ਲੁਧਿਆਣਾ: ਕੋਰੋਨਾ ਵਾਇਰਸ ਦਾ ਅਸਰ ਹਰ ਸੈਕਟਰ 'ਤੇ ਪੈ ਰਿਹਾ ਹੈ ਅਤੇ ਬਾਜ਼ਾਰ ਵਿੱਚ ਲਗਾਤਾਰ ਮੰਦੀ ਵੱਧਦੀ ਜਾ ਰਹੀ ਹੈ। ਇਸ ਦਾ ਅਸਰ ਹੁਣ ਲੁਧਿਆਣਾ ਦੇ ਹੌਜ਼ਰੀ ਦੇ ਵਪਾਰ 'ਤੇ ਵੀ ਪੈਣ ਲੱਗਾ ਹੈ। ਲੁਧਿਆਣਾ ਫੀਲਡਗੰਜ ਵਿੱਚ ਸਥਿਤ ਹੋਲਸੇਲ ਦੇ ਵਪਾਰੀ ਇਨੀਂ ਦਿਨੀਂ ਕੋਰੋਨਾ ਵਾਇਰਸ ਕਾਰਨ ਮੰਦੀ ਦੇ ਦੌਰ ਚੋਂ ਲੰਘ ਰਹੇ ਹਨ, ਕਿਉਂਕਿ ਵੱਡੀ ਗਿਣਤੀ ਵਿੱਚ ਰੈਡੀਮੇਡ ਕੱਪੜਿਆਂ ਦਾ 70-80 ਫੀਸਦੀ ਹਿੱਸਾ ਚੀਨ ਤੋਂ ਆਉਣ ਕਾਰਨ ਹੁਣ ਸਪਲਾਈ ਬੰਦ ਹੈ ਅਤੇ ਗਾਹਕ ਵੀ ਬਾਜ਼ਾਰ ਵਿੱਚ ਨਹੀਂ ਆ ਰਹੇ।
ਲੁਧਿਆਣਾ ਫੀਲਡਗੰਜ ਸਥਿਤ ਹੋਲਸੇਲ ਦੇ ਕੱਪੜਾ ਵਪਾਰੀਆਂ ਨੇ ਦੱਸਿਆ ਹੈ ਕਿ ਕੋਰੋਨਾ ਵਾਇਰਸ ਦੇ ਡਰ ਕਾਰਨ ਬਾਜ਼ਾਰਾਂ ਵਿੱਚ ਗਾਹਕ ਨਹੀਂ ਹਨ। ਜੇਕਰ ਗਾਹਕ ਆ ਵੀ ਰਹੇ ਹਨ, ਤਾਂ ਕੱਪੜੇ ਦੀ ਕੀਮਤ ਇੰਨੀ ਵੱਧ ਚੁੱਕੀ ਹੈ ਕਿ ਉਹ ਇਸ ਨੂੰ ਖਰੀਦਣ ਵਿੱਚ ਕੋਈ ਦਿਲਚਸਪੀ ਨਹੀਂ ਵਿਖਾ ਰਹੇ।
ਉਨ੍ਹਾਂ ਕਿਹਾ ਕਿ ਹਿਮਾਚਲ ਤੇ ਹਰਿਆਣਾ ਤੋਂ ਵਪਾਰੀ ਉਨ੍ਹਾਂ ਕੋਲ ਹੋਲਸੇਲ ਵਿੱਚ ਕੱਪੜੇ ਲੈਣ ਆਉਂਦੇ ਸਨ, ਪਰ ਹੁਣ ਵਾਇਰਸ ਕਾਰਨ ਰੇਲ ਗੱਡੀਆਂ, ਬੱਸਾਂ ਆਦਿ 'ਚ ਸਫਰ ਕਰਨ ਤੋਂ ਗੁਰੇਜ ਕਰ ਰਹੇ ਹਨ। ਵਪਾਰੀਆਂ ਨੇ ਕਿਹਾ ਕਿ ਪੈਕਿੰਗ ਵਿੱਚ ਕੱਪੜਾ ਵੱਡੀ ਗਿਣਤੀ 'ਚ ਚੀਨ ਤੋਂ ਦਰਾਮਦ ਹੁੰਦਾ ਹੈ, ਪਰ ਹੁਣ ਆਮਦ ਵੀ ਸਟਾਕ ਕੀਤੇ ਹੋਏ ਕੱਪੜੇ ਨੂੰ ਦੁੱਗਣੀਆਂ ਕੀਮਤਾਂ 'ਤੇ ਵੇਚ ਰਹੇ ਹਨ। ਉਨ੍ਹਾਂ ਕਿਹਾ ਕਿ ਬਾਜ਼ਾਰ ਪਹਿਲਾਂ ਹੀ ਮੰਦੀ ਦੇ ਦੌਰ ਚੋਂ ਲੰਘ ਰਿਹ ਸੀ ਅਤੇ ਹੁਣ ਕੋਰੋਨਾ ਵਾਇਰਸ ਦਾ ਡਰ ਪੂਰੀ ਤਰ੍ਹਾਂ ਮਾਰਕੀਟ ਨੂੰ ਬਰਬਾਦ ਕਰ ਚੁੱਕਾ ਹੈ।
ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਦਾ ਕਹਿਰ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਦੁਨੀਆ ਭਰ ਵਿੱਚ ਪੀੜਤਾਂ ਦੀ ਗਿਣਤੀ ਦਾ ਅੰਕੜਾ 2 ਲੱਖ ਪਾਰ ਕਰ ਗਿਆ ਹੈ ਅਤੇ ਮੌਤਾਂ ਦਾ ਅੰਕੜਾ 9 ਹਜ਼ਾਰ ਦੇ ਕਰੀਬ ਪਹੁੰਚਣ ਵਾਲਾ ਹੈ।
ਇਹ ਵੀ ਪੜ੍ਹੋ: ਚੰਡੀਗੜ੍ਹ 'ਚ ਕੋਰੋਨਾ ਦਾ ਪਹਿਲਾ ਮਾਮਲਾ ਆਇਆ ਸਾਹਮਣੇ