ਲੁਧਿਆਣਾ: ਵਿਸ਼ਵ ਭਰ ਦੇ ਕਈ ਦੇਸ਼ਾਂ ਵਿੱਚ ਕੋਰੋਨਾ ਦੇ ਨਵੇਂ ਵੇਰੀਐਂਟ ਦਾ ਕਹਿਰ ਜਾਰੀ ਹੈ। ਇਸ ਨੂੰ ਲੈਕੇ ਭਾਰਤ ਸਰਕਾਰ ਵੱਲੋਂ ਸੂਬਿਆਂ ਨੂੰ ਅਤੇ ਸੂਬਾ ਸਰਕਾਰਾਂ ਵਲੋਂ ਵੀ ਚਿੰਤਾ ਜ਼ਾਹਿਰ ਕਰਦਿਆਂ ਟੀਕਾਕਰਨ ਦੀਆਂ ਪੂਰੀਆਂ ਡੋਜ਼ ਅਤੇ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ। ਪਰ, ਨਵੇਂ ਕੋਰੋਨਾ ਦੇ ਰੂਪ ਵਿੱਚ (Corona Alert In Punjab) ਪੁਰਾਣਾ ਟੀਕਾਕਰਨ ਜਾਂ ਬੂਸਟਰ ਡੋਜ਼ ਕਿੰਨੀ ਕਿ ਕਾਰਗਰ ਹੈ ਇਹ ਸਵਾਲ ਲੋਕਾਂ ਦੇ ਮਨਾਂ ਵਿੱਚ ਵੀ ਉੱਠਣ ਲੱਗ ਗਿਆ ਹੈ। ਇਸ ਨੂੰ ਲੈਕੇ ਹੁਣ ਆਮ ਲੋਕਾਂ ਨੇ ਸਵਾਲ ਕਰਨ ਸ਼ੁਰੂ ਕਰ ਦਿੱਤੇ ਹਨ ਜਿਸ ਦਾ ਜਵਾਬ ਸਰਕਾਰੀ ਡਾਕਟਰਾਂ ਕੋਲੋਂ ਵੀ ਸਪਸ਼ਟ ਮਿਲਦਾ ਨਹੀਂ ਵਿਖਾਈ ਦੇ ਰਿਹਾ।
ਪੰਜਾਬ 'ਚ ਕਿੰਨੇ ਲੋਕ ਟੀਕਾਕਰਨ ਤੋਂ ਸੱਖਣੇ : ਸਰਕਾਰੀ ਅੰਕੜਿਆਂ ਮੁਤਾਬਿਕ ਪੰਜਾਬ ਵਿੱਚ ਹੁਣ ਤੱਕ 11 ਲੱਖ ਦੇ ਕਰੀਬ ਅਜਿਹੇ ਲੋਕ ਨੇ, ਜਿੰਨਾ ਨੇ ਹਾਲੇ ਤੱਕ ਪਹਿਲਾ ਟੀਕਾਕਰਨ ਵੀ ਨਹੀਂ ਕਰਵਾਇਆ ਹੈ। ਇਸ ਤੋਂ ਇਲਾਵਾ 40 ਹਜ਼ਾਰ ਲੋਕ ਅਜਿਹੇ ਹਨ, ਜਿਨ੍ਹਾਂ ਨੇ ਆਪਣੀ ਦੂਜੀ ਡੋਜ਼ ਵੀ ਨਹੀਂ ਲਈ। ਇੰਨਾਂ ਹੀ ਨਹੀਂ, ਬੂਸਟਰ ਡੋਜ਼ ਨਾ ਲੈਣ ਵਾਲਿਆਂ ਵਿੱਚ ਵੱਡੀ ਗਿਣਤੀ ਸ਼ਾਮਲ ਹੈ। ਸੂਬੇ ਦੇ 9 ਲੱਖ ਤੋਂ ਵਧੇਰੇ ਲੋਕਾਂ ਨੇ ਬੂਸਟਰ ਡੋਜ਼ ਅਜੇ ਤੱਕ ਨਹੀਂ ਲਗਵਾਈ, ਹਾਲਾਂਕਿ ਦੂਜੀ ਲਹਿਰ ਦੇ ਦੌਰਾਨ ਪੰਜਾਬ ਵਿੱਚ ਕੋਰੋਨਾ ਨਾਲ ਮੌਤਾਂ ਵਡੀ ਗਿਣਤੀ ਵਿੱਚ ਹੋਈਆਂ ਸਨ। ਪਰ, ਡਾਕਟਰ ਹਿਤਿੰਦਰ ਕੌਰ ਮੁਤਾਬਕ, ਤੀਜੀ ਲਹਿਰ ਤੋਂ ਸੂਬੇ ਦੇ ਲੋਕ ਟੀਕਾਕਰਨ ਕਰਕੇ ਬਚੇ ਅਤੇ ਨਾਲ ਹੀ, ਉਹ ਕੋਰੋਨਾ ਦਾ ਰੂਪ ਬਹੁਤਾ ਖਤਰਨਾਕ ਨਹੀਂ ਸੀ।
ਸੂਬੇ ਵਿੱਚ ਕਿੰਨੇ ਲੋਕਾਂ ਨੇ ਲਵਾਈ ਡੋਜ਼: ਪੰਜਾਬ ਵਿੱਚ ਹੁਣ ਤੱਕ 18 ਲੱਖ, 33 ਹਜ਼ਾਰ, 275 ਲੋਕ ਬੂਸਟਰ ਟੀਕਾਕਰਨ ਕਰਵਾ ਚੁੱਕੇ ਹਨ। ਇਸ ਤੋਂ ਇਲਾਵਾ 18 ਸਾਲ ਤੋਂ ਲੈਕੇ 44 ਸਾਲ ਤੱਕ ਦੇ ਉਮਰ ਵਰਗ ਦੇ 1 ਕਰੋੜ, 7 ਲੱਖ, 12 ਹਜ਼ਾਰ, 836 ਲੋਕਾਂ ਨੇ ਟੀਕਾਕਰਨ ਕਰਵਾਇਆ ਹੈ। ਜਦਕਿ, 15 ਸਾਲ ਤੋਂ ਲੈਕੇ 17 ਸਾਲ ਤੱਕ ਦੇ ਉਮਰ ਵਰਗ ਵਿੱਚ 8 ਲੱਖ 74 ਹਜ਼ਾਰ 735 ਬੱਚਿਆਂ ਨੇ ਵੈਕਸੀਨ ਲਗਵਾਈ ਹੈ। ਇਸ ਤੋਂ ਇਲਾਵਾ 45 ਸਾਲ ਤੋਂ ਵਧੇਰੇ ਉਮਰ (Corona Alert) ਵਾਲੇ 76, 56, 039 ਲੋਕਾਂ ਨੇ ਦੂਜੀ ਡੋਜ਼ ਵੀ ਲਗਵਾ ਲਈ ਹੈ।
ਟੀਕਾਕਰਨ ਨੂੰ ਲੈਕੇ ਲੋਕਾਂ ਦੀ ਰਾਏ: ਟੀਕਾਕਰਨ ਨੂੰ ਲੈਕੇ ਪੰਜਾਬ ਦੇ ਲੋਕਾਂ ਦੀ ਆਪੋਂ ਆਪਣੀ ਰਾਏ ਹੈ। ਕਈ ਲੋਕਾਂ ਨੇ ਹਾਲੇ ਤੱਕ ਪਹਿਲੀ ਡੋਜ਼ ਵੀ ਨਹੀਂ ਲਗਵਾਈ, ਜਿਨ੍ਹਾਂ ਨੇ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਵਿਕਾਸ, ਪਰਮਵੀਰ ਸਿੰਘ ਤੇ ਪਵਨ ਨੇ ਕਿਹਾ ਕਿ ਸਾਨੂੰ ਪਤਾ ਲੱਗਾ ਸੀ ਕਿ ਟੀਕਾਕਰਨ ਦੇ ਨਾਲ ਬੁਖਾਰ ਚੜ੍ਹਦਾ ਹੈ। ਇਸ ਤੋਂ ਇਲਾਵਾ 2 ਦਿਨ ਤੱਕ ਇਨਸਾਨ ਉੱਠਦਾ ਹੀ ਨਹੀਂ ਹੈ। ਕੁਝ ਲੋਕਾਂ ਨੇ ਕਿਹਾ ਕਿ ਅਸੀਂ 2 ਕੋਰੋਨਾ ਟੀਕਾਕਰਨ ਕਰਵਾ ਲਿਆ, ਪਰ ਹੁਣ ਤੀਜੀ ਬੂਸਟਰ ਡੋਜ਼ ਲਈ ਉਹ ਸੋਚ ਰਹੇ ਹਨ। ਉਨ੍ਹਾਂ ਨੇ (Guidelines in punjab for corona) ਕਿਹਾ ਕਿ ਸਾਨੂੰ ਸਮਝ ਨਹੀਂ ਆ ਰਹੀ ਕਿ ਅਸੀਂ ਕਿ ਕਰੀਏ। ਆਮ ਲੋਕਾਂ ਨੇ ਕਿਹਾ ਕਿ ਜਿਹੜਾ ਕੋਰੋਨਾ ਦਾ ਨਵਾਂ ਰੂਪ ਆਇਆ ਹੈ, ਇਸ ਉੱਤੇ ਸਾਨੂੰ ਪਹਿਲਾਂ ਲੱਗ ਚੁੱਕੀ ਜਾਂ ਲਗਾਈ ਜਾ ਰਹੀ ਡੋਜ਼ ਕਿੰਨੀ ਕੁ ਕਾਰਗਰ ਹੈ, ਇਹ ਸਾਨੂੰ ਪੱਤਾ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਨਾ ਹੀ ਇਸ ਸਬੰਧੀ ਡਾਕਟਰ ਕੋਈ ਜਵਾਬ ਦੇ ਰਹੇ ਹਨ। ਉਨ੍ਹਾ ਨੇ ਕਿਹਾ ਕਿ ਅਸੀਂ ਕੋਰੋਨਾ ਤੋਂ ਡਰੇ ਹੋਏ ਹਾਂ, ਕਿਉਂਕਿ ਸਾਡੇ ਕੰਮਕਾਜ ਇਸ ਦੌਰਾਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਸਨ, ਜੇਕਰ ਮੁੜ ਤੋਂ ਲਾਕਡਾਊਨ ਵਰਗੇ ਹਾਲਾਤ ਬਣੇ, ਤਾਂ ਅਸੀਂ ਕੀ ਕਰਾਂਗੇ।
ਡਾਕਟਰਾਂ ਦਾ ਜਵਾਬ: ਭਾਰਤ ਵਿੱਚ ਭਾਰਤ ਦੀਆਂ ਬਣੀਆਂ 2 ਵੈਕਸੀਨ, ਕੋ-ਵੈਕਸੀਨ ਅਤੇ ਕੋਵਸ਼ੀਲਡ ਤੋਂ ਇਲਾਵਾ ਰੂਸ ਦੀ ਸਪੁਤਨਿਕ ਅਤੇ ਹੋਰ ਕਈ ਵਿਦੇਸ਼ੀ ਵੈਕਸੀਨ ਵੀ ਉਪਲਬਧ ਹਨ। ਲੋਕਾਂ ਨੂੰ ਇਕੋ ਹੀ ਵੈਕਸੀਨ ਇਸਤੇਮਾਲ ਕਰਨ ਦੀ ਸਲਾਹ ਦਿੱਤੀ ਗਈ। ਭਾਰਤ ਸਰਕਾਰ ਵੱਲੋਂ ਲੋਕਾਂ ਨੂੰ ਮੁਫ਼ਤ ਵਿੱਚ ਟੀਕਾਕਰਨ ਕਰਵਾਇਆ ਗਿਆ। ਵੈਕਸੀਨ ਨੂੰ ਲੈਕੇ ਲੋਕਾਂ ਦੀ ਦੁਵਿਧਾ ਸਬੰਧੀ ਜਦੋਂ ਸਿਵਿਲ ਸਰਜਨ ਨੂੰ ਸਵਾਲ ਕੀਤਾ ਗਿਆ, ਤਾਂ ਡਾਕਟਰ ਹਿਤਿੰਦਰ ਕੌਰ ਨੇ ਕਿਹਾ ਕੇ ਨਵੇਂ ਕੋਰੋਨਾ ਦੇ ਰੂਪ ਵਿੱਚ (Covid vaccination in Punjab) ਇਹ ਕਿੰਨੀ ਕੁ ਕਾਰਗਰ ਹੈ, ਇਹ ਕਹਿਣਾ ਤਾਂ ਮੁਸ਼ਕਿਲ ਹੈ, ਪਰ ਲੋਕਾਂ ਨੂੰ ਵੈਕਸੀਨ ਜ਼ਰੂਰ ਲਗਵਾ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਸਾਡੀ ਇਮਿਊਨਿਟੀ ਨੂੰ ਵਧਾਉਂਦੀ ਹੈ। ਉਨ੍ਹਾਂ ਕਿਹਾ ਕਿ ਵੈਕਸੀਨ ਦਾ ਕੋਈ ਮਾੜਾ ਪ੍ਰਭਾਵ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਹਾਲੇ ਤੱਕ ਕੋਰੋਨਾ ਟੀਕਾਕਰਨ ਨਹੀਂ ਕਰਵਾਇਆ ਹੈ, ਉਨ੍ਹਾਂ ਨੂੰ ਇਹ ਟੀਕਾਕਰਨ ਕਰਵਾ ਲੈਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਸਿਹਤ ਮੰਤਰੀ ਵੱਲੋਂ ਆਯੁਰਵੈਦਿਕ ਤੇ ਹੋਮਿਓਪੈਥੀ ਵਿਭਾਗਾਂ ਨੂੰ ਕੋਰੋਨਾ ਦੇ ਮੱਦੇਨਜ਼ਰ ਚੌਕਸ ਰਹਿਣ ਦੇ ਨਿਰਦੇਸ਼