ਲੁਧਿਆਣਾ: ਸਨਅਤੀ ਸ਼ਹਿਰ ਲੁਧਿਆਣਾ ਵਿੱਚ ਵੱਡੀ ਤਦਾਦ 'ਚ ਪਰਵਾਸੀ ਮਜ਼ਦੂਰ ਰਹਿੰਦੇ ਹਨ, ਜੋ ਫੈਕਟਰੀਆਂ ਵਿੱਚ ਕੰਮ ਕਰਕੇ ਆਪਣੀ ਜ਼ਿੰਦਗੀ ਬਸਰ ਕਰ ਰਹੇ ਹਨ। ਪਰ ਕੋਰੋਨਾ ਮਹਾਂਮਾਰੀ ਕਾਰਨ ਪੂਰੇ ਦੇਸ਼ ਦਾ ਉਦਯੋਗ ਠੱਪ ਹੋਇਆ ਪਿਆ ਹੈ ਜਿਸ ਕਾਰਨ ਇਹ ਮਜ਼ਦੂਰ ਇੱਕ ਵਖਤ ਦੀ ਰੋਟੀ ਤੋਂ ਵੀ ਵਾਂਝੇ ਹੋ ਗਏ ਹਨ। ਸਰਕਾਰ ਇਸ ਮੁਸ਼ਕਿਲ ਦੀ ਘੜੀ ਵਿੱਚ ਸਭ ਲੋੜਵੰਦਾਂ ਤੱਕ ਮਦਦ ਪਹੁੰਚਾਉਣ ਦਾ ਦਾਅਵਾ ਤਾਂ ਕਰ ਰਹੀ ਹੈ ਪਰ ਜ਼ਮੀਨੀ ਹਕੀਕਤ ਕੁੱਝ ਹੋਰ ਹੀ ਕਹਾਣੀ ਬਿਆਨ ਕਰ ਰਹੀ ਹੈ।
ਲੁਧਿਆਣਾ ਵਿੱਚ ਕੁੱਝ ਅਜਿਹੇ ਇਲਾਕੇ ਵੀ ਨੇ ਜਿੱਥੇ ਹੁਣ ਤੱਕ ਨਾ ਤਾਂ ਪ੍ਰਸ਼ਾਸਨ ਦੀ ਮਦਦ ਪਹੁੰਚੀ ਹੈ ਅਤੇ ਨਾ ਹੀ ਪੰਜਾਬ ਪੁਲਿਸ। ਇਹ ਇਲਾਕਾ ਹੈ ਲੁਧਿਆਣਾ ਦੇ ਢੰਡਾਰੀ ਦਾ, ਜਿੱਥੇ ਵੱਡੀ ਤਾਦਾਦ 'ਚ ਫੈਕਟਰੀਆਂ ਵਿੱਚ ਕੰਮ ਕਰਦੇ ਮਜ਼ਦੂਰਾਂ ਬੇਸਹਾਰਾਂ ਹਨ। ਦਿਹਾੜੀ ਕਰਕੇ ਦੋ ਵਖਤ ਦੀ ਰੋਟੀ ਕਮਾਉਣ ਲਈ ਫੈਕਟਰੀ ਵਿੱਚ ਕੰਮ ਕਰਨ ਵਾਲੇ ਪਰਵਾਸੀ ਮਜ਼ਦੂਰ ਹੁਣ ਆਪਣੇ ਘਰਾਂ 'ਚ ਹੀ ਰਹਿਣ ਨੂੰ ਮਜਬੂਰ ਹੋ ਰਹੇ ਹਨ।
ਮਜ਼ਦੂਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਾ ਤਾਂ ਖਾਣ ਲਈ ਰੋਟੀ ਮਿਲ ਰਹੀ ਹੈ ਅਤੇ ਆਵਾਜਾਈ 'ਤੇ ਲੱਗੀ ਬਰੇਕ ਕਾਰਨ ਉਹ ਆਪਣੇ ਸੂਬਿਆਂ ਨੂੰ ਵੀ ਨਹੀਂ ਜਾ ਸਕਦੇ ਹਨ।
ਲੁਧਿਆਣਾ ਤੋਂ ਈ.ਟੀ.ਵੀ. ਭਾਰਤ ਦੇ ਪੱਤਰਕਾਰ ਨੇ ਇਸ ਇਲਾਕੇ ਵਿੱਚ ਜਾ ਕੇ ਨਾ ਸਿਰਫ ਲੋਕਾਂ ਦੀ ਸਾਰ ਲਈ ਬਲਕਿ ਮਜ਼ਦੂਰਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਗਈਆਂ ਤਾਂ ਜੋ ਗੂੜ੍ਹੀ ਨੀਂਦਰੇ ਸੁੱਤੀ ਸਰਕਾਰ ਦੀ ਨੀਂਦ ਖੁੱਲ ਸਕੇ।
ਇਲਾਕੇ ਦੇ ਰਹਿਣ ਵਾਲੇ ਲੋਕਾਂ ਨੇ ਆਪਣੀ ਹੱਡ ਬੀਤੀ ਸੁਣਾਉਂਦੇ ਹੋਏ ਦੱਸਿਆ ਕਿ ਨਾ ਤਾਂ ਉਨ੍ਹਾਂ ਤੱਕ ਪ੍ਰਸ਼ਾਸਨ ਦੀ ਕੋਈ ਮਦਦ ਪਹੁੰਚ ਰਹੀ ਹੈ ਅਤੇ ਨਾ ਹੀ ਕੋਈ ਲੰਗਰ ਜਾਂ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਫੈਕਟਰੀਆਂ ਅਤੇ ਕੰਮਕਾਰ ਠੱਪ ਹੋਣ ਕਰਕੇ ਉਨ੍ਹਾਂ ਨੂੰ ਫ਼ੈਕਟਰੀਆਂ ਵੱਲੋਂ ਦਿੱਤਾ ਗਿਆ ਅਡਵਾਂਸ ਵੀ ਹੁਣ ਖਤਮ ਹੋ ਚੁੱਕਾ ਹੈ ਅਤੇ ਹੁਣ ਉਹ ਦਾਣੇ-ਦਾਣੇ ਦੇ ਮੁਹਤਾਜ ਹੋ ਚੁੱਕੇ ਹਨ।
ਇਹ ਲੋਕ ਬਿਨ੍ਹਾਂ ਕਿਸੇ ਸਰਕਾਰੀ ਮਦਦ ਦੇ ਜੇਲ੍ਹ ਵਰਗੀ ਜ਼ਿੰਦਗੀ ਬਤੀਤ ਕਰਨ ਨੂੰ ਮਜਬੂਰ ਹੋ ਰਹੇ ਹਨ ਅਤੇ ਉਡੀਕ ਕਰ ਰਹੇ ਹਨ ਕਿ ਸਰਕਾਰ ਇਨ੍ਹਾਂ ਨੂੰ ਇੱਕ ਵਖਤ ਦੀ ਰੋਟੀ ਮੁਹੱਈਆ ਕਰਾਵੇਗੀ ਤਾਂ ਜੋ ਇਹ ਆਪਣਾ ਅਤੇ ਆਪਣੇ ਬੱਚਿਆ ਦਾ ਢਿੱਡ ਭਰ ਸਕਣ।