ਲੁਧਿਆਣਾ : ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਇੱਕ ਵਾਰ ਫਿਰ ਤੋਂ ਤਲਖ਼ ਲਹਿਜੇ ਵਿੱਚ ਨਜ਼ਰ ਆਏ, ਜਿਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਰਾਜੋਆਣਾ ਨੂੰ ਸਿੱਧਾ ਚੈਲੇਂਜ ਕੀਤਾ ਹੈ। ਬਿੱਟੂ ਨੇ ਸੁਖਬੀਰ ਬਾਦਲ ਅਤੇ ਕਮਲਦੀਪ ਰਾਜੋਆਣਾ ਨੂੰ ਚੁਣੌਤੀ ਦਿੱਤੀ ਹੈ ਕਿ 2024 ਵਿੱਚ ਉਹ ਕਰਾਸ-ਪੋਲ ਮੁਕਾਬਲੇ ਵਿੱਚ ਉਤਰੇਗਾ ਅਤੇ ਕੌਮੀ ਹਿੱਤਾਂ, ਸ਼ਾਂਤੀ ਅਤੇ ਖਾਲਿਸਤਾਨੀਆਂ ਦੇ ਖਾਤਮੇ ਦੇ ਏਜੰਡੇ ਨਾਲ ਚੋਣ ਲੜਣਗੇ।
ਹਿੰਮਤ ਹੈ ਤਾਂ ਮੇਰੇ ਸਾਹਮਣੇ ਚੋਣ ਲੜੇ ਰਾਜੋਆਣਾ ਦੀ ਭੈਣ ਤੇ ਸੁਖਬੀਰ ਬਾਦਲ : ਉਹਨਾਂ ਕਿਹਾ ਕਿ ਜੇਕਰ ਸੁਖਬੀਰ ਸਿੰਘ ਬਾਦਲ ਅਤੇ ਕਮਲਦੀਪ ਰਾਜੋਆਣਾ 'ਚ ਹਿੰਮਤ ਹੈ ਤਾਂ ਉਹ ਖਾਲਿਸਤਾਨੀਆਂ ਅਤੇ ਬੰਦੀ ਸਿੰਘਾਂ ਦੇ ਮੁੱਦੇ ਨੂੰ ਲੈਕੇ ਚੋਣ ਮੈਦਾਨ ਵਿੱਚ ਉਤਰਨ। ਉਥੇ ਹੀ ਰਵਨੀਤ ਬਿੱਟੂ ਵੱਲੋਂ ਦਿੱਤੀ ਗਈ ਚੁਣੌਤੀ ਨੂੰ ਹੁਣ ਰਾਜਸੀ ਹਲਕਿਆਂ ਵਿੱਚ ਵੱਡੇ ਪੱਧਰ 'ਤੇ ਦੇਖਿਆ ਜਾ ਰਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਿੱਟੂ ਦੀ ਚੁਣੌਤੀ ਨੂੰ ਸਵੀਕਾਰ ਕੀਤਾ ਜਾਂਦਾ ਹੈ ਜਾਂ ਨਹੀਂ।
ਬਾਦਲ ਪਰਿਵਾਰ ਮਹਿਜ਼ ਰਾਜਨੀਤੀ ਲਈ ਬੰਦੀ ਸਿੰਘਾਂ ਦੇ ਨਾਮ ਨੂੰ ਇਸਤਮਾਲ ਕਰ ਰਿਹਾ : ਐੱਮਪੀ ਰਵਨੀਤ ਬਿੱਟੂ ਨੇ ਦਾਅਵਾ ਕੀਤਾ ਕਿ ਬਾਦਲ ਪਰਿਵਾਰ ਮਹਿਜ਼ ਰਾਜਨੀਤੀ ਕਰਨ ਲਈ ਬੰਦੀ ਸਿੰਘਾਂ ਦੇ ਨਾਂ ਨੂੰ ਇਸਤਮਾਲ ਕਰ ਰਿਹਾ ਹੈ। ਉਹਨਾਂ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਸੰਸਦ ਵਿੱਚ ਬੰਦੀ ਸਿੰਘਾਂ ਦਾ ਮੁੱਦਾ ਚੁੱਕਣਾ ਨਹੀਂ ਬਣਦਾ ਸੀ। ਬਿੱਟੂ ਨੇ ਕਿਹਾ ਕਿ ਨਾ ਤੇ ਜਾਨ ਗਵਾਉਣ ਵਾਲਾ (ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ) ਨਾਲ ਬਾਦਲ ਪਰਿਵਾਰ ਦਾ ਸਬੰਧ ਹੈ ਅਤੇ ਨਾ ਹੀ ਕਤਲ ਕਰਨ ਵਾਲੇ (ਬਲਵੰਤ ਸਿੰਘ ਰਾਜੋਆਣਾ) ਦਾ ਉਹਨਾਂ ਨਾਲ ਕੋਈ ਸਬੰਧ ਹੈ। ਫਿਰ ਬਾਦਲ ਪਰਿਵਾਰ ਇਸ ਨੂੰ ਇੰਨਾ ਹਾਈਲਾਈਟ ਕਿਓਂ ਕਰ ਰਹੇ ਹਨ। ਇਸ ਵਿੱਚ ਬਾਦਲਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਕਰਵਾ ਕੇ ਵੀ ਇਸਤਮਾਲ ਕੀਤਾ ਜਾ ਰਿਹਾ ਹੈ।
- ਸ਼ਹੀਦੀ ਜੋੜ ਮੇਲ ਦੇ ਪਹਿਲੇ ਦਿਨ ਸ਼੍ਰੋਮਣੀ ਕਮੇਟੀ ਵੱਲੋਂ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੀ ਕਰਵਾਈ ਗਈ ਆਰੰਭਤਾ
- ਸਟੀਮ ਨਾਲ ਲੰਗਰ ਤਿਆਰ ਕਰਦੇ ਹਨ ਪਿੰਡ ਰੌਣੀ ਦੇ ਸੇਵਾਦਾਰ, ਪਿਛਲੇ 16 ਸਾਲਾਂ ਤੋਂ ਕਰ ਰਹੇ ਸੇਵਾ
- Safar-E-Shahadat: SGPC ਦੇ ਇਤਰਾਜ਼ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਮਾਤਮੀ ਬਿਗਲ ਵਜਾਉਣ ਦਾ ਫੈਸਲਾ ਲਿਆ ਵਾਪਿਸ
ਜਿਸ ਨੂੰ ਗੁਨਾਹ ਦਾ ਪਛਤਾਵਾ ਨਹੀਂ ਉਸ ਨੂੰ ਮੁਆਫੀ ਕਾਹਦੀ : ਇਸ ਮੌਕੇ ਸੰਸਦ ਮੈਂਬਰ ਬਿੱਟੂ ਨੇ ਕਿਹਾ ਕਿ ਜਦੋਂ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਬਲਵੰਤ ਸਿੰਘ ਰਾਜੋਆਣਾ ਦੀ ਮੁਆਫ਼ੀ ਦਾ ਸਮਰਥਨ ਕੀਤਾ ਤਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਤੁਰੰਤ ਉਨ੍ਹਾਂ 'ਤੇ ਆਪਣੀ ਨਾਰਾਜ਼ਗੀ ਜਾਹਿਰ ਕੀਤੀ ਅਤੇ ਕਿਹਾ ਕਿ ਜੇਕਰ ਉਨ੍ਹਾਂ ਨੇ ਇਸ ਦਾ ਸਮਰਥਨ ਕੀਤਾ ਹੁੰਦਾ ਤਾਂ ਉਹ ਉਨ੍ਹਾਂ ਨੂੰ ਬੋਲਣ ਦਾ ਮੌਕਾ ਵੀ ਨਾ ਦਿੰਦੇ। ਉਹਨਾਂ ਕਿਹਾ ਕਿ ਬਲਵੰਤ ਸਿੰਘ ਰਾਜੋਆਣਾ ਨੂੰ ਆਪਣੇ ਗੁਨਾਹ ਲਈ ਕੋਈ ਪਛਤਾਵਾ ਨਹੀਂ ਹੈ ਇਸ ਲਈ ਉਹ ਮੁਆਫੀ ਦੇ ਹੱਕਦਾਰ ਵੀ ਨਹੀਂ ਹੈ। ਉਹ ਕੌਮ ਲਈ ਖਤਰਾ ਹੈ।
ਰਾਜੋਆਨਾ ਨੂੰ ਲੈ ਕੇ ਕਾਫੀ ਤੰਜ ਕਸੇ : ਰਵਨੀਤ ਬਿੱਟੂ ਵੱਲੋਂ ਬਲਵੰਤ ਸਿੰਘ ਰਾਜੋਆਨਾ ਨੂੰ ਲੈ ਕੇ ਕਾਫੀ ਤੰਜ ਕਸੇ ਗਏ ਸਨ। ਕਿਸਾਨ ਅੰਦੋਲਨ ਦੌਰਾਨ ਵੀ ਇੱਕ ਸਟੇਟਮੈਂਟ ਰਵਨੀਤ ਬਿੱਟੂ ਦੇ ਸਾਹਮਣੇ ਆਈ ਸੀ। ਹੁਣ ਰਵਨੀਤ ਸਿੰਘ ਬਿੱਟੂ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਸਿੱਧੇ ਤੌਰ 'ਤੇ ਬਲਵੰਤ ਸਿੰਘ ਰਾਜੋਆਣਾ ਨੂੰ ਚੋਣ ਲੜਨ ਦੀ ਚੁਣੌਤੀ ਦਿੱਤੀ ਗਈ ਹੈ।