ਲੁਧਿਆਣਾ: ਪਿੰਡ ਗੋਸਲਾਂ ਚ ਇੱਕ ਪਿਤਾ ਆਪਣੇ ਨੂੰਹ ਪੁੱਤ ਤੋਂ ਪਰੇਸ਼ਾਨ ਹੋ ਕੇ ਘਰ ਛੱਡ ਕੇ ਚਲਾ ਗਿਆ ਪਰ ਉਸਦਾ ਪੁੱਤ ਤੇ ਨੂੰਹ ਉਸਨੂੰ ਘਰ ਲਿਜਾਣ ਦੇ ਲਈ ਹਰ ਕੋਸ਼ਿਸ਼ ਕਰਦੇ ਦਿਖਾਈ ਦੇ ਰਹੇ ਹਨ ਪਰ ਦੂਜੇ ਪਾਸੇ ਬਜ਼ੁਰਗ ਆਪਣੇ ਪੁੱਤ-ਨੂੰਹ ਨਾਲ ਨਹੀਂ ਰਹਿਣਾ ਚਾਹੁੰਦਾ ਜਿਸ ਲਈ ਇਨਸਾਫ ਦੇ ਲਈ ਬਜ਼ੁਰਗ ਆਪਣੇ ਪਰਿਵਾਰ ਸਮੇਤ ਪਿੰਡ ਦੀ ਪਾਣੀ ਵਾਲੀ ਟੈਂਕੀ ਤੇ ਚੜ੍ਹ ਗਿਆ।
ਸਥਾਨਕ ਵਾਸੀ ਇੱਕ ਮਹਿਲਾ ਨੇ ਦੱਸਿਆ ਕਿ ਬਜ਼ੁਰਗ ਸਰਕਾਰੀ ਨੌਕਰੀ ਕਰ ਕੇ ਰਿਟਾਇਰ ਹੋ ਚੁੱਕਿਆ ਹੈ ਤੇ ਉਸਦੇ ਬੈਂਕ ਖਾਤੇ ਦੇ ਵਿੱਚ ਕਰੀਬ 22 ਲੱਖ ਰੁਪਈਆ ਹੈ ਜਿਸਦੇ ਲਾਲਚ ਚ ਉਸਦੀ ਔਲਾਦ ਉਸਨੂੰ ਘਰ ਲਿਜਾਣ ਲਈ ਧੱਕਾ ਕਰ ਰਹੀ ਹੈ ਪਰ ਉਹ ਉਨ੍ਹਾਂ ਦੇ ਨਾਲ ਨਹੀਂ ਰਹਿਣਾ ਚਾਹੁੰਦਾ ਕਿਉਂਕਿ ਘਰ ਚ ਉਸਦੇ ਨਾਲ ਤਸ਼ੱਦਦ ਕੀਤਾ ਜਾਂਦਾ ਹੈ ਇੱਥੋਂ ਤੱਕ ਕਿ ਉਸਨੂੰ ਰੋਟੀ ਤੱਕ ਵੀ ਨਹੀਂ ਦਿੱਤੀ ਜਾਂਦੀ ਜਿਸਦੇ ਚੱਲਦੇ ਆਪਣੀ ਸਤਾਈ ਔਲਾਦ ਤੋਂ ਤੰਗ ਆ ਕੇ ਉਹ ਸਾਡੇ ਨਾਲ ਰਹਿਣ ਲੱਗ ਪਿਆ।ਮਹਿਲਾ ਵੱਲੋਂ ਪਿੰਡ ਦੀ ਪੰਚਾਇਤ ਤੇ ਪੁਲਿਸ ਤੋਂ ਪਰਿਵਾਰ ਦੀ ਮਦਦ ਕਰਨ ਦੀ ਮੰਗ ਕੀਤੀ ਗਈ ਹੈ।
ਓਧਰ ਇਸ ਮਸਲੇ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ ਕਿ ਇੱਕ ਬਜ਼ੁਰਗ ਇਨਸਾਫ ਦੇ ਲਈ ਪਾਣੀ ਵਾਲੀ ਟੈਂਕੀ ਤੇ ਚੜ੍ਹ ਗਿਆ ਹੈ।ਜਿਸਦੇ ਚੱਲਦੇ ਪੁਲਿਸ ਤੇ ਪਿੰਡ ਦੇ ਲੋਕਾਂ ਦੀ ਮਦਦ ਨਾਲ ਉਸਨੂੰ ਇਨਸਾਫ ਦਿਵਾਉਣ ਦਾ ਭਰੋਸਾ ਦੇ ਕੇ ਥੱਲੇ ਉਤਾਰਿਆ ਗਿਆ ਹੈ।ਇਸ ਮਸਲੇ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪ੍ਰਸ਼ਾਸਨ ਦੇ ਹੋਰ ਅਧਿਕਾਰੀਆਂ ਨੂੰ ਬੁਲਾਇਆ ਗਿਆ ਹੈ ਤੇ ਬਜ਼ੁਰਗ ਨੂੰ ਇਨਸਾਫ ਜ਼ਰੂਰ ਦਿੱਤਾ ਜਾਵੇਗਾ।ਇਸ ਦੌਰਾਨ ਉਨ੍ਹਾਂ ਕਿਹਾ ਕਿ ਬਜ਼ੁਰਗ ਜਿੱਥੇ ਰਹਿਣਾ ਚਾਹੇਗਾ ਉਸਨੂੰ ਉੱਥੇ ਰਹਿਣ ਦਿੱਤਾ ਜਾਵੇਗਾ ਕੋਈ ਉਸਨੂੰ ਪਰੇਸ਼ਾਨ ਨਹੀਂ ਕਰੇਗਾ।