ਲੁਧਿਆਣਾ: ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨਾਂ ਵੱਲੋਂ ਜਿਥੇ ਦਿੱਲੀ ਦਾ ਘਿਰਾਓ ਕੀਤਾ ਹੋਇਆ ਹੈ ਉੱਥੇ ਹੀ ਅੱਜ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੀ ਕਿਸਾਨਾਂ ਵੱਲੋਂ ਡੀ.ਸੀ. ਦਫਤਰਾਂ ਦਾ ਘਿਰਾਓ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਿਸ ਦੇ ਤਹਿਤ ਅੱਜ ਲੁਧਿਆਣਾ ਡੀ ਸੀ ਦਫਤਰ ਦੇ ਬਾਹਰ ਕਿਸਾਨਾਂ ਵੱਲੋਂ ਟਰੈਕਟਰ ਟਰਾਲੀ ਲਾ ਕੇ ਦਫ਼ਤਰ ਦਾ ਘਿਰਾਓ ਕੀਤਾ ਗਿਆ ਤੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨ ਦੀ ਅਪੀਲ ਕੀਤੀ। ਕਿਸਾਨਾਂ ਨੇ ਸਾਫ਼ ਕਿਹਾ ਕਿ ਉਹ ਸੋਧ ਨਾਲ ਨਹੀਂ ਮੰਨਣਗੇ ਖੇਤੀ ਕਾਨੂੰਨ ਸਰਕਾਰ ਨੂੰ ਰੱਦ ਹੀ ਕਰਨੇ ਪੈਣਗੇ ਉਦੋਂ ਤੱਕ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ ਤੇ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਹੋਰ ਵੀ ਤਿੱਖਾ ਹੋਵੇਗਾ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਲੁਧਿਆਣਾ ਤੋਂ ਆਗੂ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਪੰਜਾਬ ਭਰ ਦੇ ਵਿੱਚ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੁੱਧ ਡੀ.ਸੀ. ਦਫ਼ਤਰਾਂ ਦਾ ਘਿਰਾਓ ਕੀਤਾ ਗਿਆ ਉਨ੍ਹਾਂ ਕਿਹਾ ਕਿ ਕਿਸਾਨ ਸੋਧ ਨਹੀਂ ਚਾਹੁੰਦੇ ਸਗੋਂ ਇਹ ਕਾਨੂੰਨ ਹੀ ਰੱਦ ਕਰਵਾਉਣਾ ਚਾਹੁੰਦੇ ਨੇ ਉਹਨਾਂ ਕਿਹਾ ਕਿ ਖੇਤੀ ਮੰਤਰੀ ਖ਼ੁਦ ਇਹ ਮੰਨ ਚੁੱਕੇ ਨੇ ਕਿ ਇਨ੍ਹਾਂ ਕਾਨੂੰਨਾਂ ਦੇ ਵਿੱਚ ਖਾਮੀਆਂ ਨੇ ਤਾਂ ਇਸ ਦਾ ਖ਼ਾਮਿਆਜ਼ਾ ਕਿਸਾਨ ਕਿਉਂ ਭੁਗਤਣਗੇ
ਉੱਧਰ ਕਿਸਾਨ ਆਗੂ ਬਲਕੌਰ ਸਿੰਘ ਨੇ ਵੀ ਕਿਹਾ ਕਿ ਖੇਤੀ ਕਾਨੂੰਨ ਇੱਕ ਬਿਮਾਰੀ ਹੈ ਅਤੇ ਇਸ ਬਿਮਾਰੀ ਦਾ ਇਲਾਜ ਪੂਰਾ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪਹਿਲਾਂ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਇਹ ਸਭ ਕਾਨੂੰਨ ਪਾਸ ਕੀਤੇ ਗਏ ਨੇ ਅਤੇ ਕਿਸਾਨ ਇਸ ਦੇ ਵਿਰੁੱਧ ਹਨ ਉਨ੍ਹਾਂ ਸਾਫ਼ ਕਿਹਾ ਕਿ ਖੇਤੀ ਕਾਨੂੰਨਾਂ ਦੇ 'ਚ ਕਿਸਾਨ ਕਿਸੇ ਤਰ੍ਹਾਂ ਦੀ ਸੋਧ ਨਹੀਂ ਚਾਹੁੰਦੇ ਸਗੋਂ ਇਨ੍ਹਾਂ ਕਾਨੂੰਨਾਂ ਨੂੰ ਕੇਂਦਰ ਦੀ ਸਰਕਾਰ ਨੂੰ ਰੱਦ ਹੀ ਕਰਨਾ ਹੋਵੇਗਾ।