ਫਤਿਹਗੜ੍ਹ ਸਾਹਿਬ : ਲੁਧਿਆਣਾ ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ ਭੇਜਣ ਦਾ ਕੰਮ ਕਰਨ ਵਾਲੇ ਟਰੈਵਲ ਏਜੰਟਾਂ ਖਿਲਾਫ਼ ਲੁਧਿਆਣਾ ਪੁਲਿਸ ਸਖ਼ਤ ਹੁੰਦੀ ਨਜ਼ਰ ਆ ਰਹੀ ਹੈ। ਵਿਦੇਸ਼ ਜਾਣ ਵਾਲੇ ਲੋਕਾਂ ਨੂੰ ਗੁੰਮਰਾਹ ਹੋਣ ਤੋਂ ਰੋਕਣ ਲਈ ਲੁਧਿਆਣਾ ਪੁਲਿਸ ਨੇ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸੇ ਲੜੀ ਦੇ ਚੱਲਦੇ ਪੁਲਿਸ ਨੇ ਵੱਖ-ਵੱਖ ਟਰੈਵਲ ਏਜੰਟਾਂ ਦੇ ਦਫਤਰਾਂ ’ਤੇ ਛਾਪਾਮਾਰੀ ਕੀਤੀ। ਠੱਗੀ ਕਰਨ ਵਾਲੇ ਟਰੈਵਲ ਏਜੰਟਾਂ ਖਿਲਾਫ ਸਖ਼ਤ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਪੁਲਿਸ ਵਲੋਂ 35 ਟਰੈਵਲ ਏਜੰਟਾਂ ਖਿਲਾਫ ਮੁਕੱਦਮੇ ਦਰਜ ਕੀਤੇ ਗਏ ਹਨ ਜਦੋਂ ਕਿ 25 ਏਜੰਟਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਡੀਐਸਪੀ ਨਿਖਿਲ ਗਰਗ ਨੇ ਸਾਂਝੀ ਕੀਤੀ। ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਨਿਖਿਲ ਗਰਗ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਜਿੰਨੇ ਵੀ ਇਮੀਗ੍ਰੇਸ਼ਨ ਸੈਂਟਰ ਹਨ। ਉਨ੍ਹਾਂ ਦੀ ਚੈਕਿੰਗ ਕੀਤੀ ਗਈ ਹੈ। ਜਿਸ ਦੌਰਾਨ 35 ਦੇ ਕਰੀਬ ਮੁਕੱਦਮੇ ਦਰਜ ਕੀਤੇ ਗਏ ਹਨ। ਜਿਨ੍ਹਾਂ ਵਿੱਚੋਂ 25 ਦੇ ਕਰੀਬ ਟਰੈਵਲ ਏਜੰਟ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਦੋਂ ਕਿ 10 ਵਿਅਕਤੀ ਵਿਦੇਸ਼ ਵੀ ਭੱਜੇ ਹੋਏ ਹਨ।
ਏਜੰਟ ਗ੍ਰਿਫਤਾਰ
ਡੀਐਸਪੀ ਨਿਖਿਲ ਗਰਗ ਨੇ ਦੱਸਿਆ ਕਿ ਜਿੰਨੇ ਏਜੰਟ ਗ੍ਰਿਫਤਾਰ ਕੀਤੇ ਗਏ ਹਨ। ਉਨ੍ਹਾਂ ਵਿਚੋਂ ਜਿਆਦਾਤਰ ਕੋਲ ਲਾਇਸੈਂਸ ਨਹੀਂ ਸੀ। ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਵਿੱਚ ਜਿਆਦਾਤਰ ਫਤਿਹਗੜ੍ਹ ਸਾਹਿਬ, ਮੋਹਾਲੀ ਤੇ ਪਟਿਆਲਾ, ਅੰਬਾਲਾ, ਦਿੱਲੀ ਆਦਿ ਦੇ ਹਨ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੇ ਵੀ ਵਿਦੇਸ਼ ਜਾਣਾ ਹੈ ਤਾਂ ਉਹ ਜੋ ਰਜਿਸਟਰ ਟਰੈਵਲ ਏਜੰਟ ਹਨ। ਉਨ੍ਹਾਂ ਨਾਲ ਹੀ ਰਾਬਤਾ ਕਾਇਮ ਕਰਨ ਜੇਕਰ ਉਹ ਇਸ ਤਰਾਂ ਨਹੀਂ ਕਰਦੇ ਤਾਂ ਉਹ ਠੱਗੀ ਦਾ ਸ਼ਿਕਾਰ ਹੋ ਸਕਦੇ ਹਨ।
ਏਜੰਟਾਂ 'ਤੇ ਕਸਿਆ ਸ਼ਿਕੰਜਾ
ਇਸ ਤਰ੍ਹਾਂ ਅੰਮ੍ਰਿਤਸਰ ਪ੍ਰਸ਼ਾਸਨ ਨੇ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਭਾਰਤੀ ਨਾਗਰਿਕਾਂ ਨੂੰ ਵਿਦੇਸ਼ ਭੇਜਣ ਵਾਲੇ ਟਰੈਵਲ ਏਜੰਟਾਂ 'ਤੇ ਸ਼ਿਕੰਜਾ ਕੱਸ ਰਿਹਾ ਹੈ। ਅੰਮ੍ਰਿਤਸਰ ਵਿੱਚ ਅਜਿਹੇ ਕਈ ਟਰੈਵਲ ਏਜੰਟਾਂ ਖ਼ਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਅਜਿਹੇ ਟਰੈਵਲ ਏਜੰਟਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਅਜਿਹੇ ਵਿੱਚ 40 ਟਰੈਵਲ ਏਜੰਟਾਂ ਖ਼ਿਲਾਫ਼ ਕਾਰਵਾਈ ਕਰਦਿਆਂ ਉਨ੍ਹਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ।
ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ 'ਚ ਦਾਖਲ ਹੋਏ ਲੋਕਾਂ ਨੂੰ ਡਿਪੋਰਟ ਕਰਨ ਦਾ ਫੈਸਲਾ ਕੀਤਾ ਹੈ, ਜਿਸ ਤੋਂ ਬਾਅਦ ਕਈ ਲੋਕਾਂ ਨੂੰ ਭਾਰਤ ਵੀ ਭੇਜਿਆ ਗਿਆ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਪੰਜਾਬ ਦੇ ਹਨ। ਕਈ ਲੋਕਾਂ ਨੇ ਦੱਸਿਆ ਕਿ ਟਰੈਵਲ ਏਜੰਟਾਂ ਨੇ ਉਨ੍ਹਾਂ ਨੂੰ ਕਾਨੂੰਨੀ ਤੌਰ 'ਤੇ ਅਮਰੀਕਾ ਭੇਜਣ ਦਾ ਵਾਅਦਾ ਕੀਤਾ ਸੀ ਪਰ ਉਨ੍ਹਾਂ ਦੇ ਦਾਅਵੇ ਝੂਠੇ ਨਿਕਲੇ।