ਲੁਧਿਆਣਾ: ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਖ਼ਿਲਾਫ਼ ਕਥਿਤ ਤੌਰ ਤੇ ਜਬਰ ਜਨਾਹ ਦਾ ਆਰੋਪ ਲਗਾਉਣ ਵਾਲੀ ਮਹਿਲਾ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨੇ ’ਤੇ ਬੈਠ ਗਈ ਹੈ। ਇਸ ਦੌਰਾਨ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਅਤੇ ਕਾਂਗਰਸੀ ਆਗੂ ਵੀ ਪੀੜ੍ਹਤ ਔਰਤ ਨੂੰ ਇਨਸਾਫ਼ ਦਵਾਉਣ ਲਈ ਅੱਗੇ ਆਏ ਹਨ। ਇਸ ਮੌਕੇ ਦੋਹਾਂ ਆਗੂਆਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।
ਪੀੜ੍ਹਤ ਔਰਤ ਨੇ ਕਿਹਾ ਉਸਦੀ ਆਤਮ-ਹੱਤਿਆ ਲਈ ਪੁਲਿਸ ਪ੍ਰਸ਼ਾਸ਼ਨ ਹੋਵੇਗਾ ਜ਼ਿੰਮੇਵਾਰ
ਉਥੇ ਹੀ ਪੀੜਤ ਮਹਿਲਾ ਨੇ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਇਨਸਾਫ ਦੀ ਮੰਗ ਨੂੰ ਲੈ ਕੇ ਪੁਲਿਸ ਅਧਿਕਾਰੀ ਅਤੇ ਹੋਰ ਸਬੰਧਿਤ ਧਿਕਾਰੀਆਂ ਦੇ ਦਫ਼ਤਰਾਂ ਦੇ ਚੱਕਰ ਕੱਟ ਰਹੀ ਹੈ, ਪਰ ਉਸਦੀ ਸੁਣਵਾਈ ਨਹੀਂ ਕੀਤੀ ਜਾ ਰਹੀ। ਪੀੜ੍ਹਤ ਔਰਤ ਨੇ ਕਿਹਾ ਕਿ ਜੇ ਉਸ ਦੀ ਹੁਣ ਵੀ ਸੁਣਵਾਈ ਨਾ ਹੋਈ ਤਾਂ ਉਹ ਆਤਮ ਹੱਤਿਆ ਕਰਨ ਲਈ ਮਜ਼ਬੂਰ ਹੋ ਜਾਵੇਗੀ ਅਤੇ ਉਸ ਦੀ ਆਤਮ ਹੱਤਿਆ ਲਈ ਜ਼ਿੰਮੇਵਾਰੀ ਪੁਲਸ ਪ੍ਰਸ਼ਾਸਨ ਦੀ ਹੋਵੇਗੀ।
ਉੱਥੇ ਹੀ ਆਪਣੇ ਆਪ ਨੂੰ ਕਾਂਗਰਸੀ ਦੱਸਣ ਵਾਲੇ ਨੌਜਵਾਨ ਰਣਜੀਤ ਸਿੰਘ ਖਹਿਰਾ ਨੇ ਕਿਹਾ ਕਿ ਉਹ ਅੱਜ ਇਸ ਮਹਿਲਾ ਨੂੰ ਇਨਸਾਫ ਦਿਵਾਉਣ ਲਈ ਧਰਨੇ ’ਤੇ ਬੈਠੇ ਹਨ। ਉਹ ਆਪਣੀ ਹੀ ਪਾਰਟੀ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਹਨ ਕਿ ਇਸ ਕੇਸ ਵਿੱਚ ਤੁਰੰਤ ਸਹੀ ਤੇ ਨਿਰਪੱਖ ਤਰੀਕੇ ਨਾਲ ਜਾਂਚ ਕਰਕੇ ਮਹਿਲਾ ਨੂੰ ਇਨਸਾਫ਼ ਦਿੱਤਾ ਜਾਵੇ।