ਲੁਧਿਆਣਾ : ਆਪਣਾ ਸੁਨਹਿਰੀ ਭਵਿੱਖ ਬਣਾਉਣ ਲਈ ਅਕਸਰ ਹੀ ਨੌਜਵਾਨ ਵਿਦੇਸ਼ਾਂ ਦਾ ਰੁੱਖ ਕਰਦੇ ਹਨ। ਇਸਦੇ ਨਾਲ ਹੀ ਕਈ ਮਹਿਲਾਵਾਂ ਵੀ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਅਤੇ ਆਰਥਿਕ ਪੱਖੋਂ ਮਜ਼ਬੂਤ ਹੋਣ ਲਈ ਅਰਬ ਦੇਸ਼ਾਂ ਦਾ ਰੁੱਖ ਕਰਦੀਆਂ ਹਨ। ਪਰ ਬਾਅਦ ਵਿੱਚ ਉਹ ਉੱਥੇ ਜਾ ਕੇ ਅਜਿਹਾ ਫਸਦੀਆਂ ਹਨ ਕਿ ਆਪਣਾ ਪੂਰਾ ਭਵਿੱਖ ਬਰਬਾਦ ਕਰ ਲੈਂਦੀਆਂ ਹਨ। ਅਜਿਹੇ ਹੀ ਲਗਾਤਾਰ ਮਾਮਲੇ ਪੰਜਾਬ ਭਰ ਤੋਂ ਓਮਾਨ ਤੋਂ ਸਾਹਮਣੇ ਆ ਰਹੇ ਹਨ, ਜਦੋਂ ਪੰਜਾਬ ਪੁਲਿਸ ਅਤੇ ਸੰਨ ਫਾਊਂਡੇਸ਼ਨ ਦੀ ਮਦਦ ਦੇ ਨਾਲ ਹੁਣ ਤੱਕ 24 ਮਹਿਲਾਵਾਂ ਨੂੰ ਸੁਰੱਖਿਅਤ ਆਪਣੇ ਘਰਾਂ ਦੇ ਵਿੱਚ ਪਹੁੰਚਾਇਆ ਜਾ ਚੁਕਾ ਹੈ। ਪੰਜਾਬ ਪੁਲਿਸ ਵੱਲੋਂ ਇਸ ਸਬੰਧੀ ਐਸਆਈਟੀ ਦਾ ਗਠਨ ਕੀਤਾ ਗਿਆ ਹੈ, ਜਿਸ ਦੇ ਮੁਖੀ ਲੁਧਿਆਣਾ ਰੇਂਜ ਦੇ ਆਈਜੀ ਡਾਕਟਰ ਕੌਸਤੁਭ ਸ਼ਰਮਾ ਹਨ। ਜਿਨ੍ਹਾਂ ਵੱਲੋਂ ਇਸ ਕੇਸ ਬਾਰੇ ਸਾਡੀ ਟੀਮ ਨਾਲ ਅਹਿਮ ਖੁਲਾਸੇ ਕੀਤੇ ਗਏ ਹਨ।
24 ਮਹਿਲਾਵਾਂ ਰੈਸਕਿਊ: ਹੁਣ ਤੱਕ ਇਸ ਮਾਮਲੇ ਦੇ ਵਿਚ 24 ਮਹਿਲਾਵਾਂ ਨੂੰ ਰਿਕਵਰ ਕੀਤਾ ਜਾ ਚੁੱਕਾ ਹੈ। ਸਾਰੀਆਂ ਹੀ ਮਹਿਲਾਵਾਂ ਓਮਾਨ ਦੇ ਵਿੱਚ ਫਸੀਆਂ ਹੋਈਆਂ ਸਨ, ਸੰਨ ਫਾਊਂਡੇਸ਼ਨ ਦੀ ਮਦਦ ਦੇ ਨਾਲ ਪੁਲਿਸ ਵੱਲੋਂ ਇਨ੍ਹਾਂ ਨੂੰ ਆਪਣੇ ਘਰਾਂ ਤੱਕ ਸੁਰੱਖਿਅਤ ਪਹੁੰਚਾਇਆ ਗਿਆ ਹੈ। ਹੁਣ ਤੱਕ ਇਸ ਮਾਮਲੇ ਦੇ ਅੰਦਰ ਐੱਸਆਈਟੀ ਵੱਲੋਂ 19 ਮਾਮਲੇ ਵੱਖ-ਵੱਖ ਧਾਰਾਵਾਂ ਦੇ ਤਹਿਤ ਦਰਜ ਕੀਤੇ ਗਏ ਹਨ ਅਤੇ 9 ਫ਼ਰਜ਼ੀ ਟਰੈਵਲ ਏਜੰਟਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਤੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਹ ਮਨੁੱਖੀ ਤਸਕਰੀ ਦਾ ਵੱਡਾ ਮਾਮਲਾ ਹੈ। ਇਸ ਵਿੱਚ ਮਹਿਲਾਵਾਂ ਨੂੰ ਰੁਜ਼ਗਾਰ ਦਾ ਲਾਰਾ ਲਾ ਕੇ ਅਰਬ ਦੇਸ਼ਾਂ ਦੇ ਵਿੱਚ ਭੇਜਿਆ ਜਾਂਦਾ ਸੀ ਅਤੇ ਫਿਰ ਉੱਥੇ ਉਹਨਾਂ ਨੂੰ ਬੰਧੂਆ ਬਣਾ ਕੇ ਬਿਨਾਂ ਕਿਸੇ ਪੈਸੇ ਦਿੱਤੇ ਕੰਮ ਕਰਵਾਇਆ ਜਾ ਰਿਹਾ ਸੀ।
ਵੱਖ ਵੱਖ ਜ਼ਿਲ੍ਹਿਆਂ ਤੋਂ ਸਬੰਧਿਤ: ਭਾਰਤ ਪਰਤਿਆ ਕਈ ਮਹਿਲਾਵਾਂ ਨੇ ਆਪਣੇ ਆਪ ਬੀਤੀ ਦੱਸਦਿਆਂ ਕਿਹਾ ਹੈ ਕਿ ਟਰੈਵਲ ਏਜੰਟਾਂ ਵੱਲੋਂ ਉਹਨਾਂ ਨੂੰ ਤਨਖਾਹ ਦਾ ਲਾਲਚ ਦੇ ਕੇ ਉਥੇ ਭੇਜਿਆ ਗਿਆ, ਜਿਸ ਤੋਂ ਬਾਅਦ ਇਨ੍ਹਾਂ ਮਹਿਲਾਵਾਂ ਨੂੰ ਉੱਥੇ ਹੀ ਬੰਦੀ ਬਣਾ ਲਿਆ ਗਿਆ ਅਤੇ ਉਨ੍ਹਾਂ ਤੋਂ ਜਬਰਨ ਘਰ ਦੇ ਕੰਮ ਕਰਵਾਏ ਜਾਣ ਲੱਗੇ। ਇਸ ਬਦਲੇ ਉਨ੍ਹਾਂ ਨੂੰ ਤਨਖਾਹ ਵੀ ਨਹੀਂ ਦਿੱਤੀ ਜਾ ਰਹੀ ਸੀ, ਜਿੰਨਾਂ 24 ਮਹਿਲਾਵਾਂ ਨੂੰ ਹੁਣ ਤੱਕ ਭਾਰਤ ਲਿਆਂਦਾ ਗਿਆ ਹੈ ਉਨ੍ਹਾਂ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਮਹਿਲਾਵਾਂ ਸ਼ਾਮਲ ਹਨ। ਜਿਨ੍ਹਾਂ ਦੇ ਵਿਚ 5 ਮਹਿਲਾਵਾਂ ਫਿਰੋਜ਼ਪੁਰ ਤੋਂ ਸਬੰਧਤ ਹਨ, 4 ਮਹਿਲਾਵਾਂ ਹੁਸ਼ਿਆਰਪੁਰ ਤੋਂ, 2 ਮਹਿਲਾਵਾਂ ਲੁਧਿਆਣਾ ਦੇ ਜਗਰਾਓਂ ਹਲਕੇ ਤੋਂ, 2 ਮਹਿਲਾਵਾਂ ਨਵਾਂਸ਼ਹਿਰ ਤੋਂ, ਇਸ ਤੋਂ ਇਲਾਵਾ ਬਠਿੰਡਾ ਅਤੇ ਮੋਗਾ ਤੋਂ ਵੀ ਅਜਿਹੀ ਮਹਿਲਾਵਾਂ ਸ਼ਾਮਲ ਹਨ ਜਿਨ੍ਹਾਂ ਨੂੰ ਬਾਹਰ ਬੰਦੀ ਬਣਾ ਕੇ ਉਨ੍ਹਾਂ ਤੋਂ ਜਬਰਨ ਕੰਮ ਕਰਵਾਇਆ ਜਾ ਰਿਹਾ ਸੀ। ਇਹ ਮਾਮਲਾ ਜਦੋਂ ਸਮਾਜ ਸੇਵੀ ਸੰਸਥਾ ਦੇ ਧਿਆਨ ਵਿੱਚ ਆਇਆ ਤਾਂ ਇਕ ਤੋਂ ਬਾਅਦ ਇਕ ਕੇਸ ਸਾਹਮਣੇ ਆਉਣ ਲੱਗੇ।
ਐਸ ਆਈ ਟੀ ਵੱਲੋਂ ਕਾਰਵਾਈ: ਪੁਲਿਸ ਵੱਲੋਂ ਵਿਸ਼ੇਸ਼ ਐਸਆਈਟੀ ਦਾ ਗਠਨ ਕਰਕੇ ਵੱਖ-ਵੱਖ ਐਕਟ ਦੇ ਤਹਿਤ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿਚ ਮੁੱਖ ਤੌਰ ਤੇ ਆਈਪੀਸੀ ਦੀ ਧਾਰਾ 370 ਲਗਾਈ ਗਈ ਹੈ ਜਿਸਦੇ ਵਿੱਚ 10 ਸਾਲ ਤੱਕ ਦੀ ਸਜਾ ਦੀ ਤਜਵੀਜ਼ ਹੈ। ਇਸ ਤੋਂ ਇਲਾਵਾ ਇਮੀਗਰੇਸ਼ਨ ਐਕਟ ਵੀ ਲਗਾਇਆ ਗਿਆ ਹੈ। ਹੁਣ ਤੱਕ ਅਜਿਹੇ 19 ਮਾਮਲੇ ਪੰਜਾਬ ਪੁਲਿਸ ਵੱਲੋਂ ਗਠਿਤ ਕੀਤੀ ਗਈ ਐਸਆਈਟੀ ਨੇ ਦਰਜ ਕੀਤੇ ਹਨ। ਟਰੈਵਲ ਏਜੰਟ ਸਿਰਫ ਪੰਜਾਬ ਦੇ ਨਾਲ ਹੀ ਨਹੀਂ ਸਗੋਂ ਵੱਖ-ਵੱਖ ਹੋਰਨਾਂ ਸੂਬਿਆਂ ਦੇ ਨਾਲ ਵੀ ਸਬੰਧਤ ਹੈ, ਅਜਿਹੀ ਟਰੈਵਲ ਏਜੰਟ ਹੈਦਰਾਬਾਦ, ਬੰਗਲੌਰ, ਦਿੱਲੀ ਗੁਜਰਾਤ ਅਤੇ ਹੋਰਨਾਂ ਸੂਬਿਆਂ ਦੇ ਵਿਚ ਵੀ ਇਹਨਾਂ ਦੇ ਲਿੰਕ ਸਾਹਮਣੇ ਆਏ ਹਨ।
ਸੰਨ ਫਾਊਂਡੇਸ਼ਨ ਦਾ ਰੋਲ: ਐੱਸਆਈਟੀ ਦੇ ਮੁਖੀ ਆਈਜੀ ਕੌਸਤੁਭ ਸ਼ਰਮਾ ਮੁਤਾਬਕ ਮਹਿਲਾਵਾਂ ਨੂੰ ਸਰੀਰਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਸੀ।ਇਸ ਬਾਰੇ ਫਿਲਹਾਲ ਕੋਈ ਵੀ ਮਹਿਲਾ ਨੇ ਸ਼ਿਕਾਇਤ ਨਹੀਂ ਕੀਤੀ ਹੈ ਪਰ ਪੁਲਿਸ ਹਰ ਪੱਖ ਤੋਂ ਇਸ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਦਸਿਆ ਕਿ ਕਿਸ ਤਰ੍ਹਾਂ ਇਹਨਾਂ ਮਹਿਲਾਵਾਂ ਨੇ ਸਥਾਨਕ ਗੁਰਦੁਆਰਾ ਸਾਹਿਬ ਤੱਕ ਪਹੁੰਚ ਕੀਤੀ ਉਸ ਤੋਂ ਬਾਅਦ ਅੰਬੈਸੀ ਰਾਹੀਂ ਇਨ੍ਹਾਂ ਮਹਿਲਾਵਾਂ ਨੂੰ ਮੁੜ ਤੋਂ ਪਾਸਪੋਰਟ ਅਤੇ ਲੋੜੀਂਦੇ ਦਸਤਾਵੇਜ਼ ਦੇ ਕੇ ਸਮਾਜ ਸੇਵੀ ਸੰਸਥਾ ਸੰਨ ਫਾਊਂਡੇਸ਼ਨ ਦੀ ਮਦਦ ਦੇ ਨਾਲ ਭਾਰਤ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਫਰਜ਼ੀ ਟਰੈਵਲ ਏਜੰਟਾਂ ਵੱਲੋਂ ਇਨ੍ਹਾਂ ਲੋਕਾਂ ਦੇ ਨਾਲ ਠੱਗੀ ਮਾਰੀ ਗਈ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।