ਲੁਧਿਆਣਾ: ਲੋਕ ਸਭਾ ਚੋਣਾਂ ਦੀ ਵੋਟਿੰਗ ਦਾ ਸਮਾਂ ਜਿਓ-ਜਿਓ ਨੇੜੇ ਆ ਰਿਹਾ ਹੈ, ਤਿਓ-ਤਿਓ ਨੈਸ਼ਨਲ ਪਾਰਟੀਆਂ ਪੰਜਾਬ 'ਚ ਸਰਗਰਮੀ ਵੱਧਾ ਰਹੀਆਂ ਹਨ। ਇਸੇ ਲੜੀ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੋਫੈਸਰ ਤੇਜਪਾਲ ਸਿੰਘ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਦਿੱਲੀ ਦੇ ਕੈਬਨਿਟ ਮੰਤਰੀ ਸਤਿੰਦਰ ਜੈਨ ਪਹੁੰਚੇ। ਜੈਨ ਨੇ ਲੁਧਿਆਣਾ ਬਾਰ ਐਸੋਸੀਏਸ਼ਨ ਦੇ ਨਾਲ ਇੱਕ ਮੀਟਿੰਗ ਕਰ ਆਪਣੇ ਏਜੰਡੇ ਬਾਰੇ ਵਿਚਾਰ ਚਰਚਾ ਕੀਤੀ।
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਤਿੰਦਰ ਜੈਨ ਨੇ ਦੱਸਿਆ ਕਿ ਲੋਕਾਂ ਦਾ ਪ੍ਰੋਫੈਸਰ ਤੇਜਪਾਲ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰੋਫੈਸਰ ਤੇਜਪਾਲ ਪੜ੍ਹੇ-ਲਿਖੇ ਨੌਜਵਾਨ ਆਗੂ ਹਨ, ਇਸ ਕਰਕੇ ਲੁਧਿਆਣਾ ਦੀ ਜਨਤਾ ਨੂੰ ਉਨ੍ਹਾਂ ਦੇ ਹੱਕ 'ਚ ਵੋਟ ਪਾ ਕੇ ਲੋਕ ਸਭਾ 'ਚ ਭੇਜਣਾ ਚਾਹੀਦਾ ਹੈ। ਇਸ ਮੌਕੇ ਸਤਿੰਦਰ ਜੈਨ ਨੇ ਭਗਵੰਤ ਮਾਨ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਜਦ 'ਆਪ' ਦਾ ਕੋਈ ਵੀ ਨੁਮਾਇੰਦਾ ਲੋਕ ਸਭਾ 'ਚ ਜਾ ਕੇ ਗਰਜਦਾ ਹੈ ਤਾਂ ਪੂਰਾ ਦੇਸ਼ ਉਸ ਨੂੰ ਦੇਖਦਾ ਹੈ।
ਉਧਰ, ਆਮ ਆਦਮੀ ਪਾਰਟੀ ਨੂੰ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋਣ ਵਾਲੇ ਆਗੂਆਂ ਸਬੰਧੀ ਸਤਿੰਦਰ ਜੈਨ ਨੇ ਕਿਹਾ ਕਿ ਇਹ ਦਲ ਬਦਲੂ ਹਰ ਪਾਰਟੀ 'ਚ ਹੁੰਦੇ ਨੇ ਇਸ ਕਰਕੇ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ।
ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਆ ਕੇ ਜੋ ਆਪਣੇ ਵਿਚਾਰ ਅਤੇ ਆਪਣੇ ਏਜੰਡੇ ਉਨ੍ਹਾਂ ਨਾਲ ਸਾਂਝੇ ਕੀਤੇ ਹਨ ਉਹ ਉਨ੍ਹਾਂ ਤੋਂ ਕਾਫ਼ੀ ਪ੍ਰਭਾਵਿਤ ਹੋਏ ਹਨ।