ਲੁਧਿਆਣਾ: ਏਸ਼ੀਆ ਦੀ ਸਭ ਤੋਂ ਵੱਡੀ UCPMA ਯਾਨੀ ਯੂਨਾਈਟਿਡ ਸਾਈਕਲ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ (United Bicycle Parts Manufacturers Association) ਦੀ ਜਨਰਲ ਮੀਟਿੰਗ ਦੇ ਵਿੱਚ ਬੀਤੇ ਦਿਨੀਂ ਹੰਗਾਮਾ ਹੋਣ ਤੋਂ ਬਾਅਦ ਹੁਣ ਪਾਰਟੀ ਪ੍ਰਧਾਨ ਲਈ ਚੋਣਾਂ ਹੋਣ ਜਾ ਰਹੀਆਂ ਹਨ। ਇੱਕ ਪਾਸੇ ਮੌਜੂਦਾ ਪ੍ਰਧਾਨ ਡੀ ਐਸ ਚਾਵਲਾ 'ਤੇ ਉਨ੍ਹਾਂ ਦੀ ਟੀਮ ਚੋਣ ਮੈਦਾਨ 'ਚ ਹੈ ਅਤੇ ਦੂਜੇ ਪਾਸੇ ਅਵਤਾਰ ਭੋਗਲ ਅਤੇ ਉਨ੍ਹਾਂ ਦੀ ਟੀਮ ਚੋਣ ਮੈਦਾਨ ਵਿੱਚ ਹੈ ਦੋਵਾਂ ਵੱਲੋਂ ਇਕ ਪ੍ਰੈੱਸ ਕਾਨਫ਼ਰੰਸ ਕਰਕੇ ਚੋਣਾਂ ਸੰਬੰਧੀ ਆਪਣੇ ਅਹੁਦੇਦਾਰਾਂ ਦੇ ਨਾਂ ਐਲਾਨੇ ਗਏ ਅਤੇ ਨਾਲ ਹੀ ਆਪਣੇ ਏਜੰਡੇ ਪੱਤਰਕਾਰਾਂ ਸਾਹਮਣੇ ਰੱਖੇ ਗਏ।
UCPMA ਦੇ ਮੌਜੂਦਾ ਪ੍ਰਧਾਨ DS ਚਾਵਲਾ ਮੁੜ ਤੋਂ ਪ੍ਰਧਾਨਗੀ ਦੀ ਰੇਸ ਵਿੱਚ ਹਨ ਅਤੇ ਇਸ ਦੌਰਾਨ ਉਨ੍ਹਾਂ ਪ੍ਰੈੱਸ ਕਾਨਫ਼ਰੰਸ ਕਰਕੇ ਇਲਜ਼ਾਮ ਲਗਾਏ ਗਏ ਹਨ ਕਿ ਐਸੋਸੀਏਸ਼ਨ ਦਾ ਕੁਝ ਲੋਕਾਂ ਵੱਲੋਂ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਅਸਿੱਧੇ ਤੌਰ 'ਤੇ ਕਿਹਾ ਕਿ ਬੀਤੇ ਦਿਨ ਜਨਰਲ ਮੀਟਿੰਗ ਵਿੱਚ ਜਾਣਬੁੱਝ ਕੇ ਉਨ੍ਹਾਂ 'ਤੇ ਹਮਲਾ ਕਰਵਾਇਆ ਗਿਆ ਅਤੇ ਉਨ੍ਹਾਂ ਦੀ ਦਸਤਾਰ ਦੀ ਬੇਅਦਬੀ ਕੀਤੀ ਗਈ।
ਉਨ੍ਹਾਂ ਕਿਹਾ ਕਿ ਜਿਸ ਨੂੰ ਮੁੱਖ ਚੋਣ ਪ੍ਰਬੰਧਕ ਬਣਾਇਆ ਗਿਆ ਹੈ ਉਹ ਖੁਦ ਇੱਕ ਸਿਆਸੀ ਪਾਰਟੀ ਨਾਲ ਸੰਬੰਧਤ ਹੈ ਅਤੇ ਉਹ ਸਿੱਧੇ ਤੌਰ 'ਤੇ ਦੂਜੀ ਧਿਰ ਨੂੰ ਸਪੋਰਟ ਕਰੇਗਾ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਨਿਰਪੱਖ ਚੋਣਾਂ ਕਰਵਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਉਨ੍ਹਾਂ ਦੀ ਬੇਅਦਬੀ ਕੀਤੀ ਉਹ ਵੀ ਅਜੇ ਵੀ ਸਲਾਖਾਂ ਦੇ ਪਿੱਛੇ ਨਹੀਂ ਹਨ, ਉਨ੍ਹਾਂ ਆਪਣੀ ਟੀਮ ਦੇ ਮੈਂਬਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਉਨ੍ਹਾਂ ਨੂੰ ਕਾਮਯਾਬ ਬਣਾਉਣ ਲਈ ਕਿਹਾ ਹੈ।
ਉੱਧਰ ਦੂਜੇ ਪਾਸੇ ਅਵਤਾਰ ਸਿੰਘ ਭੋਗਲ ਵੀ CPM ਦੀ ਪ੍ਰਧਾਨਗੀ ਦੀ ਦੌੜ 'ਚ DS ਚਾਵਲਾ ਦੇ ਵਿਰੋਧ ਵਿੱਚ ਖੜ੍ਹੇ ਹਨ। ਭੋਗਲ ਦੀ ਟੀਮ ਵੱਲੋਂ ਵੀ ਪ੍ਰੈੱਸ ਕਾਨਫ਼ਰੰਸ ਕਰਕੇ ਆਪਣੀ ਟੀਮ ਦੇ ਏਜੰਡੇ ਦੱਸੇ ਗਏ ਅਤੇ ਇਸ ਦੌਰਾਨ ਜਦੋਂ ਉਨ੍ਹਾਂ ਨੂੰ ਚਾਵਲਾ ਵੱਲੋਂ ਲਾਏ ਗਏ ਇਲਜ਼ਾਮਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਨਕਾਰਦਿਆਂ ਕਿਹਾ ਕਿ ਅਸੀਂ ਸਾਫ਼ ਸੁਥਰੀ ਚੋਣ ਕਰਾਵਾਂਗੇ। ਉਨ੍ਹਾਂ ਦੱਸਿਆ ਕਿ ਜੇ ਕਿਸੇ ਨੂੰ ਕੋਈ ਦਿੱਕਤ ਹੈ ਤਾਂ ਉਸ ਵੇਲੇ ਹੀ ਬੋਲ ਸਕਦਾ ਹੈ ਉਨ੍ਹਾਂ ਇਹ ਵੀ ਕਿਹਾ ਕਿ ਲਗਪਗ UCPMA ਦੇ 1650 ਦੇ ਕਰੀਬ ਮੈਂਬਰ ਹਨ, ਜਿਨ੍ਹਾਂ ਨੇ ਆਪਣੀ ਵੋਟ ਪਾ ਕੇ ਪ੍ਰਧਾਨ ਦੀ ਚੋਣ ਕਰਨੀ ਹੈ।
ਇਹ ਵੀ ਪੜ੍ਹੋ: ਪਰਗਟ ਸਿੰਘ ਨੇ ਹੁਣ ਹਰੀਸ਼ ਰਾਵਤ 'ਤੇ ਚੁੱਕੇ ਸਵਾਲ