ਲੁਧਿਆਣਾ: ਦੀਵਾਲੀ ਦੇ ਤਿਉਹਾਰ ਮੌਕੇ ਅਕਸਰ ਹੀ ਲੋਕ ਆਪਣੇ ਘਰਾਂ ਨੂੰ ਰੌਸ਼ਨ ਕਰਨ ਲਈ ਦੀਵੇ ਅਤੇ ਮੋਮਬੱਤੀਆਂ ਖਰੀਦਦੇ ਹਨ, ਪਰ ਇਸ ਦੀਵਾਲੀ ਜੇਕਰ ਤੁਸੀਂ ਇਨ੍ਹਾਂ ਬੱਚਿਆਂ ਤੋਂ ਦੀਵੇ ਅਤੇ ਮੋਮਬੱਤੀਆਂ ਖ਼ਰੀਦੋਗੇ, ਤਾਂ ਇਨ੍ਹਾਂ ਬੱਚਿਆਂ ਦੀ ਨਾ ਸਿਰਫ ਮਦਦ ਹੋਵੇਗੀ, ਸਗੋਂ ਆਤਮ ਨਿਰਭਰ ਬਣਨ ਦੀ ਪ੍ਰੇਰਨਾ ਵੀ ਬੱਚਿਆਂ ਨੂੰ ਮਿਲ ਸਕੇਗੀ। ਇਨ੍ਹਾਂ ਬੱਚਿਆਂ ਨੂੰ ਸਮਾਜ ਨੇ ਅਣਗੋਲਿਆ ਕੀਤਾ, ਪਰ ਸਰਕਾਰੀ ਨੌਕਰੀ ਛੱਡ ਬੱਚਿਆਂ ਦੀ ਸੇਵਾ ਕਰ ਰਹੀ ਸਤਵੰਤ ਕੌਰ ਨੇ ਨਾ ਸਿਰਫ ਸਰੀਰਕ ਜਾਂ ਦਿਮਾਗੀ ਤੌਰ ਉੱਤੇ ਅਸਮਰਥ ਬੱਚਿਆਂ ਨੂੰ ਅਪਣਾਇਆ, ਸਗੋਂ ਆਪਣੀ ਪੂਰੀ ਜ਼ਿੰਦਗੀ ਇਨ੍ਹਾਂ ਖਾਸ ਬੱਚਿਆਂ ਦੇ ਲੇਖੇ ਲਗਾ ਦਿੱਤੀ।
ਦੂਜਿਆਂ ਦਾ ਘਰ ਰੁਸ਼ਨਾਉਣ ਦੀ ਤਿਆਰੀ: ਲੁਧਿਆਣਾ ਦੇ ਰਾਜਗੁਰੂ ਨਗਰ ਵਿੱਚ ਇੱਕ ਜੋਤ ਵਿਕਲਾਂਗ ਬੱਚਿਆਂ ਦੇ ਸਕੂਲ ਦੇ ਵਿੱਚ ਬੱਚੇ ਇਨੀਂ ਦਿਨੀ ਦੀਵੇ ਬਣਾ ਰਹੇ ਹਨ, ਤਾਂ ਜੋ ਲੋਕਾਂ ਦੇ ਘਰ ਜਾਂ ਰੋਸ਼ਨ ਹੋ ਸਕਣ। ਇਨ੍ਹਾਂ ਵਿੱਚੋਂ ਕਈ ਬੱਚਿਆਂ ਦੀ ਖੁਦ ਦੀ ਅੱਖਾਂ ਦੀ ਰੋਸ਼ਨੀ ਨਹੀਂ ਹੈ, ਪਰ ਹੁਨਰ ਦੀ ਕਮੀ ਨਹੀਂ ਹੈ।
ਸਰਕਾਰੀ ਨੌਕਰੀ ਤਿਆਗੀ: 2009 ਵਿੱਚ ਸਤਵੰਤ ਕੌਰ ਨੇ ਇਕ ਜੋਤ ਵਿਕਲਾਂਗ ਬੱਚਿਆਂ ਦੇ ਸਕੂਲ ਦੀ ਸ਼ੁਰੂਆਤ ਕੀਤੀ ਸੀ ਅਤੇ ਅੱਜ ਉਸ ਕੋਲ 70 ਦੇ ਕਰੀਬ ਬੱਚੇ ਹਨ, ਜੋ ਜਾਂ ਤਾਂ ਸਰੀਰਕ ਤੌਰ ਉੱਤੇ ਅਸਮਰਥ ਹਨ ਜਾਂ ਫਿਰ ਦਿਮਾਗੀ ਤੌਰ ਉੱਤੇ। ਲਗਭਗ 30 ਦੇ ਕਰੀਬ ਬੱਚੇ ਇਸ ਕੇਂਦਰ ਦੇ ਵਿੱਚ ਹਨ। ਬੱਚਿਆਂ ਨੂੰ ਆਤਮ ਨਿਰਭਰ ਬਣਾਉਣ ਲਈ ਉਨ੍ਹਾਂ ਨੂੰ ਪੜਾਇਆ ਲਿਖਾਇਆ ਜਾ ਰਿਹਾ ਹੈ ਅਤੇ ਨਾਲ ਹੀ ਉਨ੍ਹਾਂ ਨੂੰ ਹੁਨਰਮੰਦ ਵੀ ਬਣਾਇਆ ਜਾ ਰਿਹਾ ਹੈ। ਬੱਚੇ ਦੀਵਾਲੀ ਦੇ ਸੀਜ਼ਨ ਦੌਰਾਨ ਦੀਵੇ ਬਣਾਉਂਦੇ ਹਨ, ਮੋਮਬੱਤੀਆਂ ਬਣਾਉਂਦੇ ਹਨ ਅਤੇ ਲੋਕਾਂ ਦੇ ਘਰ ਘਰ ਜਾ ਕੇ ਵੇਚਦੇ ਹਨ।
ਇਨ੍ਹਾਂ ਵਿੱਚੋਂ ਕਈ ਬੱਚੇ ਅਜਿਹੇ ਹਨ, ਜਿਨਾਂ ਨੂੰ ਨਾ ਸਿਰਫ ਸਮਾਜ ਨੇ ਠੁਕਰਾਇਆ, ਸਗੋਂ ਉਨ੍ਹਾਂ ਦੇ ਆਪਣਿਆਂ ਨੇ ਵੀ ਕਿਨਾਰਾ ਕਰ ਲਿਆ, ਪਰ ਬੱਚਿਆਂ ਨੇ ਜ਼ਿੰਦਗੀ ਦੀ ਜੰਗ ਹਾਰਨ ਦੀ ਥਾਂ ਉੱਤੇ ਆਪਣੇ ਆਪ ਨੂੰ ਇੰਨਾਂ ਬੁਲੰਦ ਕਰ ਲਿਆ ਕਿ ਅੱਜ ਉਹ ਕਿਸੇ ਦੇ ਮੁਹਤਾਜ ਨਹੀਂ ਸਗੋਂ, ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਦੇ ਲਈ ਸਮਰੱਥ ਹੋ ਗਏ ਹਨ।
ਅੰਗਹੀਣ ਬਣ ਰਹੇ ਹੁਨਰਮੰਦ: ਦੀਵਿਆਂ ਨੂੰ ਰੰਗ ਕਰਕੇ ਇਹ ਬੱਚੇ ਅੱਗੇ ਵੇਚਦੇ ਹਨ ਅਤੇ ਲੋਕ ਸੇਵਾ ਭਾਵਨਾ ਨਾਲ ਖਰੀਦਦੇ ਵੀ ਹਨ। ਇੰਨਾ ਹੀ ਨਹੀਂ, ਇਹ ਬੱਚੇ ਹੈਂਡ ਵਾਸ਼, ਪੋਣੇ, ਐਪਰਲ, ਫਰਨੈਲ ਅਤੇ ਕਈ ਹੋਰ ਵੀ ਪ੍ਰੋਡਕਟ ਤਿਆਰ ਕਰਦੇ ਹਨ। ਇਸ ਤੋਂ ਇਲਾਵਾ ਕਈ ਨੌਜਵਾਨ ਮਿਊਜਿਕ ਦੀ ਸਿਖਲਾਈ ਲੈਂਦੇ ਹਨ ਅਤੇ ਕੰਪਿਊਟਰ ਵੀ ਸਿੱਖਦੇ ਹਨ, ਤਾਂ ਜੋ ਉਨ੍ਹਾਂ ਨੂੰ ਕਿਸੇ ਅੱਗੇ ਹੱਥ ਅੱਡਣ ਦੀ ਬਜਾਏ, ਰੁਜ਼ਗਾਰ ਮਿਲ ਸਕੇ ਅਤੇ ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਸਕਣ।
ਆਤਮ ਨਿਰਭਰ ਬਣਾਉਣ ਦੀ ਟ੍ਰੇਨਿੰਗ: ਇਸ ਕੇਂਦਰ ਦੀ ਮੁਖੀ ਸਤਵੰਤ ਕੌਰ ਨੇ ਦੱਸਿਆ ਕਿ ਖਾਨਪੁਰ ਦੇ ਸੀਨੀਅਰ ਸੈਕੰਡਰੀ ਸਕੂਲ ਉੱਤੇ ਉਹ ਬਤੌਰ ਸਰਕਾਰੀ ਅਧਿਆਪਕ ਸਨ। ਇਸ ਦੌਰਾਨ ਉਨ੍ਹਾਂ ਨੂੰ ਇੱਕ ਕੈਂਪ ਵਿੱਚ ਜਾਣ ਦਾ ਮੌਕਾ ਮਿਲਿਆ, ਜਿੱਥੇ ਅਜਿਹੇ ਬੱਚੇ ਸਨ। ਉਨ੍ਹਾਂ ਨੂੰ ਵੇਖ ਕੇ ਸਤਵੰਤ ਦਾ ਦਿਲ ਪਸੀਜ ਗਿਆ ਅਤੇ ਅਜਿਹੇ ਬੱਚਿਆਂ ਲਈ ਹੀ ਕੁਝ ਕਰਨ ਦਾ ਸੋਚਿਆ। ਇਸ ਤੋਂ ਬਾਅਦ ਸਤਵੰਤ ਕੌਰ ਵੱਲੋਂ ਇਕ ਜੋਤ ਵਿਕਲਾਂਗ ਬੱਚਿਆਂ ਦੇ ਸਕੂਲ ਦੀ ਸ਼ੁਰੂਆਤ ਕੀਤੀ ਗਈ, ਜਿੱਥੇ ਬੱਚਿਆਂ ਨੂੰ ਆਤਮ ਨਿਰਭਰ ਬਣਾਉਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ।
ਸੇਵਾ ਭਾਵਨਾ: ਸਤਬੀਰ ਸਿੰਘ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਪੈਰਾਲਾਈਜ਼ ਹੈ। ਉਸ ਦੀਆਂ ਦੋਵੇਂ ਲੱਤਾਂ ਕੰਮ ਨਹੀਂ ਕਰਦੀਆਂ। ਪਿਛਲੇ 10 ਸਾਲ ਤੋਂ ਉਹ ਇਸ ਕੇਂਦਰ ਦੇ ਵਿੱਚ ਹੈ ਅਤੇ ਪਹਿਲਾਂ ਉਹ ਕੋਈ ਵੀ ਕੰਮ ਕਰਨ ਵਿੱਚ ਅਸਮਰੱਥ ਸੀ, ਪਰ ਉਸ ਤੋਂ ਬਾਅਦ ਉਸ ਨੂੰ ਪੇਂਟਿੰਗ ਦੀ ਸਿਖਲਾਈ ਮਿਲੀ ਅਤੇ ਹੁਣ ਉਹ ਦੀਵੇ ਪੇਂਟ ਕਰਦਾ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਕੰਮ ਕਰਦਾ ਹੈ ਜਿਸ ਨਾਲ ਉਹ ਆਤਮ ਨਿਰਭਰ ਬਣ ਚੁੱਕਾ ਹੈ।
ਇਸੇ ਤਰ੍ਹਾਂ ਸੌਰਵ ਵੀ ਦੀਵੇ ਪੇਂਟ ਕਰਕੇ ਵੇਚਦਾ ਹੈ। 2018 ਵਿੱਚ ਟਰੇਨ ਥੱਲੇ ਆਉਣ ਕਾਰਨ ਉਸ ਦੀਆਂ ਦੋਵੇਂ ਲੱਤਾਂ ਕੱਟ ਗਈਆਂ ਸਨ। ਇੱਕ ਵਾਰ ਤਾਂ ਉਸ ਨੇ ਜ਼ਿੰਦਗੀ ਤੋਂ ਹਾਰ ਮੰਨ ਲਈ ਸੀ, ਪਰ ਫਿਰ ਉਸ ਨੇ ਇਸ ਕੇਂਦਰ ਵਿੱਚ ਆ ਕੇ ਹੁਨਰ ਸਿੱਖਿਆ ਅਤੇ ਹੁਣ ਉਹ ਵੀ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਕੰਮ ਕਰਨ ਵਿੱਚ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ। ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਅਤੇ ਆਪਣਾ ਗੁਜ਼ਾਰਾ ਇਸ ਨਾਲ ਕਰਦਾ ਹੈ। ਸੌਰਵ ਨੇ ਦੱਸਿਆ ਕਿ ਲੋਕ ਉਨ੍ਹਾਂ ਦੇ ਕੇਂਦਰ ਵਿੱਚ ਆ ਕੇ ਵੀ ਇਥੋਂ ਦੀਵੇ ਖ਼ਰੀਦਦੇ ਹਨ ਅਤੇ ਸੇਵਾ ਕਰਦੇ ਹਨ। ਸੌਰਵ ਨੇ ਕਿਹਾ ਕਿ ਕਈ ਲੋਕਾਂ ਦੇ ਵਿੱਚ ਸੇਵਾ ਭਾਵਨਾ ਹੁੰਦੀ ਹੈ ਅਤੇ ਕਈ ਲੋਕ ਸਾਨੂੰ ਨਕਾਰ ਦਿੰਦੇ ਹਨ।
60 ਦੇ ਕਰੀਬ ਬੱਚਿਆਂ ਨੂੰ ਮਿਲੀ ਛੱਤ: ਸਤਵੰਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਕੇਂਦਰ ਵਿੱਚ ਬੱਚਿਆਂ ਨੂੰ ਮਿਊਜ਼ਿਕ ਦੀ ਮੁਫਤ ਸਿਖਲਾਈ ਦਿੱਤੀ ਜਾਂਦੀ ਹੈ। ਮੁਫਤ ਵਿੱਚ ਹੀ ਕੰਪਿਊਟਰ ਸਿਖਾਇਆ ਜਾਂਦਾ ਹੈ। ਬੱਚਿਆਂ ਤੋਂ ਕਿਸੇ ਤਰ੍ਹਾਂ ਦੇ ਕੋਈ ਪੈਸੇ ਨਹੀਂ ਲਏ ਜਾਂਦੇ। ਸਰਕਾਰ ਵੱਲੋਂ ਵੀ ਕਿਸੇ ਤਰ੍ਹਾਂ ਦੀ ਉਨ੍ਹਾਂ ਨੂੰ ਕੋਈ ਮਦਦ ਨਹੀਂ ਮਿਲਦੀ। ਸਤਵੰਤ ਨੇ ਕਿਹਾ ਕਿ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਇਹ ਕੇਂਦਰ ਚੱਲ ਰਿਹਾ ਹੈ। ਸਤਵੰਤ ਕੌਰ ਨੇ ਕਿਹਾ ਕਿ ਇਨਸਾਨ ਖਾਲੀ ਹੱਥ ਆਉਂਦਾ ਹੈ ਤੇ ਖਾਲੀ ਹੱਥ ਹੀ ਜਾਂਦਾ ਹੈ, ਪਰ ਜੇਕਰ ਸਾਨੂੰ ਅਜਿਹੇ ਬੱਚਿਆਂ ਲਈ ਸੇਵਾ ਕਰਨ ਦਾ ਮੌਕਾ ਮਿਲੇ ਤਾਂ ਰੱਬ ਆਪਣੇ ਚਰਨਾਂ ਵਿੱਚ ਨਿਵਾਸ ਦਿੰਦਾ ਹੈ, ਕਿਉਂਕਿ ਇਨ੍ਹਾਂ ਬੱਚਿਆਂ ਦੀ ਸੇਵਾ ਕਰਨ ਨਾਲ ਰੱਬ ਵੀ ਸਿੱਧੀ ਸੁਣਦਾ ਹੈ।
ਸਤਵੰਤ ਕੌਰ ਨੇ ਦੱਸਿਆ ਕਿ 60 ਦੇ ਕਰੀਬ ਬੱਚੇ ਅਤੇ 20 ਦੇ ਕਰੀਬ ਵੱਡੇ ਹਨ, ਜੋ ਇਸ ਕੇਂਦਰ ਵਿੱਚ ਆਉਂਦੇ ਹਨ। ਕਈ ਬੱਚੇ ਵਾਪਸ ਚਲੇ ਜਾਂਦੇ ਹਨ, ਪਰ ਕਈ ਬੱਚੇ ਕੇਂਦਰ ਵਿੱਚ ਹੀ ਰਹਿੰਦੇ ਹਨ। ਉਨ੍ਹਾਂ ਨੂੰ ਤਿੰਨ ਟਾਈਮ ਦਾ ਖਾਣਾ ਮੁਹੱਈਆ ਕਰਵਾਇਆ ਜਾਂਦਾ ਹੈ।