ਲੁਧਿਆਣਾ: ਪੰਜਾਬ ਦੇ ਵਿੱਚ ਲਗਾਤਾਰ ਕੋਰੋਨਾ ਵਾਇਰਸ ਦੇ ਕੇਸ ਵਧਦੇ ਜਾ ਰਹੇ ਹਨ, ਜਿਸ ਨੂੰ ਲੈ ਕੇ ਪੁਲਿਸ ਵੱਲੋਂ ਹੁਣ ਚੈਕਿੰਗ ਹੋਰ ਤੇਜ਼ ਕਰ ਦਿੱਤੀ ਗਈ ਹੈ। ਨਾਕਿਆਂ 'ਤੇ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਹਰ ਆਉਣ ਜਾਣ ਵਾਲੇ ਦੀ ਚੈਕਿੰਗ ਕੀਤੀ ਜਾ ਰਹੀ ਹੈ। ਲੋਕਾਂ ਨੂੰ ਮਾਸਕ ਸਹੀ ਢੰਗ ਨਾਲ ਲਾਉਣ ਦੀਆਂ ਹਿਦਾਇਤਾਂ ਵੀ ਦਿੱਤੀਆਂ ਜਾ ਰਹੀਆਂ ਹਨ ਅਤੇ ਨਾਲ ਹੀ ਬਿਨ੍ਹਾਂ ਵਜ੍ਹਾ ਘੁੰਮ ਰਹੇ ਲੋਕਾਂ ਦਾ ਚਲਾਨ ਵੀ ਕੱਟਿਆ ਜਾ ਰਿਹਾ ਹੈ।
ਜਾਣਕਾਰੀ ਲਈ ਦੱਸ ਦਈਏ ਕਿ ਲੁਧਿਆਣਾ ਦੇ ਵਿੱਚ ਕੋਰੋਨਾ ਦੇ ਕੁੱਲ ਮਾਮਲੇ 99 ਹੋ ਗਏ ਹਨ, ਜਿਨ੍ਹਾਂ ਚ 56 ਮਾਮਲੇ ਨਾਂਦੇੜ ਸਾਹਿਬ ਤੋਂ ਆਏ ਸ਼ਰਧਾਲੂਆਂ ਦੇ ਹਨ। ਲੁਧਿਆਣਾ ਨੂੰ ਰੈਡ ਜ਼ੋਨ ਐਲਾਨਿਆ ਗਿਆ ਹੈ ਅਤੇ ਲਗਾਤਾਰ ਪੁਲਿਸ ਨੂੰ ਅਫਸਰਾਂ ਵੱਲੋਂ ਚੈਕਿੰਗ ਤੇਜ਼ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ।
ਇਹ ਵੀ ਪੜ੍ਹੋ: ਤਾਲਾਬੰਦੀ ਕਾਰਨ ਸਰਕਾਰ ਨੇ ਅਪ੍ਰੈਲ ਦੇ ਜੀਐਸਟੀ ਦੇ ਅੰਕੜੇ ਨਹੀਂ ਕੀਤੇ ਜਾਰੀ
ਲੁਧਿਆਣਾ ਡੀਐੱਮਸੀ ਰੋਡ 'ਤੇ ਵਿਸ਼ੇਸ਼ ਨਾਕੇਬੰਦੀ ਕੀਤੀ ਗਈ ਹੈ। ਇਸ ਮੌਕੇ ਏਐਸਆਈ ਕੰਵਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲੋਕਾਂ ਦੇ ਨਾ ਸਿਰਫ ਪਾਸ ਚੈੱਕ ਕੀਤੇ ਜਾ ਰਹੇ ਹਨ ਸਗੋਂ ਉਨ੍ਹਾਂ ਨੂੰ ਮਾਸਕ ਸਹੀ ਢੰਗ ਨਾਲ ਲਾਉਣ ਸਬੰਧੀ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਜਿਸ ਕੋਲ ਮਾਸਕ ਨਹੀਂ ਨੇ ਉਨ੍ਹਾਂ ਨੂੰ ਮਾਸਕ ਵੀ ਦਿੱਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਕੋਲ ਪਾਸ ਹੈ ਉਨ੍ਹਾਂ ਦੀ ਵੀ ਪੂਰੀ ਚੈਕਿੰਗ ਹੋ ਰਹੀ ਹੈ, ਜੇਕਰ ਕੋਈ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਖਿਲਾਫ ਕਾਰਵਾਈ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਹ ਲਗਾਤਾਰ ਅਫਸਰਾਂ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਲੋਕਾਂ ਨੂੰ ਘਰਾਂ 'ਚ ਰਹਿਣ ਲਈ ਵੀ ਜਾਗਰੂਕ ਕਰ ਰਹੇ ਹਨ।