ਲੁਧਿਆਣਾ: ਜ਼ਿਲ੍ਹੇ ਦੇ ਪੁਲਿਸ ਕਮਿਸ਼ਨਰ ਦਫਤਰ ਦੇ ਬਾਹਰ ਇੱਕ ਬਜ਼ੁਰਗ ਜੋੜੇ ਨੇ ਹੰਗਾਮਾ ਕੀਤਾ। ਜੋੜੇ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਹੈ ਤੇ ਨਾਲ ਹੀ ਉਨ੍ਹਾਂ ਨੇ ਪੁਲਿਸ ਉੱਤੇ ਕਾਰਵਾਈ ਨਾ ਕਰਨ ਦੇ ਇਲਜ਼ਾਮ ਵੀ ਲਾਏ ਹਨ। ਬਜ਼ੁਰਗ ਸੁਖਵਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਅਤੇ ਵਾਰ-ਵਾਰ ਪੁਲਿਸ ਕੋਲ ਉਹਨਾਂ ਨੇ ਸ਼ਿਕਾਇਤ ਕੀਤੀ ਹੈ, ਪਰ ਇਸ ਦੇ ਬਾਵਜੂਦ ਪੁਲਿਸ ਕਾਰਵਾਈ ਨਹੀਂ ਕਰ ਰਹੀ ਹੈ, ਜਿਸ ਕਾਰਨ ਸਾਨੂੰ ਮਜ਼ਬੂਰ ਹੋ ਕੇ ਪੁਲਿਸ ਕਮਿਸ਼ਨਰ ਦਫਤਰ ਦੇ ਬਾਹਰ ਮਰਨ ਵਰਤ ਉੱਤੇ ਬੈਠਣਾ ਪੈ ਰਿਹਾ ਹੈ।
ਬਜ਼ੁਰਗ ਜੋੜੇ ਨੇ ਪੁਲਿਸ ਉੱਤੇ ਲਗਾਏ ਇਲਜ਼ਾਮ: ਹੰਗਾਮਾ ਕਰਨ ਵਾਲੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਪੁੱਤਰ ਜੂਏ ਵਿੱਚ 50 ਲੱਖ ਰੁਪਏ ਦੇ ਕਰੀਬ ਹਾਰ ਗਿਆ ਸੀ। ਉਹਨਾਂ ਨੇ ਕਿਹਾ ਕਿ ਅਸੀਂ ਉਸਦਾ ਕਰਜਾ ਆਪਣਾ ਘਰ ਵੇਚ ਕੇ ਚੁਕਾਇਆ ਸੀ, ਪਰ ਜੁਆਰੀ ਪੈਸੇ ਦੇਣ ਤੋਂ ਬਾਅਦ ਵੀ ਉਹਨਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ।। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪੁੱਤਰ ਨੂੰ ਕਿਡਨੈਪ ਕਰ ਲਿਆ ਗਿਆ ਸੀ ਅਤੇ ਜਿਸ ਦੀ ਅਸੀਂ ਸ਼ਿਕਾਇਤ ਪੁਲਿਸ ਨੂੰ ਦਿੱਤੀ ਸੀ, ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਨੇ ਕਿਹਾ ਕਿ ਉਹ ਅਨੇਕਾਂ ਵਾਰ ਪੁਲਿਸ ਕਮਿਸ਼ਨਰ ਦਫਤਰ ਵੀ ਸ਼ਿਕਾਇਤ ਕਰ ਚੁੱਕੇ ਹਨ, ਪਰ ਕੋਈ ਕਾਰਵਾਈ ਨਹੀਂ ਹੋਈ, ਸਗੋਂ ਸਾਨੂੰ ਧਮਕੀਆਂ ਹੋਰ ਵੀ ਜਿਆਦਾ ਦਿੱਤੀਆਂ ਜਾਣ ਲੱਗੀਆਂ ਹਨ।
ਸੀਨੀਅਰ ਪੁਲਿਸ ਅਧਿਕਾਰੀ ਨੇ ਦਿੱਤਾ ਭਰੋਸਾ: ਬੇਸ਼ੱਕ ਮੌਕੇ ਉੱਤੇ ਪਹੁੰਚ ਕੇ ਸੀਨੀਅਰ ਪੁਲਿਸ ਅਧਿਕਾਰੀ ਬਜ਼ੁਰਗ ਜੋੜੇ ਨੂੰ ਅੰਦਰ ਲੈ ਗਏ ਤੇ ਭਰੋਸਾ ਦਿੱਤਾ ਕੇ ਉਨ੍ਹਾਂ ਨੂੰ ਇਨਸਾਫ ਦਵਾਇਆ ਜਾਵੇਗਾ। ਮੌਕੇ ਉੱਤੇ ਪੁਲਿਸ ਪਹਿਲਾਂ ਮੀਡੀਆ ਕਰਮੀਆਂ ਨੂੰ ਵੀ ਬਜ਼ੁਰਗ ਨਾਲ ਗੱਲਬਾਤ ਕਰਨ ਤੋਂ ਰੋਕਦੀ ਵਿਖਾਈ ਦਿੱਤੀ। ਹਾਲਾਂਕਿ ਪਹਿਲਾਂ ਐਸਐਚਓ ਨੀਰਜ ਚੌਧਰੀ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਗੱਲ ਨਾ ਬਣਦੀ ਵੇਖ ਸੀਨੀਅਰ ਪੀਪੀਐਸ ਅਫਸਰ ਨੂੰ ਅੰਦਰੋਂ ਆਉਣਾ ਪਿਆ। ਬਜ਼ੁਰਗ ਨੇ ਕਿਹਾ ਕਿ ਉਹ ਪਹਿਲਾਂ ਵੀ ਪੁਲਿਸ ਕਮਿਸ਼ਨਰ ਦਫ਼ਤਰ ਆ ਕੇ ਜ਼ਹਿਰ ਪੀ ਚੁੱਕੇ ਹਨ। ਡਵੀਜ਼ਨ ਨੰਬਰ 5 ਵੱਲੋਂ ਉਦੋਂ ਵੀ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਸੀ, ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।