ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਭੂਮੀ ਵਿਗਿਆਨੀ ਵਿਭਾਗ ਦੇ ਸੀਨੀਅਰ ਡਾ. ਵਰਿੰਦਰਪਾਲ ਸਿੰਘ ਨੇ ਬੀਤੇ ਦਿਨੀਂ ਦਿੱਲੀ 'ਚ ਫ਼ਰਟੀਲਾਈਜ਼ਰ ਐਸੋਸੀਏਸ਼ਨ ਆਫ਼ ਇੰਡੀਆ ਵੱਲੋਂ ਕਰਵਾਏ ਗਏ ਇੱਕ ਸਨਮਾਨ ਸਮਾਗਮ ਦੇ 'ਚ ਐਵਾਰਡ ਲੈਣ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਲਗਾਤਾਰ ਵੀਡੀਓ ਇੱਕ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਇਸ ਨੂੰ ਲੈ ਕੇ ਡਾ. ਵਰਿੰਦਰਪਾਲ ਸਿੰਘ ਨੇ ਕਿਹਾ ਹੈ ਕਿ ਇਹ ਐਵਾਰਡ ਉਨ੍ਹਾਂ ਦੇ ਨਾਲ ਚਾਰ ਪ੍ਰੋਫੈਸਰਾਂ ਨੂੰ ਭੂਮੀ ਵਿਗਿਆਨ ਸਬੰਧੀ ਕੀਤੀ ਗਈ ਇੱਕ ਨਵੀਂ ਖੋਜ ਲਈ ਦਿੱਤਾ ਜਾਣਾ ਸੀ ਪਰ ਸਾਡਾ ਦੇਸ਼ ਦਾ ਕਿਸਾਨ ਸੜਕ 'ਤੇ ਹੈ ਇਸ ਕਰਕੇ ਉਨ੍ਹਾਂ ਨੇ ਇਹ ਸਨਮਾਨ ਲੈਣ ਤੋਂ ਇਨਕਾਰ ਕਰ ਦਿੱਤਾ।
ਡਾ ਵਰਿੰਦਰਪਾਲ ਸਿੰਘ ਨੇ ਕਿਹਾ ਕਿ ਸਨਮਾਨ ਵਾਪਸ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਬਾਕੀ ਦੇ ਪ੍ਰੋਫੈਸਰਾਂ ਨਾਲ ਸਨਮਾਨ ਵਾਪਸ ਕਰਨ ਦੀ ਸਲਾਹ ਨਹੀਂ ਕੀਤੀ ਸੀ ਪਰ ਐਵਾਰਡ ਦੀ ਰਾਸ਼ੀ ਜ਼ਰੂਰ ਕਿਸੇ ਚੰਗੇ ਕੰਮ ਲਾਉਣ ਦੀ ਗੱਲ ਆਖੀ ਸੀ ਪਰ ਐਵਾਰਡ ਲੈਣ ਸਮੇਂ ਉਨ੍ਹਾਂ ਦਾ ਜ਼ਮੀਰ ਜਾਗਿਆ ਅਤੇ ਉਨ੍ਹਾਂ ਨੇ ਸੋਚਿਆ ਕਿ ਇਹ ਸਭ ਉਹ ਦੇਸ਼ ਦੇ ਕਿਸਾਨਾਂ ਲਈ ਹੀ ਕਰ ਰਹੇ ਨੇ ਜੇਕਰ ਦੇਸ਼ ਦਾ ਕਿਸਾਨ ਹੀ ਅੱਜ ਸੜਕ 'ਤੇ ਹੈ ਤਾਂ ਇਸ ਐਵਾਰਡ ਦਾ ਵੀ ਕੀ ਫ਼ਾਇਦਾ। ਉਨ੍ਹਾਂ ਕਿਹਾ ਕਿ ਲੋਕ ਜ਼ਰੂਰ ਡਰਦੇ ਨੇ ਕਿ ਸਰਕਾਰੀ ਨੌਕਰੀ ਹੋਣ ਕਰ ਕੇ ਅਜਿਹਾ ਕਦਮ ਨਹੀਂ ਚੁੱਕ ਸਕਦੇ ਪਰ ਗੁਰੂਆਂ ਵੱਲੋਂ ਕੁਰਬਾਨੀਆਂ ਯਾਦ ਰਹੀਆਂ ਜਿਸ ਕਰ ਕੇ ਉਨ੍ਹਾਂ ਨੇ ਇਹ ਕਦਮ ਚੁੱਕਿਆ।
ਉੱਧਰ ਦੂਜੇ ਪਾਸੇ ਡਾ. ਵਰਿੰਦਰਪਾਲ ਸਿੰਘ ਦੇ ਮਾਤਾ-ਪਿਤਾ ਨੇ ਵੀ ਕਿਹਾ ਕਿ ਉਨ੍ਹਾਂ ਨੇ ਇਹ ਇਕ ਚੰਗਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਐਵਾਰਡ ਲੈਣ ਜਾ ਰਹੇ ਸਨ ਤਾਂ ਉਨ੍ਹਾਂ ਨੇ ਇਹ ਸੋਚਿਆ ਸੀ ਕਿ ਲੋਕ ਤਾਂ ਐਵਾਰਡ ਵਾਪਸ ਕਰ ਰਹੇ ਨੇ ਪਰ ਇਹ ਐਵਾਰਡ ਲੈਣ ਜਾ ਰਿਹਾ ਹੈ ਤਾਂ ਮਨ ਵਿੱਚ ਇਹ ਸੰਦੇਹ ਸੀ ਪਰ ਵਰਿੰਦਰਪਾਲ ਨੇ ਸਟੇਜ਼ 'ਤੇ ਜਾ ਕੇ ਜੋ ਕੰਮ ਕੀਤਾ ਇਸ ਨਾਲ ਉਸ ਨੇ ਉਹਨਾਂ ਦਾ ਨਾਂਅ ਰੌਸ਼ਨ ਕਰ ਦਿੱਤਾ ਤੇ ਇਹ ਜ਼ਾਹਿਰ ਕਰ ਦਿੱਤਾ ਕਿ ਉਨ੍ਹਾਂ ਲਈ ਦੇਸ਼ ਦਾ ਕਿਸਾਨ ਸਭ ਤੋਂ ਪਹਿਲਾ ਹੈ ਬਾਕੀ ਸਭ ਬਾਅਦ 'ਚ ਹੈ।