ਲੁਧਿਆਣਾ: ਰਾਏਕੋਟ ਐਸਡੀਐਮ ਦਫ਼ਤਰ ਵਿਖੇ ਕਸਬਾ ਸੁਧਾਰ ਦੇ ਜਤਿੰਦਰਾ ਗਰੀਨਫੀਲਡ ਸਕੂਲ ਦੇ ਸਾਰੇ ਬੱਸ ਚਾਲਕਾਂ, ਕੰਡਕਟਰਾਂ ਅਤੇ ਦਰਜਾ ਚਾਰ ਕਰਮਚਾਰੀਆਂ ਨੇ ਕੋਰੋਨਾ ਮਹਾਮਾਰੀ ਦੇ ਨਾਮ 'ਤੇ ਸਕੂਲ ਬੰਦ ਕਰਨ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ ਅਤੇ ਐਸਡੀਐਮ ਰਾਏਕੋਟ ਰਾਹੀਂ ਪੰਜਾਬ ਸਰਕਾਰ ਨੂੰ ਸਕੂਲ ਖੋਲ੍ਹਣ ਦੀ ਮੰਗ ਸਬੰਧੀ ਇੱਕ ਮੰਗ ਪੱਤਰ ਵੀ ਭੇਜਿਆ। ਪ੍ਰਦਰਸ਼ਨ ਦੌਰਾਨ ਕਰਮਚਾਰੀਆਂ ਨੇ ਕਾਲੇ ਮਾਸਕ ਲਗਾ ਕੇ ਪੰਜਾਬ ਸਰਕਾਰ ਖ਼ਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਇਸ ਦੌਰਾਨ ਕਰਮਚਾਰੀਆਂ ਨੇ ਪੁੱਛਿਆ 'ਜਦੋਂ ਕੈਪਟਨ ਦੀ ਪੋਤੀ ਦਾ ਵਿਆਹ ਸੀ, ਉਦੋਂ ਕੋਰੋਨਾ ਕਿੱਥੇ ਸੀ, 'ਸ਼ਰਾਬ ਦੇ ਠੇਕੇ ਖੁੱਲ੍ਹ ਸਕਦੇ ਨੇ ਤਾਂ ਸਕੂਲ ਕਿਉਂ ਨਹੀਂ', 'ਸਕੂਲ ਬੰਦ ਕਰਨ ਦਾ ਵਿਰੋਧ ਕਰਦੇ ਹਾਂ' ਆਦਿ ਆਕਾਸ਼ ਗੁੰਜਾਊ ਨਾਅਰੇ ਲਗਾਏ, ਬਲਕਿ ਕੋਰੋਨਾ ਦੇ ਬਹਾਨੇ ਕਿਸਾਨੀ ਸੰਘਰਸ਼ ਨੂੰ ਖਤਮ ਕਰਨ ਦੀ ਚਾਲ ਦੱਸਿਆ।
ਇਸ ਮੌਕੇ ਸਕੂਲ ਦੇ ਬੱਸ ਚਾਲਕਾਂ, ਕੰਡਕਟਰਾਂ ਤੇ ਦਰਜਾ-4 ਕਰਮਚਾਰੀਆਂ ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਸਕੂਲ ਮੁੜ ਨਾ ਬੰਦ ਕੀਤੇ ਜਾਣ ਕਿਉਂਕਿ ਸਕੂਲਾਂ ਦੇ ਬੰਦ ਹੋਣ ਕਾਰਨ ਜਿਥੇ ਬੱਚਿਆਂ ਦੀ ਪੜ੍ਹਾਈ 'ਤੇ ਬੁਰਾ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਕੂਲ ਖੁੱਲ੍ਹਣ 'ਤੇ ਸਕੂਲ ਤੇ ਬੱਸਾਂ ਵਿੱਚ ਕੋਵਿਡ-19 ਦੀ ਹਦਾਇਤਾਂ ਦੀ ਪੂਰੀ ਪਾਲਣਾ ਕੀਤੀ ਜਾਵੇਗੀ।