ਲੁਧਿਆਣਾ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ-ਵੱਖ ਸ਼ਹਿਰਾਂ ਵਿੱਚ ਗੁਰੂ ਸਾਹਿਬ ਦੇ ਜੀਵਨ 'ਤੇ ਝਾਤ ਪਾਓਣ ਲਈ ਲਾਈਟ ਐਂਡ ਸਾਊਂਡ ਸ਼ੋਅ ਕਰਵਾਏ ਦਾ ਰਹੇ ਹਨ। ਇਸੇ ਲੜੀ ਤਹਿਤ ਲੁਧਿਆਣਾ ਦੇ ਲਾਡੋਵਾਲ ਵਿਖੇ ਸਤਲੁਜ ਦਰਿਆ ਕੰਢੇ ਲਾਈਟ ਐਂਡ ਸਾਊਂਡ ਸ਼ੋਅ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿੱਚ ਵੱਡੀ ਤਦਾਦ 'ਚ ਸਿੱਖ ਸੰਗਤ ਨੇ ਹਿੱਸਾ ਲਿਆ।
ਸੰਗਤਾਂ ਨੇ ਦੱਸਿਆ ਕਿ ਅਜਿਹੇ ਲਾਈਟ ਐਂਡ ਸਾਊਂਡ ਸ਼ੋਅ ਉਨ੍ਹਾਂ ਨੇ ਜ਼ਿੰਦਗੀ 'ਚ ਪਹਿਲੀ ਵਾਰ ਵੇਖਿਆ ਹੈ। ਉਨ੍ਹਾਂ ਨੇ ਸਰਕਾਰ ਦੇ ਉਪਰਾਲੇ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਜਿੱਥੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਇਤਿਹਾਸ ਬਾਰੇ ਜਾਣਕਾਰੀ ਮਿਲੇਗੀ, ਉੱਥੇ ਹੀ ਸਿੱਖ ਕੌਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਵੱਲੋਂ ਦੱਸੀਆਂ ਸਿੱਖਿਆਵਾਂ ਤੋਂ ਵੀ ਉਨ੍ਹਾਂ ਨੂੰ ਸਿੱਖਿਆ ਹਾਸਲ ਹੋਵੇਗੀ।
ਲੁਧਿਆਣਾ ਤੋਂ ਇਲਾਵਾ ਰਾਜ ਦੇ 10 ਜ਼ਿਲ੍ਹਿਆਂ ਰੋਪੜ, ਹੁਸ਼ਿਆਰਪੁਰ, ਜਲੰਧਰ, ਗੁਰਦਾਸਪੁਰ, ਮੋਗਾ, ਕਪੂਰਥਲਾ, ਸ੍ਰੀ ਅੰਮ੍ਰਿਤਸਰ ਸਾਹਿਬ, ਤਰਨ ਤਾਰਨ ਅਤੇ ਫ਼ਿਰੋਜ਼ਪੁਰ ਵਿੱਚੋਂ ਲੰਘਦੇ ਬਿਆਸ ਅਤੇ ਸਤਲੁਜ ਦਰਿਆਵਾਂ ਵਿੱਚ ਵੀ ਫਲੋਇੰਗ ਲਾਈਟ ਐਂਡ ਸਾਊਂਡ ਸ਼ੋਅ ਕਰਵਾਏ ਜਾ ਰਹੇ ਹਨ। ਸੁਲਤਾਨਪੁਰ ਲੋਧੀ ਵਿਖੇ 1 ਨਵੰਬਰ ਤੋਂ 12 ਨਵੰਬਰ ਤੱਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਿਪਤ ਮੁੱਖ ਸਮਾਗਮ ਕਰਵਾਏ ਜਾਣਗੇ। 4 ਨਵੰਬਰ ਤੋਂ ਸਮਾਗਮ ਦੇ ਆਖ਼ਰੀ ਦਿਨ 12 ਨਵੰਬਰ ਤੱਕ ਲਗਾਤਾਰ 9 ਦਿਨ ਵਿਸ਼ਾਲ ਲਾਈਟ ਐਂਡ ਸਾਊਂਡ ਸ਼ੋਅ ਗੁਰੂ ਸਾਹਿਬ ਦੇ ਜੀਵਨ ਬਿਰਤਾਂਤ 'ਤੇ ਰੌਸ਼ਨੀ ਪਾਏਗਾ।