌਜੂਦਾ ਵਿਧਾਇਕ ਸੰਜੇ ਤਲਵਾਰ ਨਾਲ ਮੰਨਿਆ ਜਾ ਰਿਹਾ ਹੈ।
ਲੁਧਿਆਣਾ ਉੱਤਰੀ ਤੋਂ ਆਮ ਆਦਮੀ ਪਾਰਟੀ ਨੇ ਮਦਨ ਲਾਲ ਬੱਗਾ ਨੂੰ ਬਣਾਇਆ ਉਮੀਦਵਾਰ
ਮਦਨ ਲਾਲ ਬੱਗਾ ਨੂੰ ਲੁਧਿਆਣਾ ਉੱਤਰੀ ਤੋਂ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਬਣਾਇਆ ਹੈ। ਮਦਨ ਲਾਲ ਬੱਗਾ ਨੇ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਕਾਂਗਰਸ ਤੋਂ ਕੀਤੀ ਸੀ। ਜਿਸ ਤੋਂ ਬਾਅਦ ਬੀਤੀਆਂ ਵਿਧਾਨ ਸਭਾ ਚੋਣਾਂ (Assembly elections) 'ਚ ਉਨ੍ਹਾਂ ਨੂੰ ਟਿਕਟ ਨਹੀਂ ਮਿਲੀ, ਜਿਸ ਕਰਕੇ ਉਨ੍ਹਾਂ ਆਜ਼ਾਦ ਉਮੀਦਵਾਰ ਵੱਜੋਂ ਚੋਣ ਲੜੀ ਅਤੇ ਉਸ ਨੂੰ 12 ਹਜ਼ਾਰ ਦੇ ਕਰੀਬ ਵੋਟਾਂ ਪਈਆਂ। ਜਿਸ ਤੋਂ ਬਾਅਦ ਉਨ੍ਹਾਂ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ, ਸੁਖਬੀਰ ਬਾਦਲ ਖੁਦ ਮਦਨ ਲਾਲ ਬੱਗਾ ਨੂੰ ਜੁਆਇਨ ਕਰਨ ਆਏ ਪਰ ਬਾਅਦ ਵਿੱਚ ਮੁੜ ਤੋਂ ਅਗਾਮੀ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਵੱਲੋਂ ਟਿਕਟ ਨਾ ਮਿਲਦੀ ਵੇਖ ਉਨ੍ਹਾਂ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ।
ਆਤਮ ਨਗਰ ਤੋਂ ਆਮ ਆਦਮੀ ਪਾਰਟੀ ਵੱਲੋਂ ਕੁਲਵੰਤ ਸਿੱਧੂ ਨੂੰ ਬਣਾਇਆ ਉਮੀਦਵਾਰ
ਕੁਲਵੰਤ ਸਿੱਧੂ ਨੂੰ ਆਮ ਆਦਮੀ ਪਾਰਟੀ ਵੱਲੋਂ ਆਤਮ ਨਗਰ ਤੋਂ ਆਪਣਾ ਉਮੀਦਵਾਰ ਬਣਾਇਆ ਗਿਆ ਹੈ। ਕੁਲਵੰਤ ਸਿੱਧੂ ਲੰਬੇ ਸਮੇਂ ਤੋਂ ਕਾਂਗਰਸ ਦੇ ਨਾਲ ਜੁੜੇ ਰਹੇ। ਉਹ ਆਤਮ ਨਗਰ ਦੇ ਹਲਕਾ ਇੰਚਾਰਜ ਵੀ ਰਹੇ ਪਰ ਬਾਅਦ ਵਿੱਚ ਲੋਕ ਇਨਸਾਫ ਪਾਰਟੀ ਤੋਂ ਕਾਂਗਰਸ 'ਚ ਸ਼ਾਮਿਲ ਹੋਏ ਕਮਲਜੀਤ ਕੜਵਲ ਦੀ ਐਂਟਰੀ ਤੋਂ ਬਾਅਦ ਕੁਲਵੰਤ ਸਿੱਧੂ ਦਾ ਵੀ ਬੀਤੀਆਂ ਵਿਧਾਨ ਸਭਾ ਚੋਣਾਂ 'ਚ ਪੱਤਾ ਕੱਟਿਆ ਅਤੇ ਇਸ ਵਾਰ ਵੀ ਟਿਕਟ ਨਾ ਮਿਲਦੀ ਵੇਖ ਕੁਲਵੰਤ ਸਿੱਧੂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਨਾ ਹੀ ਬਿਹਤਰ ਸਮਝਿਆ।
ਸਿਆਸੀ ਨਿਸ਼ਾਨੇ 'ਤੇ ਆਪ ਉਮੀਦਵਾਰ
ਆਪ ਦੇ ਉਮੀਦਵਾਰਾਂ ਨੂੰ ਲੈ ਕੇ ਹੁਣ ਸਿਆਸਤ ਗਰਮਾ ਗਈ ਹੈ, ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ 'ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਆਪ ਕੋਲ ਆਪਣੇ ਉਮੀਦਵਾਰ ਤੱਕ ਨਹੀਂ ਹਨ, ਦੂਜੀਆਂ ਪਾਰਟੀਆਂ ਤੋਂ ਟਿਕਟ ਨਾ ਮਿਲਣ ਦੇ ਕਾਰਨ ਹੁਣ ਆਮ ਆਦਮੀ ਪਾਰਟੀ ਉਨ੍ਹਾਂ ਉਮੀਦਵਾਰਾਂ ਨੂੰ ਟਿਕਟਾਂ ਦੇ ਰਹੀ ਹੈ, ਜਿਨ੍ਹਾਂ ਨੂੰ ਆਪਣੀ ਪਾਰਟੀ ਤੋਂ ਟਿਕਟ ਮਿਲਣ ਦੀ ਆਸ ਨਹੀਂ ਸੀ। ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੋ ਪੰਜ ਸਾਲ 'ਚ ਚਾਰ ਚਾਰ ਪਾਰਟੀਆਂ ਬਦਲ ਲੈਂਦੇ ਹਨ। ਅਜਿਹੇ ਵਿੱਚ ਉਹ ਆਪ ਦੀ ਬੇੜੀ ਪਾਰ ਕਿਵੇਂ ਪਾਰ ਕਰਵਾਉਣਗੇ। ਉੱਧਰ ਦੂਜੇ ਪਾਸੇ ਲੁਧਿਆਣਾ ਪਹੁੰਚੇ ਡਿਪਟੀ ਸੀਐਮ ਓਪੀ ਸੋਨੀ ਨੇ ਵੀ ਕਿਹਾ ਕਿ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਮੌਜੂਦਾ ਉਮੀਦਵਾਰਾਂ ਦਾ ਤਾਂ ਨਹੀਂ ਪਤਾ ਪਰ ਜੋ ਮੌਜੂਦਾ ਵਿਧਾਇਕ ਨੇ ਉਹ ਖੁਦ ਪਾਰਟੀ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋ ਰਹੇ ਹਨ।
ਪਾਰਟੀ ਨੇ ਕੁਝ ਸੋਚ ਸਮਝ ਕੇ ਆਪਣੇ ਅਸੂਲਾਂ ਦੇ ਮੁਤਾਬਿਕ ਇਨ੍ਹਾਂ ਨੂੰ ਦਿੱਤੀ ਟਿਕਟ
ਉੱਧਰ ਬਾਹਰੀ ਉਮੀਦਵਾਰਾਂ ਨੂੰ ਟਿਕਟਾਂ ਦੇਣ ਤੋਂ ਬਾਅਦ ਜਿੱਥੇ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰਾਂ ਦੇ ਵਿਚ ਹਲਚਲ ਮੱਚ ਗਈ ਹੈ, ਉਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਪੰਜਾਬ ਬੁਲਾਰੇ ਅਹਿਬਾਬ ਗਰੇਵਾਲ ਨੇ ਖ਼ੁਦ ਮੰਨਿਆ ਕਿ ਉਨ੍ਹਾਂ ਦਾ ਸੰਗਠਨ ਕਈ ਇਲਾਕਿਆਂ ਵਿੱਚ ਮਜ਼ਬੂਤ ਨਹੀਂ ਸੀ। ਜਿਸ ਕਰਕੇ ਉਨ੍ਹਾਂ ਨੇ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਦੀ ਚੋਣ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਸਿਧਾਂਤਾਂ ਤੇ ਚੱਲਣ ਦੀ ਇਨ੍ਹਾਂ ਉਮੀਦਵਾਰਾਂ ਨੇ ਵਚਨਬੱਧਤਾ ਦੁਹਰਾਈ ਹੈ ਜਿਸ ਕਰਕੇ ਹੀ ਪਾਰਟੀ ਨੇ ਕੁਝ ਸੋਚ ਸਮਝ ਕੇ ਆਪਣੇ ਅਸੂਲਾਂ ਦੇ ਮੁਤਾਬਿਕ ਇਨ੍ਹਾਂ ਨੂੰ ਟਿਕਟ ਦਿੱਤੀ ਹੈ।
ਇਹ ਵੀ ਪੜ੍ਹੋ: ਤੀਜੀ ਪੀੜੀ ਪੰਜਾਬ ਤੋਂ ਹੋ ਰਹੀ ਹੈ ਵੱਖ- ਪਰਗਟ ਸਿੰਘ