ਲੁਧਿਆਣਾ: ਸੂਬੇ ਵਿੱਚ ਕੋਰੋਨਾ ਮਹਾਂਮਾਰੀ ਮੁੜ ਪੈਰ ਪਸਾਰ ਰਹੀ ਹੈ। ਕੋਰੋਨਾ ਤੋਂ ਲੋਕਾਂ ਨੂੰ ਬਚਾਉਣ ਲਈ ਰਾਏਕੋਟ ਸ਼ਹਿਰ 'ਚ ਸਿਵਲ ਪ੍ਰਸ਼ਾਸਨ ਤੇ ਸਿਹਤ ਵਿਭਾਗ ਵੱਲੋਂ ਵੱਡੇ ਪੱਧਰ 'ਤੇ ਯਤਨ ਕੀਤੇ ਜਾ ਰਹੇ ਹਨ। ਜਿਸ ਤਹਿਤ ਲੋਕਾਂ ਨੂੰ ਕੋਰੋਨਾ ਮਹਾਮਾਰੀ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਉੱਥੇ ਹੀ ਸਿਹਤ ਵਿਭਾਗ ਵੱਲੋਂ ਕੋਰੋਨਾ ਵੈਕਸੀਨ ਲਗਾਈ ਜਾ ਰਹੀ ਹੈ। ਦੱਸ ਦਈਏ ਕਿ ਸ਼ਹਿਰ ਦੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਜਨਤਕ ਥਾਵਾਂ 'ਤੇ ਕੋਰੋਨਾ ਵੈਕਸੀਨ ਟੀਕਾਕਰਨ ਸਬੰਧੀ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ।
ਰਾਏਕੋਟ ਦੇ ਅਗਰਵਾਲ ਜੰਝ ਘਰ 'ਚ ਸਮਾਜ ਸੇਵੀ ਸੰਸਥਾ ਗਰੀਨ ਇਨੀਸੇਟ੍ਰਸ ਦੇ ਸਹਿਯੋਗ ਨਾਲ ਕਮਲ ਬਾਂਸਲ ਦੀ ਅਗਵਾਈ ਹੇਠ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਕੈਂਪ ’ਚ ਐਸਡੀਐਮ ਡਾ. ਹਿਮਾਂਸ਼ੂ ਗੁਪਤਾ, ਹਲਕਾ ਇੰਚਾਰਜ ਕਾਮਿਲ ਬੋਪਾਰਾਏ, ਐਸਐਮਓ ਡਾ. ਅਲਕਾ ਮਿੱਤਲ, ਸੁਦਰਸ਼ਨ ਜੋਸ਼ੀ, ਜੋਗਿੰਦਰਪਾਲ ਮੱਕੜ, ਅਮਨਦੀਪ ਸਿੰਘ ਗਿੱਲ, ਸਾਹਿਲ ਗੋਇਲ ਆਦਿ ਆਗੂਆਂ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਐਸਡੀਐਮ ਡਾ. ਹਿਮਾਂਸ਼ੂ ਗੁਪਤਾ ਨੇ ਕਿਹਾ ਕਿ ਆਮ ਲੋਕਾਂ ਤੱਕ ਕੋਰੋਨਾ ਵੈਕਸੀਨ ਆਸਾਨੀ ਨਾਲ ਮੁਹੱਈਆ ਕਰਵਾਉਣ ਦੇ ਮਕਸਦ ਤਹਿਤ ਸ਼ਹਿਰ ਦੀਆਂ ਜਨਤਕ ਥਾਵਾਂ 'ਤੇ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਇਹ ਕੈਂਪ ਲਗਾਏ ਜਾ ਰਹੇ ਹਨ। ਸ਼ਹਿਰ ਤੋਂ ਬਾਅਦ ਪਿੰਡਾਂ ਚ ਵੀ ਵੈਕਸੀਨੇਸ਼ਨ ਦਾ ਕੈਂਪ ਲਗਾਇਆ ਜਾਵੇਗਾ। ਤਕਰੀਬਨ 100 ਲੋਕਾਂ ਨੇ ਵੈਕਸੀਨ ਲਗਵਾਈ ਹੈ।
ਇਹ ਵੀ ਪੜੋ: ਸ੍ਰੀ ਗੁਰੂ ਰਾਮਦਾਸ ਹਸਪਤਾਲ ਵੱਲਾ 'ਚ ਲਗਾਈ ਜਾ ਰਹੀ ਮੁਫ਼ਤ ਕੋਰੋਨਾ ਵੈਕਸੀਨ :ਬੀਬੀ ਜਗੀਰ ਕੌਰ
ਦੂਜੇ ਪਾਸੇ ਹਲਕਾ ਇੰਚਾਰਜ ਕਾਮਿਲ ਬੋਪਾਰਾਏ ਨੇ ਕਿਹਾ ਕਿ ਲੋਕਾਂ ਵਿੱਚ ਕੋਰੋਨਾ ਵੈਕਸੀਨ ਪ੍ਰਤੀ ਰੁਝਾਨ ਵਧ ਰਿਹਾ ਹੈ ਅਤੇ ਲੋਕ ਵੱਡੇ ਪੱਧਰ 'ਤੇ ਵੈਕਸੀਨ ਲਗਵਾ ਰਹੇ ਹਨ। ਦਰਅਸਲ ਲੋਕ ਸਮਝ ਚੁੱਕੇ ਹਨ ਕਿ ਕੋਰੋਨਾ ਵੈਕਸੀਨ ਲਗਾਉਣਾ ਹੀ ਅਸਲ ਬਚਾਅ ਹੈ ਕਿਉਂਕਿ ਲੋਕਾਂ ਨੂੰ ਵੈਕਸੀਨ ਲਗਵਾਉਣ ਤੋਂ ਬਾਅਦ ਰਿਜ਼ਲਟ ਵਧੀਆ ਮਿਲ ਰਿਹਾ ਹੈ।