ਖੰਨਾ: ਪਿੰਡ ਮਾਂਹਪੁਰ ਦਾ ਰਹਿਣ ਵਾਲਾ ਜਸਵਿੰਦਰ ਸਿੰਘ ਪੰਜ ਸਾਲ ਪਹਿਲਾਂ ਇੱਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਉਸ ਦੀ ਰੀੜ ਦੀ ਹੱਡੀ 'ਤੇ ਸੱਟ ਲੱਗੀ ਤੇ ਉਸ ਦਾ ਸਰੀਰ ਬਿਲਕੁਲ ਹੀ ਚਲਣਾ ਬੰਦ ਹੋ ਗਿਆ ਸੀ।
ਪਰਿਵਾਰ ਵਾਲਿਆਂ ਨੇ ਉਸ ਨੂੰ ਡਾਕਟਰਾਂ ਨੂੰ ਦਿਖਾਇਆ ਤੇ ਡਾਕਟਰਾਂ ਨੇ ਉਸ ਦਾ ਆਪਰੇਸ਼ਨ ਕਰਨ ਲਈ ਕਿਹਾ। ਪਰਿਵਾਰ ਨੇ ਪਿੰਡ ਦੀ ਪੰਚਾਇਤ ਤੇ ਸਮੂਹ ਪਿੰਡ ਵਾਸੀਆਂ ਦੀ ਮਦਦ ਨਾਲ ਉਸ ਦਾ ਆਪਰੇਸ਼ਨ ਕਰਵਾਇਆ ਪਰ ਜਦੋਂ ਜਸਵਿੰਦਰ ਸਿੰਘ ਫੇਰ ਵੀ ਠੀਕ ਨਾ ਹੋਇਆ ਤਾਂ ਇਲਾਕੇ ਦੇ ਸਮਾਜਿਕ ਸੰਸਥਾ ਨੇ ਜਸਵਿੰਦਰ ਸਿੰਘ ਦੇ ਇਲਾਜ ਲਈ ਮਦਦ ਕੀਤੀ।
ਹੁਣ ਪੰਜ ਸਾਲ ਬੀਤ ਜਾਣ ਬਾਅਦ ਵੀ ਉਹ ਬਿਸਤਰ 'ਤੇ ਹੀ ਪਿਆ ਹੈ ਤੇ ਉਸ ਦੀ ਸਿਹਤ 'ਚ ਕੋਈ ਵੀ ਸੁਧਾਰ ਨਹੀਂ ਆਇਆ। ਪੀੜਤ ਨੌਜਵਾਨ ਦੀ ਮਾਤਾ ਹਰਬੰਸ ਕੌਰ ਨੇ ਦੁੱਖੀ ਮਨ ਨਾਲ ਦੱਸਿਆ ਕਿ 5 ਸਾਲਾਂ ਦੌਰਾਨ ਉਸ ਦੇ ਪੁੱਤਰ ਦੇ ਇਲਾਜ ਤੇ 12 ਲੱਖ ਰੁਪਏ ਦੇ ਲਗਭਗ ਖਰਚ ਆ ਚੁੱਕਾ ਹੈ ਪਰ ਉਸ ਦੀ ਹਾਲਤ 'ਚ ਕੋਈ ਸੁਧਾਰ ਨਹੀਂ ਆਇਆ ਤੇ ਹੁਣ ਜਦੋਂ ਉਨ੍ਹਾਂ ਫਿਰ ਕਾਨਪੁਰ ਦੇ ਮਾਹਿਰ ਡਾਕਟਰਾਂ ਨਾਲ ਗੱਲ ਕੀਤੀ ਤਾਂ ਡਾਕਟਰ ਫੇਰ ਲੱਖਾਂ ਰੁਪਏ ਦੇ ਇਲਾਜ ਦੀ ਗੱਲ ਆਖ ਰਹੇ ਹਨ। ਉਹ ਆਪਣੇ ਪੁੱਤਰ ਦਾ ਇਲਾਜ ਕਰਵਾਉਣ ਤੋਂ ਬਿਲਕੁਲ ਅਸਮਰੱਥ ਹਨ ਤੇ ਪੰਜਾਬ ਸਰਕਾਰ ਵੱਲੋਂ ਐਲਾਨ ਕੀਤੇ 3 ਲੱਖ ਰੁਪਏ ਸਿਰਫ਼ ਐਲਾਨ ਹੀ ਰਹਿ ਗਏ।
ਉਹ ਸਰਕਾਰੀ ਦਫ਼ਤਰਾਂ ਦੇ ਗੇੜੇ ਲਾਉਂਦੇ-ਲਾਉਂਦੇ ਥੱਕ ਚੁੱਕੇ ਹਨ। ਉਨ੍ਹਾਂ ਪੱਤਰਕਾਰਾਂ ਰਾਹੀਂ ਦਾਨੀ ਸੱਜਣਾਂ ਤੇ ਸਮਾਜ ਸੇਵੀ ਸਖ਼ਸ਼ੀਅਤਾਂ ਨੂੰ ਪੀੜਤ ਨੌਜਵਾਨ ਜਸਵਿੰਦਰ ਸਿੰਘ ਦੇ ਇਲਾਜ ਲਈ ਮਦਦ ਦੀ ਅਪੀਲ ਕੀਤੀ ਹੈ। ਸਮਾਜ ਸੇਵੀ ਸਖ਼ਸ਼ੀਅਤਾਂ ਇਸ ਨੌਜਵਾਨ ਦੇ ਇਲਾਜ ਲਈ 79732 55007 ਅਤੇ 70870 - 93904 ਨੰਬਰ ' ਤੇ ਰਾਬਤਾ ਕਾਇਮ ਕਰ ਸਕਦੇ ਹਨ।