ਲੁਧਿਆਣਾ : ਖੰਨਾ 'ਚ ਹੜ੍ਹ ਦੌਰਾਨ ਗ਼ੈਬ ਦੀ ਪੁਲੀ 'ਤੇ 'ਆਪ' ਵਿਧਾਇਕ ਤਰੁਣਪ੍ਰੀਤ ਸਿੰਘ ਸੌਂਧ ਦੇ ਖਿਲਾਫ ਨਾਅਰੇਬਾਜ਼ੀ ਕਰਨ ਵਾਲੇ ਨੌਜਵਾਨਾਂ ਖਿਲਾਫ ਐੱਫਆਈਆਰ ਦਾ ਮੁੱਦਾ ਭਖ ਰਿਹਾ ਹੈ। ਇਹ ਐੱਫਆਈਆਰ ਸਰਕਾਰੀ ਕੰਮ ਵਿੱਚ ਅੜਿੱਕਾ ਪਾਉਣ ਦੇ ਇਲਜਾਮ ਹੇਠ ਦਰਜ ਕੀਤੀ ਗਈ ਹੈ। ਇਸਦਾ ਸ਼ਿਕਾਇਤਕਰਤਾ ਨਗਰ ਕੌਂਸਲ ਦਾ ਮੁਲਾਜ਼ਮ ਕੁਲਵਿੰਦਰ ਸਿੰਘ ਹੈ। ਐੱਫਆਈਆਰ ਵਿੱਚ ਵਿਧਾਇਕ ਖ਼ਿਲਾਫ਼ ਨਾਅਰੇਬਾਜ਼ੀ ਦਾ ਕੋਈ ਜ਼ਿਕਰ ਨਾ ਹੋਣ ਕਾਰਨ ਮਾਮਲਾ ਤੂਲ ਫੜ ਰਿਹਾ ਹੈ। ਮੁਲਜ਼ਮ ਨੌਜਵਾਨਾਂ ਦੀ ਹਮਾਇਤ ਕਰਦਿਆਂ ਕਾਂਗਰਸ ਨੇ ਐੱਫਆਈਆਰ ਰੱਦ ਨਾ ਕਰਨ ਲਈ ਚੱਕਾ ਜਾਮ ਕਰਨ ਦਾ ਐਲਾਨ ਕੀਤਾ। ਦੂਜੇ ਪਾਸੇ ‘ਆਪ’ ਵਿਧਾਇਕ ਸੌਂਧ ਨੇ ਇਸ ਨੂੰ ਕਾਂਗਰਸ ਦੀ ਸ਼ਰਾਰਤ ਕਿਹਾ ਹੈ।
ਕੀ ਬੋਲੇ ਗੁਰਕੀਰਤ ਸਿੰਘ ਕੋਟਲੀ : ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਇਹ ਲੋਕਤੰਤਰ ਦਾ ਕਤਲ ਹੈ। ਨੌਜਵਾਨ ਸਿਰਫ਼ ਮੰਗ ਕਰ ਰਹੇ ਸਨ ਕਿ ਨਿਕਾਸੀ ਦਾ ਕੰਮ ਹੌਲੀ ਹੈ, ਇਸ ਵਿੱਚ ਤੇਜ਼ੀ ਲਿਆਂਦੀ ਜਾਵੇ। ਉਥੇ ਵਿਧਾਇਕ ਬਿਨਾਂ ਕੁਝ ਕਹੇ ਚਲੇ ਗਏ। ਬਾਅਦ ਵਿੱਚ ਨੌਜਵਾਨਾਂ ਨੇ ਗੁੱਸੇ ਵਿੱਚ ਨਾਅਰੇਬਾਜ਼ੀ ਕੀਤੀ। ਉਲਟਾ ਉਨਾਂ ਵਿਰੁੱਧ ਝੂਠਾ ਕੇਸ ਦਰਜ ਕੀਤਾ ਗਿਆ ਹੈ। ਇਸਦਾ ਵਿਰੋਧ ਕਰਨ ਲਈ ਕਾਂਗਰਸ ਸਭ ਤੋਂ ਪਹਿਲਾਂ ਖੰਨਾ ਦੇ ਐੱਸਐੱਸਪੀ ਨੂੰ ਮਿਲੇਗੀ। ਜੇਕਰ ਲੋੜ ਪਈ ਤਾਂ ਹਾਈਕੋਰਟ ਦਾ ਸਹਾਰਾ ਵੀ ਲਿਆ ਜਾਵੇਗਾ। ਇਸ ਤੋਂ ਬਾਅਦ ਵੀ ਜੇਕਰ ਸਰਕਾਰ ਦੀ ਧੱਕੇਸ਼ਾਹੀ ਬੰਦ ਨਾ ਹੋਈ ਤਾਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਖੰਨਾ ਵਿਖੇ ਬੁਲਾ ਕੇ ਚੱਕਾ ਜਾਮ ਕੀਤਾ ਜਾਵੇਗਾ। ਕੋਟਲੀ ਨੇ ਕਿਹਾ ਕਿ ਕਾਂਗਰਸੀ ਆਗੂਆਂ ਵੱਲੋਂ ਧਮਕੀਆਂ ਦੇਣ ਦੇ ਝੂਠੇ ਇਲਜ਼ਾਮ ਲਾਏ ਜਾ ਰਹੇ ਹਨ। ਵਿਧਾਇਕ ਦਾਅਵਾ ਕਰ ਰਹੇ ਹਨ ਕਿ ਇਸਦੀ ਰਿਕਾਰਡਿੰਗ ਵੀ ਹੈ। ਉਨ੍ਹਾਂ ਐਲਾਨ ਕੀਤਾ ਕਿ ਅਜਿਹੀ ਕੋਈ ਵੀ ਰਿਕਾਰਡਿੰਗ ਪੇਸ਼ ਕੀਤੀ ਜਾਵੇ ਤਾਂ 2 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।
ਕਾਂਗਰਸ ਦੀ ਸ਼ਰਾਰਤ : ਦੂਜੇ ਪਾਸੇ ਵਿਧਾਇਕ ਸੌਂਧ ਨੇ ਇਸ ਨੂੰ ਕਾਂਗਰਸ ਦੀ ਸ਼ਰਾਰਤ ਕਰਾਰ ਦਿੱਤਾ। ਸੌਂਧ ਨੇ ਦੱਸਿਆ ਕਿ ਨੌਜਵਾਨ ਸ਼ਰਾਬ ਦੇ ਨਸ਼ੇ ਵਿੱਚ ਸਨ। ਉਨਾਂ ਨੂੰ ਸਾਜ਼ਿਸ਼ ਤਹਿਤ ਭੇਜਿਆ ਗਿਆ ਸੀ। ਮੌਕੇ 'ਤੇ ਪੁਲਿਸ ਨੂੰ ਬੁਲਾਇਆ ਗਿਆ ਤਾਂ ਨੌਜਵਾਨ ਭੱਜ ਕੇ ਰੇਲਵੇ ਲਾਈਨ ਪਾਰ ਕਰ ਗਏ। ਇਸਦੇ ਉਲਟ ਹੁਣ ਕਾਂਗਰਸੀ ਸ਼ਿਕਾਇਤ ਕਰਨ ਵਾਲੇ ਨਗਰ ਕੌਂਸਲ ਮੁਲਾਜ਼ਮ ਨੂੰ ਧਮਕੀਆਂ ਦੇ ਕੇ ਕੇਸ ਵਾਪਸ ਲੈਣ ਲਈ ਦਬਾਅ ਬਣਾ ਰਹੇ ਹਨ।
- ਅਧਿਆਪਕਾਂ 'ਤੇ ਦਰਜ ਪੰਜ ਸਾਲ ਪੁਰਾਣੇ ਕੇਸ ਮੁੜ ਖੋਲ੍ਹੇ, ਅਧਿਆਪਕਾਂ 'ਤੇ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ
- ਹੁਣ ਤੀਜੀ ਵਾਰ ਫਿਰ ਅੰਮ੍ਰਿਤਪਾਲ ਸਿੰਘ ਦੀ ਪਤਨੀ ਦਾ ਵਿਦੇਸ਼ ਜਾਣ ਤੋਂ ਰੋਕਿਆ, ਪੜ੍ਹੋ ਕਿਰਨਦੀਪ ਕੌਰ ਨੇ ਚੁੱਕੇ ਕਿਹੜੇ ਸਵਾਲ
- ਕੁਦਰਤ ਦੀ ਦੋਹਰੀ ਮਾਰ ਝੱਲ ਰਿਹਾ ਸਰਦੂਲਗੜ੍ਹ, ਇਕ ਬਰਸਾਤ ਤੇ ਦੂਜਾ ਘੱਗਰ ਦੇ ਪਾਣੀ ਕਾਰਨ ਦਹਿਸ਼ਤ ਵਿੱਚ ਲੋਕ
ਈਓ ਨੂੰ ਐੱਫਆਈਆਰ ਦੀ ਜਾਣਕਾਰੀ ਨਹੀਂ : ਇਸ ਪੂਰੇ ਮਾਮਲੇ ਦੀ ਸ਼ਿਕਾਇਤ ਕਰਨ ਵਾਲੇ ਨਗਰ ਕੌਂਸਲ ਮੁਲਾਜ਼ਮ ਕੁਲਵਿੰਦਰ ਸਿੰਘ ਵੀ ਮੀਡੀਆ ਦੇ ਸਾਹਮਣੇ ਆਏ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੇ ਕੰਮ ਵਿੱਚ ਵਿਘਨ ਪਾਇਆ ਹੈ। ਫਿਰ ਮਾਮਲਾ ਈਓ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਕੇਸ ਦਰਜ ਕਰਾਇਆ ਗਿਆ। ਹੈਰਾਨੀ ਦੀ ਗੱਲ ਹੈ ਕਿ ਨਗਰ ਕੌਂਸਲ ਦੇ ਈਓ ਚਰਨਜੀਤ ਸਿੰਘ ਨੇ ਇਸ ਗੱਲ ਤੋਂ ਸਾਫ਼ ਇਨਕਾਰ ਕੀਤਾ ਕਿ ਉਨ੍ਹਾਂ ਨੂੰ ਐੱਫਆਈਆਰ ਬਾਰੇ ਕੋਈ ਜਾਣਕਾਰੀ ਨਹੀਂ ਹੈ।